ਬਸੰਤ ਪੰਚਮੀ ਮੌਕੇ ਕਮਿਸ਼ਨਰੇਟ ਪੁਲਸ ਨੇ ਚਾਈਨੀਜ਼ ਡੋਰ ਵੇਚਣ ਵਾਲੇ ਨੂੰ ਕੀਤਾ ਗ੍ਰਿਫਤਾਰ

02/14/2024 11:30:36 AM

ਜਲੰਧਰ (ਮਹੇਸ਼) : ਬਸੰਤ ਪੰਚਮੀ ਤੋਂ ਪਹਿਲਾਂ ਗੈਰ-ਕਾਨੂੰਨੀ ਚਾਈਨੀਜ਼ ਡੋਰ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਦਿਆਂ ਪੁਲਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਗੈਰ ਕਾਨੂੰਨੀ ਚਾਈਨੀਜ਼ ਡੋਰ ਵੇਚਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 30 ਚਾਈਨੀਜ਼ ਡੋਰ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਚਾਈਨੀਜ਼ ਡੋਰ ਮਨੁੱਖੀ ਜੀਵਨ ਲਈ ਬਹੁਤ ਵੱਡਾ ਖ਼ਤਰਾ ਹੈ, ਜਿਸ ਕਾਰਨ ਇਸ 'ਤੇ ਲੰਬੇ ਸਮੇਂ ਤੋਂ ਪਾਬੰਦੀ ਲਗਾਈ ਹੋਈ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਪੁਲਸ ਨੂੰ ਇੱਕ ਲੀਡ ਮਿਲੀ ਹੈ ਕਿ ਬਸੰਤ ਤਿਉਹਾਰ ਤੋਂ ਪਹਿਲਾਂ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਪਤੰਗ ਉਡਾਏ ਜਾਂਦੇ ਹਨ, ਕੁਝ ਸ਼ਰਾਰਤੀ ਅਨਸਰ ਪਾਬੰਦੀਸ਼ੁਦਾ ਚਾਈਨੀਜ਼ ਡੋਰ ਨੂੰ ਵੇਚ ਰਹੇ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਵੱਲੋਂ ਅਜਿਹੇ ਅਨਸਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਅਜੀਤ ਨਗਰ ਵਿਖੇ ਇੱਕ ਦੁਕਾਨ "ਦੁੱਗਲ ਬੇਕਰੀ" ਵਿੱਚ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਦੁਕਾਨ ਦਾ ਮਾਲਕ ਡੀਸੀਪੀ ਜਲੰਧਰ (ਯੂ/ਐੱਸ 144 ਸੀਆਰਪੀਸੀ) ਦੁਆਰਾ ਨਿਰਧਾਰਿਤ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਗੈਰ-ਕਾਨੂੰਨੀ ਚਾਈਨੀਜ਼ ਡੋਰ ਵੇਚ ਰਿਹਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਦੁਕਾਨ ਦੇ ਅੰਦਰੋਂ 30 ਚਾਈਨੀਜ਼ ਡੋਰ(ਗੱਟੂ) ਬਰਾਮਦ ਕੀਤੀਆਂ ਗਈਆਂ, ਜੋ ਕਿ ਕਾਨੂੰਨ ਦੀ ਘੋਰ ਉਲੰਘਣਾ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਵ ਕੁਮਾਰ ਪੁੱਤਰ ਨੰਦ ਕਿਸ਼ੋਰ ਵਾਸੀ 82/10 ਅਜੀਤ ਨਗਰ ਜਲੰਧਰ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 47 ਮਿਤੀ 11-02-2024 ਅ/ਧ 188 ਆਈਪੀਸੀ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦਾ ਅਜੇ ਤੱਕ ਕਿਸੇ ਵੀ ਅਪਰਾਧਿਕ ਪਿਛੋਕੜ ਦਾ ਪਤਾ ਨਹੀਂ ਲੱਗਾ ਹੈ।

Aarti dhillon

This news is Content Editor Aarti dhillon