ਵਧਾਏ ਮਾਣ ਭੱਤੇ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ ਪੰਜਾਬ ਦੇ ਨੰਬਰਦਾਰਾਂ 'ਚ ਭਾਰੀ ਰੋਸ

06/16/2020 10:20:02 AM

ਜਲੰਧਰ (ਮਹੇਸ਼)— ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ (ਸਰਹਾਲੀ) ਨੇ ਕਿਹਾ ਹੈ ਕਿ ਫਰਵਰੀ ਮਹੀਨੇ 'ਚ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਦੇ ਨੰਬਰਦਾਰਾਂ ਦਾ ਮਾਣ ਭੱਤਾ 1500 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵਧਾਏ ਗਏ ਮਾਣ ਭੱਤੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ ਸੂਬੇ ਦੇ ਨੰਬਰਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਪ੍ਰਧਾਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਨੰਬਰਦਾਰਾਂ ਦੀ ਡਾਇਰੈਕਟਰੀ ਜਾਰੀ ਕਰਨ ਉਪਰੰਤ ਸੋਮਵਾਰ ਨੂੰ ਜਲੰਧਰ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਉਪਰੋਕਤ ਸਬੰਧੀ ਜਲਦੀ ਹੀ ਉਨ੍ਹਾਂ ਦੀ ਯੂਨੀਅਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲ ਕੇ ਉਨ੍ਹਾਂ ਕੋਲ ਆਪਣੀ ਮੰਗ ਰੱਖੇਗੀ।

ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀਆਂ ਹੋਰ ਲਟਕਦੀਆਂ ਜਾਇਜ਼ ਮੰਗਾਂ ਨੂੰ ਵੀ ਜਲਦੀ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੰਬਰਾਦਾਰਾਂ ਦੇ ਮੱਸਲੇ ਪਹਿਲ ਦੇ ਆਧਾਰ 'ਤੇ ਹੱਲ ਨਾ ਕੀਤੇ ਤਾਂ 2022 'ਚ ਆ ਰਹੀਆਂ ਚੋਣਾਂ 'ਚ ਮੌਜੂਦਾ ਸਰਕਾਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਅਨ ਦੇ ਮੈਂਬਰ ਕੋਰੋਨਾ ਮਾਹਾਮਾਰੀ ਕਾਰਨ ਆਏ ਸੰਕਟ ਕਾਰਨ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਸੇਵਾ ਕੀਤਾ ਜਾ ਰਹੀ ਹੈ।

ਉਨ੍ਹਾਂ ਨੇ ਜਲੰਧਰ ਜ਼ਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦਾ ਸਵਾਗਤ ਕਰਦੇ ਹੋਏ ਆਸ ਪ੍ਰਗਟਾਈ ਕਿ ਉਹ ਜ਼ਿਲੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਜ਼ਰੂਰ ਖਰੇ ਉਤਰਨਗੇ। ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਰਜੀਤ ਸਿੰਘ ਨੰਨਹੇੜਾ, ਗੁਰਨਾਮ ਸਿੰਘ ਰੋਪੜ, ਬਲਵੰਤ ਸਿੰਘ ਜੰਡੀ ਨਵਾਂਸ਼ਹਿਰ, ਦਿਲਬਾਗ ਸਿੰਘ ਅੰਮ੍ਰਿਤਸਰ, ਕੁਲਦੀਪ ਸਿੰਘ ਬੇਲੇਵਾਲ ਸੰਗਰੁਰ ਆਦਿ ਵੀ ਮੌਜੂਦ ਸਨ।

shivani attri

This news is Content Editor shivani attri