ਹੁਸ਼ਿਆਰਪੁਰ ’ਚ ਆਕਰਸ਼ਣ ਦਾ ਕੇਂਦਰ ਬਣੇ ਪਿੰਕ, ਮਾਡਲ ਅਤੇ ਪੀ. ਡਬਲਿਊ. ਡੀ. ਬੂਥ

02/19/2022 6:16:00 PM

ਹੁਸ਼ਿਆਰਪੁਰ (ਘੁੰਮਣ)-ਜ਼ਿਲ੍ਹੇ ’ਚ ਜਿਥੇ 1563 ਪੋਲਿੰਗ ਬੂਥਾਂ ’ਤੇ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਬਣਾਏ ਗਏ ਪਿੰਕ, ਮਾਡਲ ਅਤੇ ਪੀ. ਡਬਲਿਊ . ਡੀ. ਬੂਥ ਆਕਰਸ਼ਣ ਦਾ ਕੇਂਦਰ ਬਣ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ 7 ਵਿਧਾਨ ਸਭਾ ਹਲਕਿਆਂ ’ਚ ਜਨਾਰਨੀਆਂ ਵਲੋਂ ਸੰਚਾਲਿਤ 7 ਪਿੰਕ ਬੂਥ ਬਣਾਏ ਗਏ ਹਨ, ਜਿਨ੍ਹਾਂ ’ਚ ਆਰੀਆ ਗਰਲਜ਼ ਸੈਕੰਡਰੀ ਸਕੂਲ ਮੁਕੇਰੀਆਂ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਉੜਮੁੜ, ਸਰਕਾਰੀ ਐਲੀਮੈਂਟਰੀ ਸਕੂਲ ਕੱਕੋਂ (ਸ਼ਾਮਚੁਰਾਸੀ), ਪੀ. ਡੀ. ਆਰੀਆ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਸਰਕਾਰੀ ਐਲੀਮੈਂਟਰੀ ਸਕੂਲ ਮਹਿਣਾ (ਚੱਬੇਵਾਲ) ਅਤੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਸ਼ਾਮਲ ਹਨ।

ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ’ਚ 7 ਪੀ. ਡਬਲਿਊ. ਡੀ. ਬੂਥ ਵੀ ਬਣਾਏ ਗਏ ਹਨ, ਜੋ ਦਿਵਿਆਂਗਜਨ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਥਾਂ ’ਚ ਵਿਧਾਨ ਸਭਾ ਹਲਕਾ ਮੁਕੇਰੀਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲ ਮੰਝ, ਦਸੂਹਾ ਦਾ ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਰੋਡ ਦਸੂਹਾ, ਉੜਮੁੜ ਦਾ ਸਰਕਾਰੀ ਐਲੀਮੈਂਟਰੀ ਸਕੂਲ ਲਿੱਤਰ, ਸ਼ਾਮਚੁਰਾਸੀ ਦਾ ਸਰਕਾਰੀ ਐਲੀਮੈਂਟਰੀ ਸਕੂਲ ਸਿੰਗੜੀਵਾਲਾ, ਹੁਸ਼ਿਆਰਪੁਰ ਦਾ ਸਰਕਾਰੀ ਐਲੀਮੈਂਟਰੀ ਸਕੂਲ ਬਹਾਦਰਪੁਰ (ਗੰਜਾ), ਚੱਬੇਵਾਲ ਦਾ ਬੱਸੀ ਦੌਲਤ ਖਾਂ ਅਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦਾ ਸਰਕਾਰੀ ਐਲੀਮੈਂਟਰੀ ਸਕੂਲ ਬੀਨੇਵਾਲ ਸ਼ਾਮਲ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ’ਚ 59 ਮਾਡਲ ਪੋਲਿੰਗ ਬੂਥ ਵੀ ਬਣਾਏ ਗਏ ਹਨ, ਜਿਨ੍ਹਾਂ ’ਚ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਖੇ 9 ਮਾਡਲ ਪੋਲਿੰਗ ਬੂਥ, ਦਸੂਹਾ ਵਿਖੇ ਵੀ 9, ਉੜਮੁੜ ਵਿਖੇ 8, ਸ਼ਾਮਚੁਰਾਸੀ 8, ਹੁਸ਼ਿਆਰਪੁਰ 9, ਚੱਬੇਵਾਲ 8 ਅਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਖੇ 8 ਮਾਡਲ ਪੋਲਿੰਗ ਬੂਥ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਪਿੰਕ ਬੂਥਾਂ ’ਤੇ ਮਹਿਲਾ ਸਟਾਫ ਹੀ ਨਿਯੁਕਤ ਕੀਤਾ ਗਿਆ ਹੈ ਅਤੇ ਪੀ. ਡਬਲਿਊ. ਡੀ. ਬੂਥਾਂ ’ਤੇ ਦਿਵਆਂਗਜਨ ਸਟਾਫ਼ ਨੂੰ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਦਿਵਿਆਂਗਜਨ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵਧ-ਚੜ੍ਹ ਕੇ ਅੱਗੇ ਆ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1563 ਪੋਲਿੰਗ ਬੂਥਾਂ ’ਤੇ ਪੁਖਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ, ਤਾਂ ਜੋ ਵੋਟ ਪ੍ਰਕਿਰਿਆ ਨੂੰ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੋਟਰ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਪੂਰੇ ਉਤਸ਼ਾਹ ਨਾਲ ਵਰਤੋਂ ਕਰਨ।

Manoj

This news is Content Editor Manoj