NGT ਨੇ ਚੁਗਿੱਟੀ ਫਲਾਈਓਵਰ ਦੇ ਨੇੜੇ ਲੱਗਦੇ ਕੂੜੇ ਦੇ ਡੰਪ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼

08/17/2023 11:15:34 AM

ਜਲੰਧਰ (ਖੁਰਾਣਾ)–ਪਿਛਲੇ ਕਈ ਸਾਲਾਂ ਤੋਂ ਸਮਾਜਿਕ ਕੰਮਾਂ ਵਿਚ ਲੱਗੇ ਅਲਫਾ ਮਹਿੰਦਰੂ ਫਾਊਂਡੇਸ਼ਨ ਦੇ ਯਤਨਾਂ ਨਾਲ ਜਲਦ ਹੀ ਚੁਗਿੱਟੀ ਫਲਾਈਓਵਰ ਦੇ ਨੇੜੇ ਲੱਗਾ ਕੂੜੇ ਦਾ ਵਿਸ਼ਾਲ ਡੰਪ ਖ਼ਤਮ ਕੀਤਾ ਜਾ ਰਿਹਾ ਹੈ। ਇਸ ਦੇ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਡੰਪ ਦੀ ਸਮੱਸਿਆ ਸਬੰਧੀ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਨੇ ਐੱਨ. ਜੀ. ਟੀ. ਨੂੰ ਕਈ ਪੱਤਰ ਲਿਖੇ ਸਨ, ਜਿਸ ਕਾਰਨ ਬੀਤੇ ਦਿਨ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਇਕ ਉੱਚ ਪੱਧਰੀ ਬੈਠਕ ਇਸੇ ਵਿਸ਼ੇ ’ਤੇ ਹੋਈ। ਇਸ ਬੈਠਕ ਵਿਚ ਨਗਰ ਨਿਗਮ ਦੀ ਪ੍ਰਤੀਨਿਧਤਾ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਨੇ ਕੀਤੀ, ਜਦਕਿ ਪ੍ਰਦੂਸ਼ਣ ਵਿਭਾਗ ਚੰਡੀਗੜ੍ਹ ਵੱਲੋਂ ਜੇ. ਪੀ. ਮੀਣਾ ਅਤੇ ਡੀ. ਸੀ. ਆਫਿਸ ਵੱਲੋਂ ਮੈਡਮ ਗੁਰਸਿਮਰਨਜੀਤ ਕੌਰ ਮੌਜੂਦ ਸਨ। ਅਲਫਾ ਐੱਨ. ਜੀ. ਓ. ਦੀ ਪ੍ਰਤੀਨਿਧਤਾ ਬੈਠਕ ਵਿਚ ਰਮੇਸ਼ ਮਹਿੰਦਰੂ ਨੇ ਕੀਤੀ।

ਇਹ ਵੀ ਪੜ੍ਹੋ- ਲਸਣ ਦੀ ਜੈਵਿਕ ਖੇਤੀ ਕਰਕੇ ਲੱਖਾਂ ਰੁਪਏ ਕਮਾ ਸਕਦੇ ਕਿਸਾਨ, ਜਾਣੋ ਕੀ ਹੈ ਤਰੀਕਾ

ਬੈਠਕ ਵਿਚ ਹੋਈ ਚਰਚਾ ਤੋਂ ਬਾਅਦ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀ ਸਾਈਟ ’ਤੇ ਗਏ ਅਤੇ ਸਮੱਸਿਆ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ। ਇਸ ਦੌਰਾਨ ਨਿਗਮ ਦੇ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਨੇ ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਨਿਗਮ 10 ਦਿਨ ਅੰਦਰ ਇਸ ਡੰਪ ਨੂੰ ਪੂਰੀ ਤਰ੍ਹਾਂ ਹਟਾ ਲਵੇਗਾ ਅਤੇ ਇਥੇ ਗਰੀਨ ਬੈਲਟ ਡਿਵੈੱਲਪ ਕੀਤੀ ਜਾਵੇਗੀ। ਸੰਸਥਾ ਦੇ ਪ੍ਰਤੀਨਿਧੀਆਂ ਨੇ ਦੋਸ਼ ਲਗਾਇਆ ਸੀ ਕਿ ਇਸ ਡੰਪ ਕਾਰਨ ਆਸ-ਪਾਸ ਦਾ ਪੂਰਾ ਇਲਾਕਾ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਲੋਕ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਹਾਈਵੇਅ ਕਿਨਾਰੇ ਸਥਿਤ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ’ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਦਿਸਣ ਲੱਗਾ ਹੜ੍ਹਾਂ ਦੀ ਤਬਾਹੀ ਦਾ ਮੰਜ਼ਰ, ਸਤਲੁਜ ਦਰਿਆ ਦੇ ਪਾਣੀ 'ਚ ਰੁੜ੍ਹੇ ਪਿਓ-ਪੁੱਤਰ

ਨਿਗਮ ਦੇ ਸਾਹਮਣੇ ਆਵੇਗੀ ਬਹੁਤ ਵੱਡੀ ਸਮੱਸਿਆ
ਨਗਰ ਨਿਗਮ ਜਲੰਧਰ ਦੇ ਅਧਿਕਾਰੀ ਸਮਾਰਟ ਸਿਟੀ ਅਤੇ ਸਵੱਛ ਭਾਰਤ ਮਿਸ਼ਨ ਤੋਂ ਆਈ ਕਰੋੜਾਂ ਰੁਪਏ ਦੀ ਗ੍ਰਾਂਟ ਸਾਫ਼-ਸਫ਼ਾਈ ’ਤੇ ਖਰਚ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਵਿਚੋਂ ਕੂੜੇ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਦਿਨ-ਪ੍ਰਤੀ ਦਿਨ ਇਹ ਸਮੱਸਿਆ ਵਿਸ਼ਾਲ ਰੂਪ ਧਾਰਨ ਕਰਦੀ ਜਾ ਰਹੀ ਹੈ। ਅੱਜ ਵੀ ਸ਼ਹਿਰ ਦੀਆਂ ਕਈ ਮੇਨ ਸੜਕਾਂ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਚੁਗਿੱਟੀ ਡੰਪ ਦੀ ਗੱਲ ਕਰੀਏ ਤਾਂ ਇਥੇ ਗੁਰੂ ਨਾਨਕਪੁਰਾ, ਚੌਗਿੱਟੀ, ਕੋਟ ਰਾਮਦਾਸ, ਲੱਧੇਵਾਲੀ ਅਤੇ ਆਸ-ਪਾਸ ਦੀਆਂ ਕਈ ਕਾਲੋਨੀਆਂ ਅਤੇ ਰਾਮਾ ਮੰਡੀ, ਚੋਹਕਾਂ ਤਕ ਦਾ ਕੂੜਾ ਆਉਂਦਾ ਹੈ। ਅਜਿਹੇ ਡੰਪ ਦੀ ਸਾਫ਼-ਸਫ਼ਾਈ ’ਤੇ ਨਿਗਮ ਕਰੋੜਾਂ ਰੁਪਏ ਖਰਚ ਕਰਦਾ ਹੈ ਪਰ ਫਿਰ ਵੀ ਇਥੇ ਦੂਰ-ਦੂਰ ਤਕ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਹੁਣ ਜੇ ਐੱਨ. ਜੀ. ਟੀ. ਦੇ ਨਿਰਦੇਸ਼ਾਂ ’ਤੇ ਇਥੋਂ ਡੰਪ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਨਿਗਮ ਦੇ ਸਾਹਮਣੇ ਇਹ ਗੰਭੀਰ ਸਮੱਸਿਆ ਖੜ੍ਹੀ ਹੋ ਜਾਵੇਗੀ ਕਿ ਇੰਨਾ ਕੂੜਾ ਕਿਥੇ ਸੁੱਟਿਆ ਜਾਵੇ। ਡੰਪ ਖ਼ਤਮ ਹੋਣ ਨਾਲ ਆਸ-ਪਾਸ ਦੇ ਰੈਗ ਪਿਕਰਜ਼ ਅਤੇ ਸਫ਼ਾਈ ਕਰਮਚਾਰੀਆਂ ਨੂੰ ਜੋ ਮੁਸ਼ਕਲ ਆਵੇਗੀ, ਉਸ ਦਾ ਵੀ ਹੱਲ ਨਿਗਮ ਨੂੰ ਕੱਢਣਾ ਹੋਵੇਗਾ, ਨਹੀਂ ਤਾਂ ਪੂਰੇ ਹਲਕੇ ਦੇ ਹਾਲਾਤ ਵਿਗੜ ਸਕਦੇ ਹਨ।

ਇਹ ਵੀ ਪੜ੍ਹੋ- ਹੈਵਾਨ ਬਣਿਆ ਪਿਓ, ਧੀ ਨੂੰ ਕਰੰਟ ਲਗਾ ਕੇ ਕੀਤਾ ਜਬਰ-ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri