ਪੰਚਾਂ-ਸਰਪੰਚਾਂ ਨੂੰ ਪੰਚਾਇਤੀ ਕੰਮਕਾਜ ਦੀ ਟ੍ਰੇਨਿੰਗ ਦੇਣ ਲਈ ਕੈਂਪ ਸ਼ੁਰੂ

03/15/2019 9:51:15 PM

ਫਗਵਾੜਾ, (ਹਰਜੋਤ) : ਪੰਚਾਂ-ਸਰਪੰਚਾਂ ਨੂੰ ਟ੍ਰੇਨਿੰਗ ਦੇਣ ਲਈ ਅੱਜ ਬੀ. ਡੀ. ਪੀ. ਓ. ਦਫਤਰ ਵਿਖੇ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਡੀ. ਪੀ. ਓ. ਹਰਬਲਾਸ ਬਾਗਲਾ ਨੇ ਦੱਸਿਆ ਕਿ ਪਹਿਲਾਂ 21 ਫਰਵਰੀ ਤੋਂ 14 ਮਾਰਚ ਤੱਕ ਕਲਸਟਰ ਪੱਧਰੀ ਕੈਂਪ ਲਾ ਕੇ ਸਰਪੰਚਾਂ ਅਤੇ ਪੰਚਾਂ ਨੂੰ ਪੰਚਾਇਤੀ ਕੰਮਕਾਜ ਦੀ ਟ੍ਰੇਨਿੰਗ ਦਿੱਤੀ ਗਈ ਪਰ ਜੋ ਪੰਚ-ਸਰਪੰਚ ਇਨਾਂ ਕੈਂਪਾਂ ਵਿਚ ਟ੍ਰੇਨਿੰਗ ਲੈਣ ਤੋਂ ਕਿਸੇ ਕਾਰਨ ਵਾਂਝੇ ਰਹਿ ਗਏ ਸਨ, ਉਨ੍ਹਾਂ ਦੀ ਸੁਵਿਧਾ ਲਈ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਪ੍ਰੋਫੈਸਰ ਬੂਟਾ ਸਿੰਘ ਸਟੇਟ ਰਿਸੋਰਸ ਪਰਸਨ, ਜੇ. ਈ. ਬਲਵਿੰਦਰ ਕੁਮਾਰ ਅਤੇ ਬਲਾਕ ਰਿਸੋਰਸ ਪਰਸਨ ਪ੍ਰੀਤਮ ਦਾਸ ਸਾਬਕਾ ਸਰਪੰਚ ਪਿੰਡ ਬੋਹਾਨੀ ਤੋਂ ਇਲਾਵਾ ਪੰਚਾਇਤ ਸਕੱਤਰਾਂ ਨੇ ਪੰਚਾਂ-ਸਰਪੰਚਾਂ ਨੂੰ ਪੰਚਾਇਤੀ ਰਾਜ ਐਕਟ 1994, 73ਵੀਂ ਸੰੰਵਿਧਾਨਕ ਸੋਧ, ਵਿਲੇਜ ਕਾਮਨ ਲੈਂਡ ਐਕਟ 1961, ਸੂਚਨਾ ਦਾ ਅਧਿਕਾਰ, ਸਿਹਤ ਸਿੱਖਿਆ ਅਤੇ ਸਫਾਈ, ਸੈਨੀਟੇਸ਼ਨ ਅਤੇ ਮਨਰੇਗਾ ਸਕੀਮਾਂ ਤੋਂ ਇਲਾਵਾ ਗ੍ਰਾਮ ਸਭਾ, ਗ੍ਰਾਮ ਪੰਚਾਇਤ ਪ੍ਰਣਾਲੀ ਸਬੰਧੀ ਮੀਟਿੰਗਾਂ, ਮਤਾ ਸਫਾਈ ਕਮੇਟੀਆਂ, ਗ੍ਰਾਮ ਪੰਚਾਇਤ ਯੋਜਨਾ, ਆਮਦਨ ਵਧਾਉਣ ਅਤੇ ਪੰਚਾਂ-ਸਰਪੰਚਾਂ ਦੇ ਅਧਿਕਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਬੀ. ਡੀ. ਪੀ. ਓ. ਬਾਗਲਾ ਨੇ ਕਿਹਾ ਕਿ ਜੋ ਸਰਪੰਚ ਅਤੇ ਮੈਂਬਰ ਪੰਚਾਇਤ ਪਿਛਲੇ ਦਿਨਾਂ ਵਿਚ ਲੱਗੇ ਟ੍ਰੇਨਿੰਗ ਕੈਂਪ ਦੌਰਾਨ ਟ੍ਰੇਨਿੰਗ ਨਹੀਂ ਲੈ ਸਕੇ ਉਹ ਇਸ ਵਿਸ਼ੇਸ਼ ਕੈਂਪ ਦਾ ਲਾਭ ਉਠਾਉਣ ਤਾਂ ਜੋ ਉਨ੍ਹਾਂ ਨੂੰ ਪੰਚਾਇਤ ਕੰਮਾਂ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਪੰਚਾਇਤ ਸਕੱਤਰ ਸੰਜੀਵ ਕੁਮਾਰ, ਮਲਕੀਤ ਚੰਦ, ਸੰਤੋਖ ਸਿੰਘ, ਲਖਵਿੰਦਰ ਕਲੇਰ, ਗੁਰਮੇਲ ਸਿੰਘ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਪੰਚ ਹਾਜ਼ਰ ਸਨ।
 

Deepak Kumar

This news is Content Editor Deepak Kumar