ਨਿਮਿਸ਼ਾ ਮਹਿਤਾ ਨੇ ਰੌੜੀ ਵੱਲੋਂ ਜਾਰੀ ਕੀਤੀ ਮਕਾਨਾਂ ਵਾਲੀ ਗਰਾਂਟ ਦੀ ਜਾਣਕਾਰੀ ਕੀਤੀ ਜਨਤਕ

06/17/2023 3:27:41 PM

ਗੜ੍ਹਸ਼ੰਕਰ- ਭਾਜਪਾ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਪੱਤਰਕਾਰ ਸੰਮੇਲਨ ਕਰਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੌੜੀ ਵੱਲੋਂ ਬਤੌਰ ਡਿਪਟੀ ਸਪੀਕਰ ਮਕਾਨਾਂ ਦੀ ਉਸਾਰੀ ਲਈ ਜਾਰੀ ਕੀਤੀ ਗਰਾਂਟ ਵਿਚ ਇਕ ਵਾਰ ਫਿਰ ਤੋਂ ਹੇਰਾ-ਫੇਰੀ ਅਤੇ ਆਪਣੇ ਚਹੇਤਿਆਂ ਨੂੰ ਸੀਰਣੀ ਵੰਡਣ ਦੇ ਦੋਸ਼ ਲਾਏ ਹਨ। ਜਾਰੀ ਕੀਤੀ ਗਈ ਗਰਾਂਟ ਵਿਚ ਹੇਰਾ-ਫੇਰੀ ਦੇ ਦੋਸ਼ ਲਾਉਂਦੇ ਹੋਏ ਨਿਮਿਸ਼ਾ ਮਹਿਤਾ ਨੇ ਆਰ. ਟੀ. ਆਈ. ਅਧੀਨ ਲਈ ਗਈ ਗਰਾਂਟ ਦੀ ਵੰਡ ਦੀ ਕਾਪੀ ਅਤੇ ਗਰਾਂਟ ਜਾਰੀ ਕਰਨ ਦੇ ਨਿਯਮਾਂ ਨੂੰ ਗੜ੍ਹਸ਼ੰਕਰ ਪ੍ਰੈੱਸ ਰਾਹੀ ਜਨਤਕ ਕੀਤਾ ਹੈ।  ਆਰ. ਟੀ. ਆਈ. ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦੇ ਕੇ ਨਿਮਿਸ਼ਾ ਮਹਿਤਾ ਨੇ ਉਨ੍ਹਾਂ ਨੂੰ ਅਪੀਲ ਕੀਤੀ ਮਕਾਨਾਂ ਦੀਆਂ ਗਰਾਂਟਾਂ ਪ੍ਰਾਪਤ ਕਰਨ ਵਾਲੇ ਹਰ ਕੇਸ ਨੂੰ ਉਹ ਆਪਣੇ ਪੱਧਰ 'ਤੇ ਵੈਰੀਫਾਈ ਕਰਨ ਕਿ ਉਸ ਨੇ ਨਵਾਂ ਮਕਾਨ ਬਣਾਇਆ ਹੈ ਜਾਂ ਨਹੀਂ ਕਿਉਂਕਿ 50-50 ਹਜ਼ਾਰ ਦੀ ਗਰਾਂਟ ਮਕਾਨ ਦੀ ਉਸਾਰੀ ਲਈ ਦਿੱਤੀ ਗਈ ਹੈ। 

ਇੰਨਾ ਹੀ ਨਹੀਂ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਆਮ ਲੋਕਾਂ ਨੂੰ ਪਿੰਡ-ਪਿੰਡ ਇਸ ਆਰ. ਟੀ. ਆਈ. ਤਹਿਤ ਲਈ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਜਾਂਚ ਪੜਤਾਲ ਕਰਨ ਦੀ ਅਪੀਲ ਕੀਤੀ ਤਾਂਕਿ ਗੜ੍ਹਸ਼ੰਕਰ ਦੀ ਜਨਤਾ ਨੂੰ ਡਿਪਟੀ ਸਪੀਕਰ ਦੇ ਅਸਲੀ ਕੋੜੇ ਸੱਚਾਂ ਦਾ ਪਤਾ ਲੱਗ ਸਕੇ। ਨਿਮਿਸ਼ਾ ਨੇ ਕਿਹਾ ਕਿ ਇਕ-ਅੱਧੇ ਕੇਸ ਨੂੰ ਛੱਡ ਕੇ ਸਾਰੀ ਗਰਾਂਟ ਜੋ ਘਰਾਂ ਦੀ ਰਿਪੇਅਰ ਲਈ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਏ ਅਖ਼ਤਿਆਰੀ ਗਰਾਂਟ ਨਿਯਮਾਂ 2023 ਨੂੰ ਛਿੱਕੇ ਟੰਗ ਕੇ ਹੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ-ਕੈਨੇਡਾ ਬੈਠੇ ਨੌਜਵਾਨ ਨੇ ਪਹਿਲਾਂ ਔਰਤ ਨੂੰ ਵਿਖਾਏ ਵੱਡੇ ਸੁਫ਼ਨੇ, ਫਿਰ ਜਿਸਮਾਨੀ ਸੰਬੰਧ ਬਣਾ ਕੀਤਾ ਘਟੀਆ ਕਾਰਾ

ਭਾਜਪਾ ਨੇਤਾ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਖ਼ਤਿਆਰੀ ਗਰਾਂਟ ਨਿਯਮ 13-ਸੀ ਅਨੁਸਾਰ ਘਰ ਦੀ ਮੁਰੰਮਤ ਲਈ ਡਿਪਟੀ ਸਪੀਕਰ 15 ਹਜ਼ਾਰ ਹੀ ਦੇ ਸਕਦੇ ਹਨ। ਘਰ ਦੀ ਨਵੀਂ ਉਸਾਰੀ ਲਈ 50 ਹਜ਼ਾਰ ਰੁਪਏ, ਪਰ ਡਿਪਟੀ ਸਪੀਕਰ ਨੇ ਪਹਿਲਾਂ ਤੋਂ ਬਣੇ ਹੋਏ ਪੱਕੇ ਮਕਾਨਾਂ ਨੂੰ 50-50 ਹਜ਼ਾਰ ਦੇ ਚੈੱਕ ਜਾਰੀ ਕਰ ਦਿੱਤੇ ਹਨ, ਉਹ ਵੀ ਆਪਣੇ ਚਹੇਤਿਆਂ ਨੂੰ। ਨਿਮਿਸ਼ਾ ਨੇ ਕਿਹਾ ਕਿ ਇਹ ਸਾਰਾ ਵੇਰਵਾ ਜਨਤਕ ਹੋਣ ਨਾਲ ਲੋਕ ਆਪ ਇਸ ਗੱਲ ਨੂੰ ਵੈਰੀਫਾਈ ਕਰ ਸਕਣਗੇ ਕਿ ਪੈਸੇ ਆਮ ਆਦਮੀ ਪਾਰਟੀ ਦੇ ਚਹੇਤੇ ਨੂੰ ਦਿੱਤੇ ਗਏ ਹਨ ਤਾਂ ਇਹ ਵੀ ਜਨਤਾ ਆਪਣੇ ਪੱਧਰ 'ਤੇ ਘੋਖ ਲਵੇਗੀ ਕਿ ਸੱਚਮੁੱਚ ਖ਼ਸਤਾ ਆਰਥਿਕ ਹਾਲਤ ਵਾਲੇ ਗ਼ਰੀਬ ਨੂੰ ਮਕਾਨ ਦੀ ਉਸਾਰੀ ਲਈ ਪੈਸੇ ਜਾਰੀ ਕੀਤੇ ਗਏ ਹਨ ਜਾਂ ਪਹਿਲਾਂ ਤੋਂ ਪੱਕੇ ਮਕਾਨ ਵਿਚ ਰਹਿਣ ਵਾਲੇ ਨੂੰ। ਉਨ੍ਹਾਂ ਪਿੰਡ ਝੁਣੋਵਾਲ ਦੇ ਗੁਲਜਿੰਦਰ ਸਿੰਘ ਦੀ ਕੋਠੀ ਦੀਆਂ ਤਸਵੀਰਾਂ ਜਾਰੀ ਕਰਦੇ ਡਿਪਟੀ ਸਪੀਕਰ ਨੂੰ ਇਸ ਕਾਣੀ ਵੰਡ 'ਤੇ ਝੁਣੋਵਾਲ ਇਸੇ ਆਲੀਸ਼ਾਨ ਕੋਠੀ ਦੇ ਬਾਹਰ ਜਨਤਕ ਬਹਿਸ ਕਰਨ ਦੀ ਚੁਣੌਤੀ ਦਿੱਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਪਿੰਡ ਕਿੱਤਨਾ ਦੇ ਜਗਤਾਰ ਸਿੰਘ ਦੇ ਡਬਲ ਸਟੋਰੀ ਮਕਾਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਅਤੇ ਪਿੰਡ ਖੁਰਾਲੀ ਦੇ ਗੁਰਭਾਗ ਸਿੰਘ ਦੇ ਆਲੀਸ਼ਾਨ ਮਕਾਨ ਦੀ ਵੀਡੀਓ ਅਤੇ ਤਸਵੀਰਾਂ ਵੀ ਜਨਤਕ ਕੀਤੀਆਂ ਅਤੇ ਕਿਹਾ ਕਿ ਉਹ ਰੋੜੀ ਨਾਲ ਇਥੇ ਵੀ ਜਨਤਕ ਬਹਿਸ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ

ਜੇਕਰ ਰੋੜੀ ਆਪਣੇ-ਆਪ ਨੂੰ ਇੰਨਾ ਹੀ ਸੱਚਾ ਸਾਬਤ ਕਰਨ ਵਿਚ ਦਿਲਚਸਪੀ ਰੱਖਦੇ ਹਨ ਪਿੰਡ ਝੁਣੋਵਾਲ ਆਪਣੇ ਪਾਰਟੀ ਵਰਕਰ ਦੀ ਇਸ ਆਲੀਸ਼ਾਨ ਕੋਠੀ ਨੂੰ ਦਿੱਤੇ 50 ਹਜ਼ਾਰ ਬਾਰੇ ਹਲਕਾ ਵਾਸੀਆਂ ਨੂੰ ਕੋਠੀਆਂ ਦੇ ਬਾਹਰ ਆ ਕੇ ਸਪਸ਼ਟੀਕਰਨ ਦੇਣ ਤਾਂ ਜੋ ਹਲਕਾ ਗੜ੍ਹਸ਼ੰਕਰ ਦੇ ਗ਼ਰੀਬਾਂ ਨੂੰ ਪਤਾ ਲੱਗ ਸਕੇ ਕਿ ਗ਼ਰੀਬਾਂ ਨੂੰ ਅਣਗੌਲਿਆਂ ਕਰਕੇ ਇਹੋ ਜਿਹੇ ਪੱਕੇ ਮਕਾਨਾਂ ਵਾਸਤੇ 50-50 ਹਜ਼ਾਰ ਦੇ ਚੈੱਕਾਂ ਦੀ ਵਰਖਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਰ. ਟੀ. ਆਈ. ਤਹਿਤ ਹਾਸਲ ਕੀਤੀ ਇਸ ਜਾਣਕਾਰੀ ਨੂੰ ਸੋਸ਼ਲ ਮੀਡੀਆ ਰਾਹੀ ਵੀ ਜਨਤਕ ਕਰਨਗੇ ਤਾਂ ਜੋ ਡਿਪਟੀ ਸਪੀਕਰ ਵੱਲੋਂ ਆਪਣੇ ਵਰਕਰਾਂ ਅਤੇ ਸਮਕਥਕਾਂ ਦੇ ਘਰ ਭਰਨ ਦੇ ਇਸ ਕੰਮ ਨੂੰ ਗੜ੍ਹਸ਼ੰਕਰ ਦੀ ਭੋਲੀ-ਭਾਲੀ ਜਨਤਾ ਵਿਚ ਨਸ਼ਰ ਕੀਤਾ ਜਾ ਸਕੇ ਅਤੇ ਗੜ੍ਹਸ਼ੰਕਰ ਦੀ ਗ਼ਰੀਬ ਜਨਤਾ ਨੂੰ ਮਿੱਠੀਆਂ ਅਤੇ ਚੋਪੜੀਆਂ ਗੱਲਾਂ ਕਰਕੇ ਲੋਕਾਂ ਦੀਆਂ ਵੋਟਾਂ ਠੱਗਣ ਵਾਲੇ ਦਾ ਅਸਲੀ ਚਿਹਰਾ ਸਾਹਮਣੇ ਆ ਸਕੇ। 

ਇਹ ਵੀ ਪੜ੍ਹੋ-  ਹੁਸ਼ਿਆਰਪੁਰ ਵਿਖੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, 40 ਦਿਨ ਪਹਿਲਾਂ ਵਿਆਹੀ ਭੈਣ ਦੀ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri