ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ ਪੰਚਾਇਤੀ ਚੋਣਾਂ : ਡੀ. ਸੀ.

12/12/2018 2:19:42 PM

ਕਪੂਰਥਲਾ/ਫਗਵਾੜਾ (ਗੁਰਵਿੰਦਰ ਕੌਰ, ਮਲਹੋਤਰਾ, ਹਰਜੋਤ)— ਜ਼ਿਲੇ ਵਿਚ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਪੂਰੇ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਬੀਤੇ ਦਿਨ ਸਥਾਨਕ ਵਿਰਸਾ ਵਿਹਾਰ ਵਿਖੇ ਸਬ-ਡਵੀਜ਼ਨਲ ਚੋਣਕਾਰ ਅਫਸਰਾਂ ਦੀ ਮੌਜੂਦਗੀ 'ਚ ਆਰ. ਓਜ਼ ਅਤੇ ਏ. ਆਰ. ਓਜ਼ ਨੂੰ ਸਿਖਲਾਈ ਦਿੱਤੇ ਜਾਣ ਮੌਕੇ ਆਪਣੇ ਸੰਬੋਧਨ 'ਚ ਕੀਤਾ। ਉਨ੍ਹਾਂ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਕੀਤੇ ਐਲਾਨ ਮੁਤਾਬਕ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 15 ਦਸੰਬਰ ਤੋਂ ਸ਼ੁਰੂ ਹੋਵੇਗੀ, ਜਿਸ ਲਈ ਜ਼ਿਲੇ 'ਚ 70 ਰਿਟਰਨਿੰਗ ਅਫ਼ਸਰ ਅਤੇ 70 ਸਹਾਇਕ ਰਿਟਰਨਿੰਗ ਅਫਸਰ ਨਿਰਧਾਰਿਤ ਸਥਾਨਾਂ 'ਤੇ ਨਾਮਜ਼ਦਗੀ ਪੱਤਰ ਪ੍ਰਾਪਤ ਕਰਨਗੇ। 

ਉਨ੍ਹਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ 15 ਤੋਂ ਸ਼ੁਰੂ ਹੋ ਕੇ 19 ਦਸੰਬਰ ਤੱਕ ਚੱਲੇਗੀ, ਜਿਸ ਲਈ ਸਬੰਧਤ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਆਪਣੀ ਡਿਊਟੀ ਸਬੰਧੀ ਹਦਾਇਤ ਪੁਸਤਿਕਾ ਦਾ ਡੂੰਘਾ ਅਧਿਐਨ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 21 ਦਸੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਜਿਨ੍ਹਾਂ ਪਿੰਡਾਂ 'ਚ ਲੋੜ ਪਵੇਗੀ, ਉਥੇ 30 ਦਸੰਬਰ 2018  ਨੂੰ ਸਵੇਰੇ 8.00 ਤੋਂ ਸ਼ਾਮ 4.00 ਵਜੇ ਤੱਕ ਮਤਦਾਨ ਹੋਵੇਗਾ ਅਤੇ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਵੀ ਮਤਦਾਨ ਅਮਲ ਮੁਕੰਮਲ ਹੋਣ ਦੇ ਤੁਰੰਤ ਬਾਅਦ ਸ਼ੁਰੂ ਕਰ ਕੇ ਕੀਤਾ ਜਾਵੇਗਾ। ਉਨ੍ਹਾਂ ਚੋਣ ਅਮਲ ਦੌਰਾਨ ਪੂਰੀ ਨਿਰਪੱਖਤਾ ਤੇ ਪਾਰਦਰਸ਼ਤਾ ਬਰਕਰਾਰ ਰੱਖਣ ਦੀ ਹਦਾਇਤ ਕਰਦਿਆਂ ਕਿਹਾ ਕਿ ਹਦਾਇਤ ਪੁਸਤਿਕਾ 'ਚ ਦਰਜ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। 

ਉਨ੍ਹਾਂ ਦੱਸਿਆ ਕਿ ਅੱਜ ਦੀ ਸਿਖਲਾਈ ਤੋਂ ਬਾਅਦ ਅਗਲੀ ਸਿਖਲਾਈ ਐੱਸ. ਡੀ. ਐੱਮਜ਼ ਆਪਣੇ ਪੱਧਰ 'ਤੇ ਕਰਵਾਉਣਗੇ। ਜ਼ਿਲਾ ਕਪੂਰਥਲਾ ਵਿਚ 546 ਗ੍ਰਾਮ ਪੰਚਾਇਤਾਂ ਵਿਖੇ 546 ਸਰਪੰਚਾਂ ਅਤੇ 3175 ਪੰਚਾਂ ਦੀਆਂ ਸੀਟਾਂ 'ਤੇ ਆਮ ਚੋਣਾਂ ਕਰਵਾਈਆਂ ਜਾਣੀਆਂ ਹਨ, ਜਿਨ੍ਹਾਂ ਲਈ ਕੁੱਲ 661 ਪੋਲਿੰਗ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਢਿੱਲਵਾਂ ਬਲਾਕ 'ਚ 87, ਕਪੂਰਥਲਾ 'ਚ 132, ਨਡਾਲਾ 'ਚ 89, ਫਗਵਾੜਾ 'ਚ 91 ਅਤੇ ਸੁਲਤਾਨਪੁਰ ਲੋਧੀ ਬਲਾਕ 'ਚ 147 ਗ੍ਰਾਮ ਪੰਚਾਇਤਾਂ ਵਿਚ ਚੋਣਾਂ ਹੋਣਗੀਆਂ, ਜਿਨ੍ਹਾਂ ਲਈ ਕ੍ਰਮਵਾਰ 104, 152, 109, 141 ਅਤੇ 155 ਪੋਲਿੰਗ ਕੇਂਦਰ ਬਣਾਏ ਗਏ ਹਨ।  ਸਕੱਤਰ ਜ਼ਿਲਾ ਪ੍ਰੀਸ਼ਦ ਗੁਰਦਰਸ਼ਨ ਕੁੰਡਲ ਵੱਲੋਂ ਆਰ. ਓਜ਼ ਅਤੇ ਏ. ਆਰ. ਓਜ਼ ਨੂੰ ਦਿੱਤੀ ਗਈ ਸਿਖਲਾਈ ਦੌਰਾਨ ਦੱਸਿਆ ਗਿਆ ਕਿ ਚੋਣ ਅਮਲ ਲਈ ਪੰਜਾਬ ਪੰਚਾਇਤੀ ਰਾਜ ਐਕਟ 1994, ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਅਤੇ ਪੰਜਾਬ ਪੰਚਾਇਤ ਇਲੈਕਸ਼ਨ ਰੂਲਜ਼ 1994 ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਨੂੰ 15 ਦਸੰਬਰ ਨੂੰ ਚੋਣ ਨੋਟੀਫਿਕੇਸ਼ਨ 'ਤੇ ਤੁਰੰਤ ਆਪੋ-ਆਪਣੇ ਅਧੀਨ ਪੈਂਦੇ ਗ੍ਰਾਮ ਪੰਚਾਇਤ ਚੋਣ ਖੇਤਰ ਲਈ ਸੈਕਸ਼ਨ 36 ਤਹਿਤ ਚੋਣ ਨੋਟਿਸ ਜਾਰੀ ਕਰ ਕੇ, ਉਸ ਵਿਚ ਨਾਮਜ਼ਦਗੀ ਪੱਤਰ ਲੈਣ ਦਾ ਸਥਾਨ, ਪੜਤਾਲ, ਵਾਪਸੀ ਦੀ ਮਿਤੀ ਤੇ ਸਥਾਨ ਅਤੇ ਮਤਦਾਨ ਦੀ ਮਿਤੀ ਅਤੇ ਸਮਾਂ ਸਪੱਸ਼ਟ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ। 

ਉਨ੍ਹਾਂ ਦੱਸਿਆ ਕਿ ਨਾਮਜ਼ਦਗੀ, ਪੜਤਾਲ ਤੇ ਵਾਪਸੀ ਅਮਲ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੀ ਹੋਵੇਗਾ। ਜਨਤਕ ਛੁੱਟੀ ਵਾਲੇ ਦਿਨ ਨਾਮਜ਼ਦਗੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਫ਼ੀਸ ਜਨਰਲ ਸ਼੍ਰੇਣੀ/ਬੀ. ਸ਼੍ਰੇਣੀ ਵਾਸਤੇ 100 ਰੁਪਏ ਅਤੇ ਐੱਸ. ਸੀ. ਸ਼੍ਰੇਣੀ ਵਾਸਤੇ 50 ਰੁਪਏ ਹੋਵੇਗੀ।ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ, ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐੱਸ. ਡੀ. ਐੱਮ. ਭੁਲੱਥ  ਗੁਰਸਿਮਰਨ ਸਿੰਘ ਢਿੱਲੋਂ, ਬੀ. ਡੀ. ਪੀ. ਓਜ਼ ਪਰਗਟ ਸਿੰਘ, ਸਤੀਸ਼ ਕੁਮਾਰ, ਸੇਵਾ ਸਿੰਘ ਅਤੇ ਹਰਬਲਾਸ, ਸੁਪਰਡੈਂਟ ਸਤਨਾਮ ਸਿੰਘ, ਸਾਹਿਲ ਓਬਰਾਏ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

shivani attri

This news is Content Editor shivani attri