ਰਿੰਗ ਰੋਡ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ

11/17/2018 1:16:09 AM

ਰੂਪਨਗਰ,(ਕੈਲਾਸ਼)- ਸ਼ਹਿਰ ’ਚ ਠੀਕ ਨਗਰ ਕੌਂਸਲ ਦਫਤਰ ਦੇ ਨੇਡ਼ੇ ਟੁੱਟੀ ਖਸਤਾਹਾਲ ਸ਼ਹਿਰ ਦੀ ਰਿੰਗ ਰੋਡ ਜੋ ਪਿਛਲੇ ਦੋ ਸਾਲਾਂ ਤੋਂ ਨਵ-ਨਿਰਮਾਣ ਦੇ ਇੰਤਜ਼ਾਰ ’ਚ ਹੈ, ਦੇ ਕਾਰਨ ਸੈਂਕਡ਼ੇ ਹਾਦਸੇ ਹੋ ਚੁੱਕੇ ਹਨ, ਪਰ ਕਿਸੇ ਵੀ ਵਿਭਾਗ ਨੇ ਇਸ ਦੇ ਨਿਰਮਾਣ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ।
 ਜਾਣਕਾਰੀ ਅਨੁਸਾਰ ਉਕਤ ਰਿੰਗ ਰੋਡ ਜੋ ਪੁਰਾਣੇ ਪੁਲ ਤੋਂ ਲੈ ਕੇ, ਰਾਮਲੀਲਾ ਮੈਦਾਨ ਮਾਰਗ, ਲਹਿਰੀਸ਼ਾਹ ਮੰਦਰ ਮਾਰਗ, ਹਸਪਤਾਲ ਰੋਡ, ਬੇਲਾ ਚੌਕ ਤੋਂ ਹੋ ਕੇ ਕਲਿਆਣ ਸਿਨੇਮਾ ਵੱਲ ਜਾਂਦੀ ਹੈ, ਦਾ ਬੁਰਾ ਹਾਲ ਹੈ, ਜੇਕਰ ਇਹ ਕਿਹਾ ਜਾਵੇ ਕਿ ਟੋਇਆਂ ’ਚ ਸਡ਼ਕ ਬਣੀ ਹੈ ਤਾਂ ਗਲਤ ਨਹੀਂ ਹੋਵੇਗਾ। ਸ਼ਹਿਰ ਦੇ ਪ੍ਰਵੇਸ਼ ਮਾਰਗ ਸਰਹਿੰਦ ਨਹਿਰ ’ਤੇ ਬਣੇ ਪੁਰਾਣੇ ਪੁਲ ਅਤੇ ਕੌਂਸਲ ਦਫਤਰ ਦੇ ਨੇਡ਼ੇ ਕਰੀਬ 100 ਗਜ਼ ਦੀ ਸਡ਼ਕ ’ਚ ਹੀ 100 ਤੋਂ ਵੱਧ ਟੋਏ ਹਨ। ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਅਤੇ ਪੀ.ਡਬਲਿਊ.ਡੀ. ਵਿਭਾਗ ਦੇ ਐੱਸ.ਡੀ.ਓ. ਜਿਨ੍ਹਾਂ ਸਡ਼ਕ ਨਿਰਮਾਣ ਦੇ ਦਾਅਵੇ ਕੀਤੇ ਸਨ, ਉਹ ਵੀ ਖੋਖਲੇ ਸਾਬਤ ਹੋ ਚੁੱਕੇ ਹਨ ਅਤੇ ਉਕਤ ਸਥਾਨ ’ਤੇ ਟੁੱਟੀ ਸਡ਼ਕ ਦੇ ਕਾਰਨ ਲਿਖਾਰੀ ਸਭਾ ਦੇ ਵਿਦਵਾਨ ਪ੍ਰੀਤ  ਜੀ ਵੀ ਡਿੱਗਣ ਦੇ ਕਾਰਨ ਕਰੀਬ 10 ਮਹੀਨਿਆਂ ਤੋਂ ਘਰ ’ਚ ਰੈਸਟ ’ਤੇ ਹਨ। 
ਮੈਂ ਤਾਂ ਦਰਜਨਾਂ ਵਾਰ ਮੁੱਦਾ ਚੁੱਕਿਆ, ਪਰ ਕੌਂਸਲ ਨੇ ਪੈਸੇ ਨਹੀਂ ਜਮ੍ਹਾ ਕਰਵਾਏ : ਵਿਧਾਇਕ
 ਦੂਜੇ ਪਾਸੇ ਜਦੋਂ ਇਸ ਸਬੰਧ ’ਚ ਸ਼ਹਿਰ ਦੇ ਵਿਧਾਇਕ ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ, ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਸ਼ਹਿਰ ਦੇ ਪ੍ਰਵੇਸ਼ ਦੁਆਰ ’ਤੇ ਹੀ ਟੁੱਟੀ ਸਡ਼ਕ ਨੂੰ ਲੈ ਕੇ ਦਰਜਨਾਂ ਵਾਰ ਇਹ ਮਸਲਾ ਡੀ.ਸੀ. ਰੂਪਨਗਰ ਦੇ ਸਾਹਮਣੇ ਉਠਾ ਚੁੱਕੇ ਹਨ।  ਡਿਪਟੀ ਕਮਿਸ਼ਨਰ ਨੇ ਪੀ.ਡਬਲਿਊ.ਡੀ. ਵਿਭਾਗ ਦੇ ਐਕਸੀਅਨ ਨੂੰ ਵੀ ਮੀਟਿੰਗ ’ਚ ਬੁਲਾਇਆ ਪਰ ਨਗਰ ਕੌਂਸਲ ਵੱਲੋਂ ਰਾਸ਼ੀ ਜਮ੍ਹਾ ਨਾ ਕਰਵਾਏ ਜਾਣ ਕਾਰਨ ਮਾਮਲਾ ਲਟਕਿਆ ਹੈ। ਉਨ੍ਹਾਂ ਕਿਹਾ ਕਿ ਅਾਗਾਮੀ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਉਹ ਫਿਰ ਮਸਲੇ ਨੂੰ ਚੁੱਕਣਗੇ। ਬਸ ਹੁਣ ਸ਼ਹਿਰ ਨਿਵਾਸੀਆਂ ਦੀਆਂ ਨਜ਼ਰਾਂ ਵਿਧਾਇਕ ਅਮਰਜੀਤ ਸਿੰਘ ਸੰਦੋਆ ’ਤੇ ਟਿਕੀਆਂ ਹਨ।