ਓਵਰਲੋਡ ਟਰੈਕਟਰ-ਟਰਾਲੀ ਹਾਈਵੇਅ ਵਿਚਕਾਰ ਪਲਟੀ, ਵੱਡੇ ਹਾਦਸੇ ਤੋਂ ਬਚਾਅ

12/02/2023 6:43:42 PM

ਕਾਠਗੜ੍ਹ (ਰਾਜੇਸ਼)-  ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਤੜਕਸਾਰ ਪਿੰਡ ਸੁੱਧਾ ਮਾਜਰਾ ਤੋਂ ਥੋੜਾ ਅੱਗੇ ਇਕ ਓਵਰਲੋਡ ਭੁੰਗ ਵਾਲੀ ਟਰੈਕਟਰ-ਟਰਾਲੀ ਮਾਰਗ ਦੇ ਵਿਚਕਾਰ ਬੁਰੀ ਤਰ੍ਹਾਂ ਪਲਟ ਗਈ, ਜਿਸ ਨਾਲ ਜਾਨੀ ਅਤੇ ਵੱਡੇ ਹਾਦਸੇ ਤੋਂ ਤਾਂ ਬਚਾਅ ਹੋ ਗਿਆ ਪਰ ਇਕ ਪਾਸੇ ਦੀ ਟ੍ਰੈਫਿਕ ਮੁਕੰਮਲ ਬੰਦ ਹੋ ਗਈ ਸੀ। ਮੌਕੇ ’ਤੇ ਪਹੁੰਚੀ ਪੁਲਸ ਨੇ ਚਾਲਕ ’ਤੇ ਜਿੱਥੇ ਪਰਚਾ ਦਰਜ ਕੀਤਾ, ਉਥੇ ਹੀ ਚਾਰ ਹੋਰ ਭੁੰਗ ਵਾਲੀਆਂ ਟਰੈਕਟਰ-ਟਰਾਲੀਆਂ ਦੇ ਚਲਾਨ ਕੱਟੇ।

ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਮੁਖੀ ਇੰਸਪੈਕਟਰ ਪੰਕਜ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਇਕ ਭੁੰਗ ਵਾਲੀ ਓਵਰਲੋਡ ਟਰੈਕਟਰ-ਟਰਾਲੀ ਬਲਾਚੌਰ ਸਾਈਡ ਤੋਂ ਰੋਪੜ ਵੱਲ ਇਕ ਫੈਕਟਰੀ ’ਚ ਜਾ ਰਹੀ ਸੀ। ਜਦੋਂ ਉਹ ਪਿੰਡ ਸੁੱਧਾ ਮਾਜਰਾ ਤੋਂ ਥੋੜਾ ਅੱਗੇ ਪਹੁੰਚੀ ਤਾਂ ਤੇਜ਼ ਰਫਤਾਰੀ ਜਾਂ ਕਿਸੇ ਹੋਰ ਕਾਰਨ ਕਰ ਕੇ ਉਹ ਮਾਰਗ ਦੇ ਵਿਚਕਾਰ ਬੁਰੀ ਤਰ੍ਹਾਂ ਪਲਟ ਗਈ ਅਤੇ ਚੰਡੀਗੜ੍ਹ ਸਾਈਡ ਦੀ ਟ੍ਰੈਫਿਕ ਬੰਦ ਹੋ ਗਈ। ਇਸ ਹਾਦਸੇ ਦੀ ਸੂਚਨਾ ਜਿਉਂ ਹੀ ਉਨ੍ਹਾਂ ਨੂੰ ਮਿਲੀ ਤਾਂ ਉਹ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਭ ਤੋਂ ਪਹਿਲਾਂ ਖ਼ੁਦ ਮਸ਼ੀਨਰੀ ਦਾ ਪ੍ਰਬੰਧ ਕਰਕੇ ਪਲਟੀ ਟਰੈਕਟਰ-ਟਰਾਲੀ ਨੂੰ ਸਾਈਡ ’ਤੇ ਕਰਵਾਇਆ ਅਤੇ ਟ੍ਰੈਫਿਕ ਨੂੰ ਸੁਚਾਰੂ ਕੀਤਾ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਵਿਦੇਸ਼ ਦਾ ਵੀਜ਼ਾ, 50 ਫ਼ੀਸਦੀ ਅਰਜ਼ੀਆਂ ਰੱਦ

ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪਲਟੀ ਟਰੈਕਟਰ-ਟਰਾਲੀ ਦੇ ਦੋਸ਼ੀ ਚਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਜਦਕਿ ਆ ਰਹੀਆਂ ਚਾਰ ਹੋਰ ਓਵਰਲੋਡ ਭੁੰਗ ਵਾਲੀਆਂ ਟਰੈਕਟਰ-ਟਰਾਲੀਆਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਹਾਈਵੇ ਮਾਰਗ ’ਤੇ ਚੱਲਣ ਵਾਲੇ ਜਿਹੜੇ ਭੁੰਗ ਵਾਲੀਆਂ ਟਰੈਕਟਰ-ਟਾਲੀਆਂ ਦੇ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਨਾਲ ਸਖ਼ਤੀ ’ਚ ਪੇਸ਼ ਆਇਆ ਜਾਵੇਗਾ।

ਪਹਿਲੀ ਵਾਰ ਭੁੰਗ ਵਾਲੀਆਂ ਟਰੈਕਟਰ-ਟਰਾਲੀਆਂ ਖ਼ਿਲਾਫ਼ ਐਕਸ਼ਨ ’ਚ ਆਈ ਕਾਠਗੜ੍ਹ ਪੁਲਸ
ਜ਼ਿਕਰਯੋਗ ਹੈ ਕਿ ਰੂਪਨਗਰ-ਬਲਾਚੌਰ ਰਾਜਮਾਰਗ ’ਤੇ ਰੋਜ਼ਾਨਾ ਹੀ ਭੁੰਗ ਵਾਲੀਆਂ ਓਵਰਲੋਡ ਟਰੈਕਟਰ-ਟਰਾਲੀਆਂ ਦੀ ਆਵਾਜਾਈ ਰਹਿੰਦੀ ਹੈ ਅਤੇ ਅਕਸਰ ਹੀ ਇਹ ਮਾਰਗ ’ਤੇ ਜਾਂ ਪਲਟ ਜਾਂਦੀਆਂ ਹਨ ਜਾਂ ਫਿਰ ਇਨ੍ਹਾਂ ਦੇ ਭੁੰਗ ਫਟ ਜਾਂਦੇ ਹਨ, ਜਿਸ ਨਾਲ ਦੂਜੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਹਾਦਸਿਆਂ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ। ਇਕ ਤਾਂ ਅਜਿਹੀਆਂ ਟਰਾਲੀਆਂ ਓਵਰਲੋਡ ਹੁੰਦੀਆਂ ਹਨ ਅਤੇ ਦੂਜਾ ਉਨ੍ਹਾਂ ਦੇ ਚਾਲਕ ਬੜੀ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਚੱਲਦੇ ਹਨ ਜਿਸ ਕ ਰਕੇ ਹਾਦਸਿਆਂ ਦਾ ਖ਼ਦਸ਼ਾ ਵਧੇਰੇ ਬਣਿਆ ਰਹਿੰਦਾ ਹੈ, ਜਿਨ੍ਹਾਂ ’ਤੇ ਸ਼ਿਕੰਜਾ ਕੱਸਣ ਲਈ ਪਹਿਲੀ ਵਾਰ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਇੰਸਪੈਕਟਰ ਪੰਕਜ ਸ਼ਰਮਾ ਨੇ ਸਖ਼ਤਾਈ ਵਰਤਦੇ ਹੋਏ ਅੱਜ ਹਾਦਸੇ ਦੇ ਦੋਸ਼ੀ ਚਾਲਕ ਖ਼ਿਲਾਫ਼ ਜਿੱਥੇ ਪਰਚਾ ਦਰਜ ਕੀਤਾ ਹੈ, ਉੱਥੇ ਹੀ ਚਾਰ ਆ ਰਹੀਆਂ ਹੋਰ ਓਵਰਲੋਡ ਟਰੈਕਟਰ-ਟਰਾਲੀਆਂ ਦੇ ਚਲਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ : ਡਬਲ ਸਪਲਾਈ ਨਾਲ ਇੰਟਰ-ਕੁਨੈਕਟਡ ਹੋਣਗੇ ਸਬ-ਸਟੇਸ਼ਨ, ਪਾਵਰਕਾਮ ਨੇ ਦਿੱਤੇ ਇਹ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri