ਫਗਵਾੜਾ ਵਿਖੇ ਏ. ਟੀ. ਐੱਮ. ’ਚੋਂ 23 ਲੱਖ ਨਹੀਂ, ਸਗੋਂ 21 ਲੱਖ 88000 ਕੈਸ਼ ਦੀ ਹੋਈ ਹੈ ਲੁੱਟ

03/14/2022 5:57:23 PM

ਫਗਵਾੜਾ (ਜਲੋਟਾ)- ਫਗਵਾੜਾ ਦੇ ਪਿੰਡ ਖਜੂਰਲਾ ’ਚ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ਤੋਂ ਅਣਪਛਾਤੇ ਲੁਟੇਰਿਆਂ ਵੱਲੋਂ ਕੀਤੀ ਗਈ ਲੱਖਾਂ ਦੀ ਲੁੱਟ ਦਾ ਮਾਮਲਾ ਕਈ ਘੰਟੇ ਬੀਤਣ ਤੋਂ ਬਾਅਦ ਵੀ ਜਿਉਂ ਦਾ ਤਿਉਂ ਵੱਡੀ ਪਹਿਲੀ ਬਣਿਆ ਹੋਇਆ ਹੈ। ਇਸ ਦੌਰਾਨ ਅਹਿਮ ਜਾਣਕਾਰੀ ਇਹ ਵੀ ਮਿਲੀ ਹੈ ਕਿ ਬੈਂਕ ਦੇ ਏ. ਟੀ. ਐੱਮ. ਤੋਂ ਕਰੀਬ 21 ਲੱਖ 88000 ਰੁਪਏ ਲੁੱਟੇ ਗਏ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਏ. ਟੀ. ਐੱਮ. ਲੁੱਟ ਸਬੰਧੀ 23 ਲੱਖ ਰੁਪਏ ਦੀ ਲੁੱਟ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਪੁਲਸ ਕੋਲ ਏ. ਟੀ. ਐੱਮ. ’ਚ ਹੋਈ ਲੁੱਟ ਦੀ ਵੀਡੀਓ, ਸੀ. ਸੀ. ਟੀ. ਵੀ. ਫੁਟੇਜ ਮੌਜੂਦ ਹੈ ਅਤੇ ਇਹ ਵੀ ਗੱਲ ਪੁਲਸ ਜਾਂਚ ਸਾਫ਼ ਹੋ ਗਈ ਹੈ ਕਿ ਲੁਟੇਰੇ ਬਰੀਜ਼ਾ ਕਾਰ ’ਚ ਆਏ ਸਨ ਪਰ ਆਨ ਰਿਕਾਰਡ ਹਾਲੇ ਤੱਕ ਪੁਲਸ ਵੱਲੋਂ ਨਾ ਤਾਂ ਇਸ ਮਾਮਲੇ ’ਚ ਕਿਸੇ ਵਿਅਕਤੀ ਨੂੰ ਸ਼ੱਕ ਦੀ ਬਿਨਾਅ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਲੁਟੇਰਿਆਂ ਦੀ ਅਸਲ ਪਛਾਣ ਹੋ ਸਕੀ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਗੈਸਟ ਹਾਊਸ ’ਚੋਂ ਰੰਗਰਲੀਆਂ ਮਨਾਉਂਦੇ ਫੜੇ ਗਏ ਮੁੰਡੇ-ਕੁੜੀਆਂ

ਪੁਲਸ ਨੇ ਐੱਸ. ਬੀ. ਆਈ. ਬੈਂਕ ਖਜੂਰਲਾ ਦੇ ਮੈਨੇਜਰ ਰਵੀ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ਼ ਧਾਰਾ 380,427 ਦੇ ਤਹਿਤ ਪੁਲਸ ਕੇਸ ਥਾਣਾ ਸਦਰ ਫਗਵਾੜਾ ਵਿਖੇ ਦਰਜ ਕੀਤਾ ਹੈ। ਪੁਲਸ ਕੇਸ ’ਚ ਰਵੀ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਏ. ਟੀ. ਐੱਮ. ’ਚੋਂ ਲੁਟੇਰਿਆਂ ਵੱਲੋਂ 21 ਲੱਖ 88 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਹੈ। ਰਵੀ ਕੁਮਾਰ ਨੇ ਦੱਸਿਆ ਹੈ ਕਿ ਉਹ ਦੋ ਸਾਲ ਤੋਂ ਸਟੇਟ ਬੈਂਕ ਪਿੰਡ ਖਜੂਰਲਾ ਵਿਖੇ ਬਤੌਰ ਮੈਨੇਜਰ ਡਿਊਟੀ ਕਰਦੇ ਹਨ ਅਤੇ 12 ਮਾਰਚ ਨੂੰ ਘਰ ਹਾਜ਼ਰ ਸੀ ਕਿ ਜਦੋਂ ਸਵੇਰੇ 6 ਵਜੇ ਸੁਖਵਿੰਦਰ ਸਿੰਘ ਡਰਾਈਵਰ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਭਾਰਤੀ ਸਟੇਟ ਬੈਂਕ ਖਜੂਰਲਾ ਦੇ ਏ. ਟੀ. ਐੱਮ. ਦਾ ਤਾਲਾ ਤੋਡ਼ ਕੇ ਅਣਪਛਾਤੇ ਲੁਟੇਰੇ ਕੈਸ਼ ਕੱਢ ਕੇ ਲੈ ਗਏ ਹਨ । ਉਹ ਜਦ ਮੌਕੇ ’ਤੇ ਪੁੱਜੇ ਤਾਂ ਵੇਖਿਆ ਕਿ ਏ. ਟੀ. ਐੱਮ. ਦੇ ਬਾਹਰਲੇ ਸ਼ਟਰ ਗੈਸ ਕਟਰ ਨਾਲ ਕੱਟੇ ਹੋਏ ਸਨ ਅਤੇ ਮਸ਼ੀਨ ’ਚ ਰੱਖੀ 21 ਲੱਖ 88 ਹਜ਼ਾਰ ਰੁਪਏ ਕੈਸ਼ ਗਾਇਬ ਸੀ।

ਇਹ ਵੀ ਪੜ੍ਹੋ: ਜਲੰਧਰ: ਗਊਆਂ ਦੇ ਹੋ ਰਹੇ ਕਤਲਾਂ ਨੂੰ ਲੈ ਕੇ ਹਿੰਦੂ ਨੇਤਾ ਭੜਕੇ, ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ

ਖ਼ਬਰ ਲਿਖੇ ਜਾਣ ਤੱਕ ਥਾਣਾ ਸਦਰ ਫਗਵਾੜਾ ਦੀ ਪੁਲਸ ਟੀਮਾਂ ਵੱਲੋਂ ਪਿੰਡ ਖਜੂਰਲਾ ਵਿਖੇ ਹੋਏ ਇਸ ਸਨਸਨੀਖੇਜ਼ ਲੁੱਟ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲ ਫਿਲਹਾਲ ਪੁਲਸ ਦੇ ਹੱਥ ਪੂਰੀ ਤਰ੍ਹਾਂ ਨਾਲ ਹਰ ਪੱਖੋਂ ਖਾਲੀ ਹਨ। ਪੁਲਸ ਨਾ ਤਾਂ ਲੁਟੇਰਿਆਂ ਦੀ ਪਛਾਣ ਕਰ ਪਾਈ ਹੈ ਅਤੇ ਨਾ ਹੀ ਲੁੱਟੀ ਗਈ ਲੱਖਾਂ ਰੁਪਏ ਦੀ ਰਕਮ ਸਬੰਧੀ ਕੁਝ ਪਤਾ ਚੱਲ ਸਕਿਆ ਹੈ। ਹਾਲਾਂਕਿ ਪੁਲਸ ਦੇ ਵੱਡੇ ਅਧਿਕਾਰੀ ਲਗਾਤਾਰ ਇਹੋ ਦਾਅਵੇ ਕਰ ਰਹੇ ਹਨ ਕਿ ਇਸ ਲੁੱਟ ਨੂੰ ਪੂਰੀ ਤਰ੍ਹਾਂ ਨਾਲ ਟਰੇਸ ਕਰਦੇ ਹੋਏ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਵੱਡਾ ਸਵਾਲ ਤਾਂ ਇਹੋ ਬਣਿਆ ਹੋਇਆ ਹੈ ਜਦ ਪੁਲਸ ਨੂੰ ਲੁਟੇਰਿਆਂ ਦੀ ਅਸਲ ਪਛਾਣ ਬਾਰੇ ਕੁਝ ਪਤਾ ਹੀ ਨਹੀਂ ਹੈ ਤਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਿਵੇਂ ਕੀਤਾ ਜਾਵੇਗਾ? ਮਾਮਲਾ ਫਗਵਾੜਾ ਸਮੇਤ ਆਸ ਪਾਸ ਦੇ ਇਲਾਕਿਆਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri