ਦਲਿਤਾਂ 'ਤੇ ਹੋ ਰਹੇ ਜੁਲਮਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

01/09/2018 12:45:18 AM

ਫਗਵਾੜਾ— ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਲੋਕ ਇਨਸਾਫ ਪਾਰਟੀ ਦੇ ਆਗੂਆਂ ਵਲੋਂ ਜਰਨੈਲ ਨੰਗਲ ਦੀ ਅਗਵਾਈ 'ਚ ਸਥਾਨਕ ਨਗਰ ਨਿਗਮ ਕੰਪਲੈਕਸ 'ਚ ਘੇਰਾਓ ਕੀਤਾ ਗਿਆ, ਜਿਥੇ ਮੋਦੀ ਸਰਕਾਰ ਅਤੇ ਮੰਤਰੀ ਸਾਂਪਲਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਾਂਪਲਾ ਦੇਸ਼ 'ਚ ਦਲਿਤਾਂ 'ਤੇ ਹੋ ਰਹੇ ਜੁਲਮਾਂ ਦੇ ਰੋਸ਼ ਸਵਰੂਪ ਇਥੇ ਪਹੁੰਚੇ।
ਦਿਲਚਸਪ ਪਹਿਲੂ ਇਹ ਰਿਹਾ ਕਿ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਖਬਰ ਨਹੀਂ ਸੀ। 
ਲੋਕ ਇਨਸਾਫ ਪਾਰਟੀ ਦੇ ਕਾਰਜਕਰਤਾ ਬਿਨਾ ਕਿਸੇ ਸੂਚਨਾ ਦੇ ਨਗਰ ਨਿਗਮ ਕੰਪਲੈਕਸ 'ਚ ਉਦੋਂ ਇੱਕਠੇ ਹੋਏ, ਜਦੋਂ  ਵਿਜੇ ਸਾਂਪਲਾ ਨੇ ਫਗਵਾੜਾ 'ਚ ਹੋ ਰਹੇ ਵਿਕਾਸ ਸੰਬੰਧੀ ਬੈਠਕ ਕਰਨੀ ਸੀ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਕਾਰਜਕਰਤਾਵਾਂ ਨੇ ਹੱਥ 'ਚ ਕੇਂਦਰ ਸਰਕਾਰ ਵਿਰੋਧੀ ਬੈਨਰ ਫੜ੍ਹ ਕੇ ਸਾਂਪਲਾ ਖਿਲਾਫ ਨਾਅਰੇਬਾਜ਼ੀ ਕਰ ਕਾਲੀਆਂ ਝੰਡੀਆਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਸ ਛਾਉਣੀ ਬਣ ਗਿਆ ਨਗਰ ਨਿਗਮ ਕੰਪਲੈਕਸ 
ਕਾਰਜਕਰਤਾਵਾਂ ਨੇ ਮਹਾਰਾਸ਼ਟਰ ਦੇ ਕੋਰੇਗਾਓ ਅਤੇ ਪੁਣੇ 'ਚ ਦਲਿਤਾਂ 'ਤੇ ਹੋਏ ਹਮਲੇ ਦੀਆਂ ਘਟਨਾਵਾਂ 'ਤੇ ਭਾਰੀ ਰੋਸ਼ ਪ੍ਰਗਟ ਕਰਦੇ ਹੋਏ ਮੋਦੀ ਸਰਕਾਰ ਦਾ ਜੰਮ ਕੇ ਸਿਆਪਾ ਵੀ ਕੀਤਾ। ਜਾਰੀ ਘਟਨਾਕ੍ਰਮ ਦੀ ਸੂਚਨਾ ਮਿਲਦੇ ਹੀ ਪੂਰਾ ਨਗਰ ਨਿਗਮ ਇਲਾਕਾ ਦੇਖਦੇ ਹੀ ਦੇਖਦੇ ਪੁਲਸ ਛਾਉਣੀ ਬਣ ਗਿਆ ਅਤੇ ਇਸ ਤੋਂ ਬਾਅਦ ਮੌਕੇ 'ਤੇ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਪਹੁੰਚ ਗਏ ਪਰ ਰੋਸ਼ ਪ੍ਰਦਰਸ਼ਨ ਦਾ ਦੌਰ ਉਂਝ ਦਾ ਉਂਝ ਹੀ ਜਰਨੈਲ ਨੰਗਲ ਵਲੋਂ ਜਾਰੀ ਰੱਖਿਆ ਗਿਆ। ਇਸ ਤੋਂ ਬਾਅਦ ਨੰਗਲ ਨੇ ਸਾਥੀਆਂ ਸਮੇਤ ਸਾਂਪਲਾ ਦੇ ਕਰੀਬ ਜਾ ਕੇ ਰੋਸ਼ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪ੍ਰਸ਼ਾਸਨ ਤੇ ਮੌਕੇ 'ਤੇ ਮੌਜੂਦ ਰਹੇ ਸੀਨੀਅਰ ਅਫਸਰਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। 
ਸਾਂਪਲਾ ਕੋਲ ਨਹੀਂ ਸੀ ਜਰਨੈਲ ਦੇ ਸਵਾਲਾਂ ਦਾ ਜਵਾਬ
ਹਾਲਾਤ ਬੇਕਾਬੂ ਹੁੰਦੇ ਦੇਖ ਅਖੀਰ ਸਰਕਾਰੀ ਅਮਲੇ ਨੇ ਸਾਂਪਲਾ ਨਾਲ ਮੁਲਾਕਾਤ ਕਰ ਕੇ ਦਲਿਤਾਂ 'ਤੇ ਹੋ ਰਹੇ ਜੁਲਮਾਂ ਦੇ ਮੁੱਦੇ ਨੂੰ ਲੈ ਕੇ ਜਰਨੈਲ ਦੀ ਭੇਂਟ ਵਿਜੇ ਸਾਂਪਲਾ ਨਾਲ ਕਰਵਾਈ। ਜਿਥੇ ਜਰਨੈਲ ਨੇ ਮੰਤਰੀ ਸਾਂਪਲਾ ਨੂੰ ਇਕ ਤੋਂ ਬਾਅਦ ਇਕ ਸਵਾਲ ਕੀਤਾ, ਜਿਸ ਦਾ ਜਵਾਬ ਸਾਂਪਲਾ ਨੇ ਨਹੀਂ ਦਿੱਤਾ। ਇਸ ਮੌਕੇ 'ਤੇ ਜਰਨੈਲ ਨੇ ਕਿਹਾ ਕਿ ਦਲਿਤਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਵਾਲੀ ਮੋਦੀ ਸਰਕਾਰ ਦਲਿਤ ਵਿਰੋਧੀ ਹੈ, ਸਰਕਾਰ ਦਲਿਤਾਂ ਦੇ ਹੱਕ 'ਚ ਕੁੱਝ ਵੀ ਨਹੀਂ ਕਰ ਰਹੀ ਹੈ। ਦਲਿਤਾਂ 'ਤੇ ਹੋ ਰਹੇ ਜੁਲਮਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਕੇਂਦਰ ਸਰਕਾਰ ਸੰਵਿਧਾਨ ਵਿਰੋਧੀ ਹੈ। ਜਰਨੈਲ ਵਲੋਂ ਕੋਰੇਗਾਓ ਮਾਮਲੇ 'ਚ ਭਾਜਪਾ ਨੂੰ ਦੋਸ਼ੀ ਠਹਿਰਾਏ ਜਾਣ ਦੇ ਜਵਾਬ 'ਚ ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਕਿਤੇ ਦੋਸ਼ੀ ਨਹੀਂ ਹੈ, ਜੇਕਰ ਭਾਜਪਾ ਦਾ ਦੋਸ਼ ਸਾਬਤ ਹੋ ਜਾਵੇ ਤਾਂ ਉਹ ਸਭ ਤੋਂ ਪਹਿਲਾ ਅਸਤੀਫਾ ਦੇਣਗੇ।