ਪਟਿਆਲਾ ਤੇ ਮਾਨਸਾ ''ਚ ਹੋਏ ਲਾਠੀਚਾਰਜ ਖਿਲਾਫ ਅਧਿਆਪਕਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ

02/13/2019 10:29:49 AM

ਲੋਹੀਆਂ ਖਾਸ (ਮਨਜੀਤ)— ਅਧਿਆਪਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪਟਿਆਲਾ ਤੇ ਮਾਨਸਾ 'ਚ ਕੀਤੇ ਜਾ ਰਹੇ ਸੰਘਰਸ਼ ਸਮੇਂ ਪੁਲਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ 'ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਬਲਾਕ ਲੋਹੀਆਂ ਦੇ ਸਮੂਹ ਅਧਿਆਪਕਾਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਸਬ-ਤਹਿਸੀਲ ਮੂਹਰੇ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਇਸ ਤੋਂ ਪਹਿਲਾਂ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਮਾ. ਕੁਲਵਿੰਦਰ ਸਿੰਘ ਜੋਸਨ, ਮਾ. ਜਸਪਾਲ ਸਿੰਘ, ਮਾ. ਸ਼ਿਵ ਕੁਮਾਰ, ਮਾ. ਨਿਰਮਲ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਤੋਂ ਹਰ ਵਰਗ ਦੁਖੀ ਹੈ। ਅੱਜ ਅਧਿਆਪਕ ਦਿਹਾੜੀਦਾਰ ਤੋਂ ਵੀ ਘੱਟ ਆਮਦਨ 'ਤੇ ਕੰਮ ਕਰ ਰਹੇ ਹਨ, ਦੂਜਾ ਉਨ੍ਹਾਂ ਤੋਂ ਸਿੱਖਿਆ ਤੋਂ ਇਲਾਵਾ ਹੋਰ ਕੰਮ ਵੀ ਲਏ ਜਾਂਦੇ ਹਨ। ਜੇਕਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। 
ਜੇਕਰ ਸਰਕਾਰਾਂ ਨੇ ਜਲਦ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ ਤਨਖਾਹਾਂ ਅਤੇ ਹੋਰ ਹੱਕੀ ਮੰਗਾਂ ਨਾ ਮੰਨੀਆਂ ਤਾਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਹਰ ਮੋੜ-ਚੌਰਾਹੇ 'ਤੇ ਘੇਰਿਆ ਜਾਵੇਗਾ।

ਅਧਿਆਪਕ ਸੰਘਰਸ਼ ਕਮੇਟੀ ਦੇ ਝੰਡੇ ਹੇਠ ਅੱਜ ਇੱਥੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਆਪਣੇ ਗੁੱਸੇ ਤੇ ਰੋਹ ਦਾ ਪ੍ਰਗਟਾਵਾ ਕੀਤਾ। ਅਧਿਆਪਕ ਤੇ ਅਧਿਆਪਕਾਵਾਂ ਵੱਡੀ ਗਿਣਤੀ 'ਚ ਇਥੋਂ ਦੇ ਸਿਵਲ ਹਸਪਤਾਲ 'ਚ ਇਕੱਠੇ ਹੋਏ, ਜਿੱਥੋਂ ਉਹ ਕਸਬੇ ਦੀਆਂ ਗਲੀਆਂ, ਬਾਜ਼ਾਰਾਂ ਤੇ ਮੁਹੱਲਿਆਂ 'ਚੋਂ  ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਬੱਸ ਅੱਡੇ  ਪੁੱਜੇ। 

ਇਸ ਮੌਕੇ ਡੀ. ਟੀ. ਐੱਫ. ਦੇ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਕੋਟਲੀ, ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਬੇਅੰਤ ਸਿੰਘ ਭੱਦਮਾ, ਬੀ. ਐੱਡ. ਅਧਿਆਪਕ ਫਰੰਟ ਦੇ ਆਗੂ ਅਮਰਪ੍ਰੀਤ ਸਿੰਘ ਝੀਤਾ, ਐੱਸ. ਸੀ. ਬੀ. ਸੀ.  ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਮੇਜ ਲਾਲ ਹੀਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਸਵਰਨ ਸਿੰਘ ਸੰਗਤਪੁਰ, ਰਕੇਸ਼ ਕੁਮਾਰ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਗੁਰਬਖਸ਼ ਕੌਰ ਨੇ ਸੰਬੋਧਨ ਕੀਤਾ। 

ਉਨ੍ਹਾਂ ਕਿਹਾ ਕਿ ਸਰਕਾਰੀ ਜਬਰ ਦਾ ਟਾਕਰਾ ਤੇ ਮੰਗਾਂ ਨੂੰ ਸਾਂਝੇ ਤੇ ਤਿੱਖੇ ਸੰਘਰਸ਼ ਨਾਲ ਹੀ ਮੰਨਵਾਇਆ ਜਾ ਸਕਦਾ ਹੈ। ਡੀ. ਟੀ. ਐੱਫ. ਦੀ ਸੂਬਾਈ ਲੀਡਰਸ਼ਿਪ ਵੱਲੋਂ ਯੂਨੀਅਨ 'ਚੋਂ ਮੁਅੱਤਲ ਕੀਤੇ 9 ਸੂਬਾਈ ਆਗੂਆਂ ਨੂੰ ਬਹਾਲ ਕਰ ਕੇ ਉਨ੍ਹਾਂ ਨੂੰ ਵੀ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇ। ਰੋਸ ਰੈਲੀ ਤੋਂ ਉਪਰੰਤ ਅਧਿਆਪਕਾਂ ਨੇ ਸਰਕਾਰ ਦੀ ਅਰਥੀ ਫੂਕੀ ਤੇ ਆਉਣ ਵਾਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। 
ਆਦਮਪੁਰ,  (ਦਿਲਬਾਗੀ, ਚਾਂਦ, ਕਮਲਜੀਤ)-ਪਟਿਆਲਾ ਵਿਖੇ ਆਪਣੀਆਂ ਮੰਗਾਂ ਲਈ ਸ਼ਾਂਤੀਪੂਰਵਕ ਤਰੀਕੇ ਨਾਲ ਮਾਰਚ ਕਰਦੇ ਹੋਏ ਅਧਿਆਪਕਾਂ 'ਤੇ ਕੀਤੇ ਗਏ ਸਰਕਾਰੀ ਦਮਨ ਦੇ ਵਿਰੋਧ ਵਜੋਂ ਅਧਿਆਪਕ ਏਕਤਾ ਕਮੇਟੀ ਬਲਾਕ ਆਦਮਪੁਰ ਵਲੋਂ ਟਰੱਕ ਯੂਨੀਅਨ ਨੇੜੇ ਬੱਸ ਅੱਡਾ ਆਦਮਪੁਰ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। 

ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ  ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਅਧਿਆਪਕਾਂ 'ਤੇ ਜਬਰ ਕਰ ਕੇ ਇਸ ਸੰਵਿਧਾਨਕ ਹੱਕ ਨੂੰ ਖੋਹਿਆ ਹੈ। 

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੇ ਧਰਨਿਆਂ ਦੌਰਾਨ ਦਰੀ 'ਤੇ ਬੈਠਣ ਵਾਲੇ ਕੈਪ. ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਕੋਲ ਹੁਣ ਜੇਕਰ ਅਧਿਆਪਕਾਂ ਦੀਆਂ ਮੰਗਾਂ ਹੱਲ ਕਰਨ ਲਈ ਅਧਿਆਪਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਭੋਗਪੁਰ , (ਸੂਰੀ)- ਇਸ ਤੋਂ ਇਲਾਵਾ ਭੋਗਪੁਰ 'ਚ ਵੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਬਲਜਿੰਦਰ ਸਿੰਘ, ਲੈਕ. ਸੋਮਪਾਲ, ਰਣਵਿਜੇ ਸਿੰਘ, ਲਵਤਾਰ ਸਿੰਘ ਤੇ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰ ਸਨ।

Shyna

This news is Content Editor Shyna