ਦੁਕਾਨਾਂ ’ਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਗ੍ਰਿਫ਼ਤਾਰ, 2 ਆਈਫੋਨ ਸਣੇ 23 ਮੋਬਾਇਲ ਬਰਾਮਦ

04/15/2023 12:42:30 PM

ਜਲੰਧਰ (ਵਰੁਣ)–ਚੌਂਕੀ ਫੋਕਲ ਪੁਆਇੰਟ ਦੀ ਪੁਲਸ ਨੇ ਹਰਗੋਬਿੰਦ ਨਗਰ ਵਿਚ ਰੇਡ ਕਰਕੇ ਇਕ ਚੋਰ ਗਿਰੋਹ ਦੇ ਮੈਂਬਰ ਨੂੰ ਚੋਰੀ ਦੇ 2 ਆਈਫੋਨ ਸਮੇਤ 23 ਮੋਬਾਇਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ 2 ਸਾਥੀ ਅਜੇ ਫ਼ਰਾਰ ਹਨ। ਫਿਲਹਾਲ ਅਜੇ ਤੱਕ 2 ਮੋਬਾਇਲਾਂ ਦੀਆਂ ਦੁਕਾਨਾਂ ਵਿਚ ਹੋਈਆਂ ਚੋਰੀਆਂ ਹੀ ਟਰੇਸ ਹੋ ਸਕੀਆਂ ਹਨ, ਜਦਕਿ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਹੋਰ ਵਾਰਦਾਤਾਂ ਵੀ ਟਰੇਸ ਹੋਣ ਦੀ ਉਮੀਦ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਓਮ ਬਹਾਦਰ ਪੁੱਤਰ ਸੰਤ ਬਹਾਦਰ ਨਿਵਾਸੀ ਧੋਬੀ ਮੁਹੱਲਾ ਵਜੋਂ ਹੋਈ ਹੈ।

ਥਾਣਾ ਨੰਬਰ 8 ਦੇ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ ਨਰਿੰਦਰ ਮੋਹਨ ਅਨੁਸਾਰ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਹਰਗੋਬਿੰਦ ਨਗਰ ਵਿਚ ਆਪਣੇ ਕੋਲ ਕਾਫ਼ੀ ਮੋਬਾਇਲ ਰੱਖ ਕੇ ਉਨ੍ਹਾਂ ਨੂੰ ਵੇਚਣ ਦੀ ਫਿਰਾਕ ਵਿਚ ਹੈ। ਅਜਿਹੇ ਵਿਚ ਪੁਲਸ ਨੇ ਤੁਰੰਤ ਉਥੇ ਰੇਡ ਕਰਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਤਲਾਸ਼ੀ ਲੈਣ ’ਤੇ 2 ਆਈਫੋਨ ਅਤੇ ਵੱਖ-ਵੱਖ ਕੰਪਨੀਆਂ ਦੇ 23 ਮੋਬਾਇਲ ਮਿਲੇ।

ਇਹ ਵੀ ਪੜ੍ਹੋ : ਹੁਣ ਅੰਮ੍ਰਿਤਪਾਲ ਦੇ ਮਾਮਲੇ 'ਚ NIA ਤੇ ਪੰਜਾਬ ਪੁਲਸ ਨੇ ਕਪੂਰਥਲਾ ਤੋਂ ਵਕੀਲ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਓਮ ਬਹਾਦਰ ਨੇ ਮੰਨਿਆ ਕਿ ਉਸ ਨੇ ਸੋਢਲ ਰੋਡ ’ਤੇ ਸਥਿਤ ਬਾਲਾਜੀ ਟੈਲੀਕਾਮ ਅਤੇ ਕਿਸ਼ਨਪੁਰਾ ਚੌਂਕ ਵਿਚ ਸਥਿਤ ਬ੍ਰਦਰਜ਼ ਟੈਲੀਕਾਮ ਵਿਚ ਆਪਣੇ 2 ਸਾਥੀਆਂ ਭਰਤ ਪ੍ਰਸਾਦ ਅਤੇ ਵਿਸ਼ਨੂ ਨਾਲ ਮਿਲ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਨੇ ਬਾਲਾਜੀ ਟੈਲੀਕਾਮ ਵਿਚੋਂ 3 ਨਵੇਂ ਅਤੇ 2 ਪੁਰਾਣੇ ਮੋਬਾਇਲ ਅਤੇ 50 ਹਜ਼ਾਰ ਰੁਪਏ ਚੋਰੀ ਕੀਤੇ ਸਨ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵਾਰਦਾਤਾਂ ਵਿਚ ਵਰਤਿਆ ਪਲਸਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਚੌਂਕੀ ਇੰਚਾਰਜ ਨਰਿੰਦਰ ਮੋਹਨ ਨੇ ਕਿਹਾ ਕਿ ਓਮ ਪ੍ਰਕਾਸ਼ ਨੂੰ ਸ਼ਨੀਵਾਰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਉਸ ਕੋਲੋਂ ਪੁੱਛਗਿੱਛ ਵਿਚ ਹੋਰ ਵਾਰਦਾਤਾਂ ਟਰੇਸ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਫ਼ਰਾਰ 2 ਮੁਲਜ਼ਮਾਂ ਦੀ ਭਾਲ ਵਿਚ ਵੀ ਰੇਡ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਬਕਾ CM ਚੰਨੀ ਦਾ ਵੱਡਾ ਖ਼ੁਲਾਸਾ, ਜੱਦੀ ਘਰ ਦੀ ਕੁਰਕੀ ਦੇ ਦਿੱਤੇ ਗਏ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri