ਨਰਸ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ''ਚ ਸਾਹਮਣੇ ਆਇਆ ਇਹ ਸੱਚ

12/11/2019 12:10:17 PM

ਜਲੰਧਰ (ਗੁਲਸ਼ਨ)— ਮਕਸੂਦਾਂ ਫਲਾਈਓਵਰ ਕੋਲ ਪੈਂਦੀਆਂ ਰੇਲ ਲਾਈਨਾਂ 'ਤੇ ਖੁਦਕੁਸ਼ੀ ਕਰਨ ਵਾਲੀ ਨਰਸ ਕ੍ਰਿਸਟੀਨਾ ਦੇ ਦੋਸਤ ਜਸਪ੍ਰੀਤ ਨੂੰ ਬੀਤੇ ਦਿਨ ਜੀ.ਆਰ.ਪੀ. ਨੇ ਗ੍ਰਿਫਤਾਰ ਕਰ ਲਿਆ। ਜਸਪ੍ਰੀਤ ਖਿਲਾਫ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਉਸ ਨੂੰ ਕੋਰਟ 'ਚ ਪੇਸ਼ ਕਰਕੇ 1 ਦਿਨ ਦਾ ਪੁਲਸ ਰਿਮਾਂਡ ਲਿਆ ਹੈ ਤਾਂ ਜੋ ਉਸ ਤੋਂ ਘਟਨਾ ਬਾਰੇ ਪੁੱਛਗਿੱਛ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ 2 ਦਸੰਬਰ ਨੂੰ ਸੈਕਰਡ ਹਾਰਟ ਹਸਪਤਾਲ 'ਚ ਨਰਸ ਦੀ ਨੌਕਰੀ ਜੁਆਇਨ ਕਰਨ ਵਾਲੀ ਕ੍ਰਿਸਟੀਨਾ (23) ਪੁੱਤਰੀ ਅਸ਼ੋਕ ਕੁਮਾਰ ਵਾਸੀ ਪਿੰਡ ਗਾਖਲ ਨੇ ਉਸ ਰਾਤ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕਾ ਦੇ ਪਿਤਾ ਅਸ਼ੋਕ ਕੁਮਾਰ ਨੇ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੂੰ ਲਿਖਤੀ ਸ਼ਿਕਾਇਤ ਦੇ ਕੇ ਘਟਨਾ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ।

ਜਾਂਚ ਦੌਰਾਨ ਅਸ਼ੋਕ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ ਜਸਪ੍ਰੀਤ ਨਾਂ ਦੇ ਨੌਜਵਾਨ ਨਾਲ ਫਰੈਂਡਸ਼ਿਪ ਸੀ। ਉਸ ਨੇ ਉਨ੍ਹਾਂ ਨੂੰ ਇਕ-ਦੋ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਜਸਪ੍ਰੀਤ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਬਰਬਾਦ ਕਰ ਦਿੱਤਾ ਹੈ। ਹੁਣ ਉਹ ਵਿਆਹ ਤੋਂ ਮਨ੍ਹਾ ਕਰ ਰਿਹਾ ਹੈ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹੈ ਅਤੇ ਖੁਦਕੁਸ਼ੀ ਕਰ ਲਵੇਗੀ। ਇਸ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਅਸ਼ੋਕ ਕੁਮਾਰ ਦੇ ਬਿਆਨਾਂ 'ਤੇ ਪੁਲਸ ਨੇ ਮੋਤੀ ਨਗਰ ਦੇ ਰਹਿਣ ਵਾਲੇ ਜਸਪ੍ਰੀਤ ਖਿਲਾਫ ਧਾਰਾ 306 ਤਹਿਤ ਮੁਕੱਦਮਾ ਦਰਜ ਕੀਤਾ ਸੀ, ਜਿਸ ਨੂੰ ਅੱਜ ਪੁਲਸ ਨੇ ਗ੍ਰਿਫਤਾਰ ਕਰ ਲਿਆ।

shivani attri

This news is Content Editor shivani attri