ਦਿੱਲੀ ’ਚ ਦਲਿਤ ਸੰਗਤਾਂ ਨਾਲ ਧੱਕੇਸ਼ਾਹੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ

08/23/2019 2:44:28 AM

ਹੁਸਿਆਰਪੁਰ, (ਘੁੰਮਣ)- ਤੁਗਲਕਾਬਾਦ ਦਿੱਲੀ ਵਿਖੇ ਇਤਿਹਾਸਕ ਪ੍ਰਾਚੀਨ ਸ੍ਰੀ ਗੁਰੂੁ ਰਵਿਦਾਸ ਮੰਦਰ ਨੂੰ ਢਾਹੁਣ ਅਤੇ ਗੁਰੂੁ ਰਵਿਦਾਸ ਜੀ ਦੇ ਸਰੂਪ ਦੀ ਬੇਅਦਬੀ ਕਰਨ ਦੇ ਰੋਸ ਵੱਜੋਂ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਜ਼ਾਰਾਂ ਸੰਗਤਾਂ ’ਤੇ ਭਾਰੀ ਲਾਠੀਚਾਰਜ ਕਰਨ ਅਤੇ ਸੰਗਤਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਸਥਾਨਕ ਪ੍ਰਭਾਤ ਚੌਕ ਹੁਸ਼ਿਆਰਪੁਰ ਵਿਖੇ ਸਮੂਹ ਦਲਿਤ ਜਥੇਬੰਦੀਆਂ ਨੇ ਇਕਜੁਟ ਹੋ ਕੇ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਪ੍ਰਭਾਤ ਚੌਕ ਕੁੱਝ ਸਮੇਂ ਲਈ ਜਾਮ ਕਰ ਦਿੱਤਾ।

ਇਸ ਮੌਕੇ ਨਾਇਬ ਤਹਿਸੀਲਦਾਰ ਰਾਹੀਂ ਮਾਣਯੋਗ ਰਾਸ਼ਟਰਪਤੀ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਜਾਮ ਦੌਰਾਨ ਦੋਵੇਂ ਪਾਸੇ ਆਉਣ ਜਾਣ ਵਾਲੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਭਾਰੀ ਪੁਲਸ ਫੋਰਸ ਨੇ ਟਰੈਫਿਕ ਹੋਰਨਾਂ ਰਸਤਿਆਂ ਤੋਂ ਲੰਘਾ ਕੇ ਆਵਾਜਾਈ ਚਾਲੂ ਕਰਵਾਈ। ਇਸ ਦੇ ਬਾਵਜੂਦ ਵੀ ਲੰਮਾ ਸਮਾਂ ਟਰੈਫਿਕ ਸਿਸਟਮ ਉਲਝਿਆ ਰਿਹਾ। ਦਲਿਤ ਆਗੂਆਂ ਨੇ ਕਿਹਾ ਕਿ ਮੰਦਰ ਦੀ ਦੁਬਾਰਾ ਨਵ-ਉਸਾਰੀ ਅਤੇ ਜ਼ਮੀਨ ਵਾਪਸੀ ਤੱਕ ਅੰਦੋਲਨ ਜਾਰੀ ਰਹੇਗਾ।

ਇਸ ਸਮੇਂ ਵੱਖ-ਵੱਖ ਦਲਿਤ ਜਥੇਬੰਦੀਆਂ ਦੇ ਆਗੂ ਅਸ਼ੋਕ ਸੱਲ੍ਹਣ, ਲਵਲੀ ਪੰਡੋਰੀ ਰੁਕਮਣ, ਅਨਿਲ ਬਾਘਾ, ਮਨੋਜ ਕੁਮਾਰ, ਵਿਕਾਸ ਹੰਸ, ਅਵਤਾਰ ਬੱਸੀ ਖਵਾਜੂ, ਤਾਰਾ ਚੰਦ, ਦੀਪੂ ਵਰਪਾਲ, ਨਰੇਸ਼ ਬੱਧਣ, ਸਾਭੀ ਮੱਲ, ਬਲਵਿੰਦਰ ਕੌਰ ਸਾਬਕਾ ਐੱਮ.ਸੀ., ਵਿਜੇ ਮੱਲ, ਗੱਗੀ, ਜੱਸਾ, ਲੱਕੀ, ਅਮਰਜੀਤ, ਚੰਦਨ ਬਸਰਾ, ਸੋਮ ਦੇਵ, ਸੁਖਦੇਵ, ਸਤੀਸ਼, ਅਦਿੱਤਿਆ, ਹਰੀ ਓਮ ਆਦਿ ਆਗੂ ਵੀ ਮੌਜੂਦ ਸਨ।

Bharat Thapa

This news is Content Editor Bharat Thapa