ਡਾਕਘਰ ਦੇ ਨੈੱਟ ਸਿਸਟਮ ''ਚ ਤਕਨੀਕੀ ਖਰਾਬੀ ਕਾਰਣ ਗਾਹਕ ਹੋ ਰਹੇ ਨੇ ਖੱਜਲ-ਖੁਆਰ

10/12/2019 12:02:17 PM

ਰੂਪਨਗਰ (ਕੈਲਾਸ਼)— ਜ਼ਿਲਾ ਮੁੱਖ ਦਫਤਰ 'ਤੇ ਸਥਿਤ ਮੁੱਖ ਡਾਕਘਰ ਦਾ ਕੰਪਿਊਟਰ ਸਿਸਟਮ ਪਿਛਲੇ 1 ਹਫਤੇ ਤੋਂ ਤਕਨੀਕੀ ਖਰਾਬੀ ਆ ਜਾਣ ਅਤੇ ਨੈੱਟ ਸਿਸਟਮ ਫੇਲ ਹੋ ਜਾਣ ਕਾਰਨ ਕਰੀਬ ਠੱਪ ਪਿਆ ਹੈ। ਇਸ ਕਰਕੇ ਡਾਕਘਰ ਦੇ ਗਾਹਕਾਂ ਨੂੰ ਲੈਣ-ਦੇਣ 'ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਣ 'ਤੇ ਜਦੋਂ ਡਾਕਘਰ ਦਾ ਦੌਰਾ ਕੀਤਾ ਗਿਆ ਤਾਂ ਉਥੇ ਗਾਹਕ ਕੰਪਿਊਟਰ ਸਿਸਟਮ ਚਾਲੂ ਹੋਣ ਦੇ ਇੰਤਜ਼ਾਰ 'ਚ ਬੈਠੇ ਸਨ। ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ 13 ਅਕਤੂਬਰ ਨੂੰ ਹੈ ਅਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਸਤੀਸ਼ ਕੁਮਾਰ ਸ਼ਰਮਾ ਉਰਫ ਬੱਬੂ ਸ਼ਰਮਾ ਜਿਸ ਦੀ ਲੜਕੀ ਦਾ ਵਿਆਹ 14 ਅਕਤੂਬਰ ਨੂੰ ਹੈ ਡਾਕਘਰ ਤੋਂ ਪੈਸੇ ਕੱਢਵਾਉਣ ਲਈ ਪਿਛਲੇ ਪੰਜ ਦਿਨਾਂ ਤੋਂ ਰੋਜ਼ਾਨਾ ਚੱਕਰ ਲਾ ਰਹੇ ਹਨ ਪਰ ਡਾਕਘਰ ਦਾ ਸਿਸਟਮ ਨਾ ਚੱਲਣ ਕਾਰਨ ਉਨ੍ਹਾਂ ਨੂੰ ਪੈਸੇ ਨਹੀਂ ਮਿਲ ਰਹੇ। ਅਸ਼ਵਨੀ ਕੁਮਾਰ ਉਰਫ ਬੌਬੀ ਖੰਨਾ ਪਿਛਲੇ ਤਿੰਨ ਦਿਨਾਂ ਤੋਂ ਡਾਕਘਰ ਤੋਂ ਪੈਸੇ ਕਢਵਾਉਣ ਲਈ ਪ੍ਰੇਸ਼ਾਨ ਹੋ ਰਹੇ ਹਨ। ਅਮਨ ਸ਼ਰਮਾ ਪਿੰਡ ਦੁੱਗਰੀ ਜੋ ਡਾਕਘਰ 'ਚ ਪੈਸੇ ਜਮ੍ਹਾ ਕਰਨ ਲਈ ਆਏ ਸੀ ਉਹ ਵੀ ਕੰਪਿਊਟਰ ਸਿਸਟਮ ਚੱਲਣ ਦੇ ਇੰਤਜ਼ਾਰ 'ਚ ਬੈਠੇ ਸੀ। ਇਸ ਦੇ ਇਲਾਵਾ ਕਮਲਜੀਤ, ਪਵਨ ਕੁਮਾਰ ਆਦਿ ਵੀ ਪੈਸੇ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨ ਰਹੇ ਸਨ। ਗਾਹਕਾਂ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਤੁਰੰਤ ਇਸ ਦਾ ਹੱਲ ਕਰਨ।

ਕੀ ਕਹਿੰਦੇ ਨੇ ਡਾਕਘਰ ਦੇ ਪੋਸਟਮਾਸਟਰ
ਜਦੋਂ ਡਾਕਘਰ ਦੇ ਪੋਸਟਮਾਸਟਰ ਰੇਸ਼ਮ ਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਡਾਕਘਰ ਦੇ ਕੰਪਿਊਟਰ ਸਿਸਟਮ 'ਚ ਪਿੱਛੋਂ ਤਕਨੀਕੀ ਖਰਾਬੀ ਦੇ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੁੰ ਸ਼ਿਕਾਇਤ ਭੇਜ ਚੁੱਕੇ ਹਨ। ਇਸ ਸਬੰਧ 'ਚ ਟੈਕਨਾਲੋਜੀ ਡਿਪਾਰਟਮੈਂਟ ਰੀਜਨਲ ਆਫਸ 'ਚ ਕੰਪਲੇਂਟ ਦਾਇਰ ਕਰਵਾਈ ਜਾ ਚੁੱਕੀ ਹੈ।

shivani attri

This news is Content Editor shivani attri