ਸਿਟੀ ਰੇਲਵੇ ਸਟੇਸ਼ਨ ’ਤੇ ਸਵੱਛਤਾ ਪੰਦਰਵਾੜੇ ਦੀਆਂ ਉੱਡੀਆਂ ਧੱਜੀਆਂ, ਥਾਂ-ਥਾਂ ਲੱਗੇ ਕੂੜੇ ਦੇ ਢੇਰ

10/02/2023 5:37:52 PM

ਜਲੰਧਰ (ਗੁਲਸ਼ਨ)- ਭਾਰਤੀ ਰੇਲਵੇ ਨੇ ਸਾਰੀਆਂ ਡਿਵੀਜ਼ਨਾਂ ਨੂੰ 16 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਪੰਦਰਵਾੜਾ ਮਨਾਉਣ ਦੇ ਨਿਰਦੇਸ਼ ਦਿੱਤੇ ਸਨ। ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡੀ. ਆਰ. ਐੱਮ. ਸੰਜੇ ਸਾਹੂ ਖੁਦ ਇਸ ਸਬੰਧੀ ਰੇਲਵੇ ਅਧਿਕਾਰੀਆਂ ਨੂੰ ਜਾਗਰੂਕ ਕਰਦੇ ਰਹੇ ਅਤੇ ਸਫ਼ਾਈ ਮੁਹਿੰਮ ’ਚ ਹਿੱਸਾ ਲੈਂਦੇ ਰਹੇ। ਐਤਵਾਰ ਨੂੰ ਰੇਲਵੇ ਪ੍ਰਸ਼ਾਸਨ ਨੇ ‘ਇਕ ਤਰੀਕ-ਇਕ ਘੰਟਾ’ ਮੁਹਿੰਮ ਤਹਿਤ ਕਿਰਤ ਦਾਨ ਕੀਤਾ।

ਇਸ ਸਬੰਧੀ ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਸਟੇਸ਼ਨ ਦੇ ਅੰਦਰ ਸਫ਼ਾਈ ਪੰਦਰਵਾੜੇ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਸਨ। ਰਿਜ਼ਰਵੇਸ਼ਨ ਸੈਂਟਰ ਅਤੇ ਬੁਕਿੰਗ ਦਫ਼ਤਰ ਦੇ ਸਾਹਮਣੇ ਲੱਗੇ ਡਸਟਬਿਨ ਕੂੜੇ ਨਾਲ ਭਰੇ ਪਏ ਸਨ, ਜਿਸ ਕਾਰਨ ਬਦਬੂ ਫੈਲ ਰਹੀ ਸੀ ਅਤੇ ਲੋਕਾਂ ਨੂੰ ਡਸਟਬਿਨ ਨੇੜੇ ਖੜ੍ਹ ਕੇ ਟਿਕਟ ਬੁਕਿੰਗ ਲਈ ਫਾਰਮ ਭਰਨ ਲਈ ਮਜਬੂਰ ਹੋਣਾ ਪਿਆ। ਰੇਲਵੇ ਲਾਈਨਾਂ ਦੇ ਅੰਦਰ ਵੀ ਗੰਦਗੀ ਫੈਲੀ ਹੋਈ ਸੀ। ਪਲੇਟਫਾਰਮ ਨੰ. 1 ਦੀਆਂ ਰੇਲਵੇ ਲਾਈਨਾਂ ਨਾਲ ਗੰਦਗੀ ਦੇ ਢੇਰ ਲੱਗੇ ਹੋਏ ਸਨ, ਜੋ ਸਫ਼ਾਈ ਮੁਹਿੰਮ ਦਾ ਮੂੰਹ ਚਿੜਾ ਰਹੇ ਸਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰਵਨੀਤ ਬਿੱਟੂ 'ਤੇ ਬਿਕਰਮ ਮਜੀਠੀਆ ਦਾ ਤੰਜ

ਸਟੇਸ਼ਨ ਕੰਪਲੈਕਸ ਦੇ ਅੰਦਰ ਸਵੇਰੇ 11 ਵਜੇ ਦੇ ਕਰੀਬ ਪਲੇਟਫਾਰਮਾਂ ਦੇ ਫਰਸ਼ ਇੰਨੇ ਗੰਦੇ ਸਨ ਕਿ ਸਫ਼ਾਈ ਕਰਮਚਾਰੀਆਂ ਨੇ ਪੋਚਾ ਤਕ ਵੀ ਨਹੀਂ ਲਾਇਆ ਸੀ। ਯਾਤਰੀਆਂ ਨੇ ਕਿਹਾ ਕਿ ਜੇਕਰ ਸਫ਼ਾਈ ਪੰਦਰਵਾੜੇ ਦੌਰਾਨ ਸਟੇਸ਼ਨ ’ਤੇ ਇਹ ਹਾਲ ਹੈ ਤਾਂ ਬਾਕੀ ਦਿਨਾਂ ’ਚ ਕੀ ਹੋਵੇਗਾ। ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਦੂਜੇ ਪਾਸੇ ਸਟੇਸ਼ਨ ਦੇ ਸਰਕੂਲੇਸ਼ਨ ਏਰੀਏ ’ਚ ਕਈ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਨਜ਼ਰ ਆਏ। ਸਿਟੀ ਰੇਲਵੇ ਸਟੇਸ਼ਨ ਤੋਂ ਕੁਝ ਕਦਮ ਦੂਰ ਪਲੇਟਫਾਰਮ ਨੰ. 5 ਦੀ ਕੰਧ ਦੇ ਬਾਹਰ ਲੱਗੇ ਡੰਪ ਵੀ ਕੂੜੇ ਨਾਲ ਭਰੇ ਪਏ ਸਨ।

ਐਤਵਾਰ ਨੂੰ ਡੀ. ਆਰ. ਐੱਮ. ਸੰਜੇ ਸਾਹੂ ਇਕ ਵੀਡੀਓ ’ਚ ਦਾਅਵਾ ਕਰ ਰਹੇ ਸਨ ਕਿ ਕੂੜਾ ਡੰਪ ਨੂੰ ਇਸ ਤਰ੍ਹਾਂ ਸਾਫ਼ ਕੀਤਾ ਗਿਆ ਹੈ ਜਿਵੇਂ ਕਿ ਉੱਥੇ ਕਦੇ ਕੂੜਾ ਨਹੀਂ ਸੁੱਟਿਆ ਗਿਆ ਸੀ। ਸ਼ਾਇਦ ਉਹ ਫ਼ਿਰੋਜ਼ਪੁਰ ਦੀ ਗੱਲ ਕਰ ਰਹੇ ਹਨ ਪਰ ਜਲੰਧਰ ਸ਼ਹਿਰ ਦੀ ਹਾਲਤ ਇਸ ਤੋਂ ਕਿਤੇ ਜ਼ਿਆਦਾ ਖ਼ਰਾਬ ਦਿਖਾਈ ਦਿੱਤੀ। ਇਸ ਸਬੰਧੀ ਜਦੋਂ ਰੇਲਵੇ ਦੇ ਚੀਫ਼ ਹੈਲਥ ਇੰਸ. ਮਨੋਜ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri