ਬਜ਼ੁਰਗ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਪਰਸ ਖੋਹ ਕੇ ਫਰਾਰ

02/18/2020 6:11:38 PM

ਜਲੰਧਰ (ਸੁਨੀਲ)— ਥਾਣਾ ਨੰ. 8 ਅਧੀਨ ਆਉਂਦੇ ਪਠਾਨਕੋਟ ਬਾਈਪਾਸ ਦੇ ਨੇੜੇ ਇਕ ਬਜ਼ੁਰਗ ਔਰਤ ਤੋਂ ਮੋਟਰਸਾਈਕਲ ਸਵਾਰ 2 ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ। ਸੁਖਜੀਤ ਕੌਰ ਨਿਵਾਸੀ ਭੋਗਪੁਰ ਆਪਣੇ ਭਰਾ ਨੂੰ ਮਿਲਣ ਸ਼ਾਮ 6 ਵਜੇ ਜਲੰਧਰ ਆਈ ਸੀ। ਜਦ ਉਹ ਪੈਦਲ ਆਪਣੇ ਭਰਾ ਦੇ ਘਰ ਸੰਤੋਖਪੁਰਾ ਵੱਲ ਜਾ ਰਹੀ ਸੀ ਤਾਂ ਪਿੱਛੋਂ ਬਿਨਾਂ ਨੰਬਰ ਦੇ ਕਾਲੇ ਰੰਗ ਦੇ ਪਲਸਰ 'ਤੇ 2 ਨੌਜਵਾਨ ਆਏ ਅਤੇ ਬਜ਼ੁਰਗ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਖੋਹਣ ਸਮੇਂ ਔਰਤ ਸੜਕ 'ਤੇ ਡਿਗ ਕੇ ਜ਼ਖਮੀ ਹੋ ਗਈ। ਲੋਕਾਂ ਨੇ ਬਜ਼ੁਰਗ ਔਰਤ ਨੂੰ ਉਠਾ ਕੇ ਪਾਣੀ ਪਿਆਇਆ ਅਤੇ ਘਟਨਾ ਬਾਰੇ ਪੁੱਛਿਆ।

ਮੌਕੇ 'ਤੇ ਥਾਣਾ 8 ਦੇ ਐੱਸ. ਆਈ. ਨਿਰਮਲ ਸਿੰਘ ਪਹੁੰਚੇ ਅਤੇ ਉਨ੍ਹਾਂ ਨੇ ਫੋਨ ਕਰ ਕੇ ਬਜ਼ੁਰਗ ਮਹਿਲਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ, ਜਿਸ 'ਤੇ ਉਹ ਮੌਕੇ 'ਤੇ ਪਹੁੰਚੇ। ਪਰਿਵਾਰ ਵਾਲਿਆਂ ਨੇ ਇਸ ਘਟਨਾ 'ਤੇ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਉਹ ਔਰਤ ਨੂੰ ਨਿੱਜੀ ਹਸਪਤਾਲ ਵਿਚ ਮੁਢਲੇ ਇਲਾਜ ਤੋਂ ਬਾਅਦ ਘਰ ਲੈ ਗਏ।

ਨਾਕੇ ਹੋ ਰਹੇ ਹਨ ਫੇਲ
ਜਲੰਧਰ ਪੁਲਸ ਜਗ੍ਹਾ-ਜਗ੍ਹਾ ਨਾਕੇ ਲਗਾ ਕੇ ਚੁਸਤ-ਦਰੁਸਤ ਹੋਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਨਾਕਿਆਂ ਦੇ ਬਾਵਜੂਦ ਲੁਟੇਰੇ ਆਪਣਾ ਕੰਮ ਕਰ ਕੇ ਫਰਾਰ ਹੋ ਜਾਂਦੇ ਹਨ। ਸ਼ਹਿਰ ਵਿਚ ਦਿਨ ਪ੍ਰਤੀ ਦਿਨ ਚੋਰੀ, ਪਰਸ ਖੋਹਣ, ਲੁੱਟ ਆਦਿ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਉਸ ਤੋਂ ਲੱਗਦਾ ਹੈ ਕਿ ਜੋ ਸ਼ਹਿਰ ਵਿਚ ਪੁਲਸ ਨਾਕੇ ਲਾ ਰਹੀ ਹੈ ਉਹ ਸੁਰੱਖਿਆ ਦੇ ਹਿਸਾਬ ਨਾਲ ਫੇਲ ਨਜ਼ਰ ਆ ਰਹੇ ਹਨ।

shivani attri

This news is Content Editor shivani attri