ਦਕੋਹਾ ਫਾਟਕ ''ਤੇ ਅੰਡਰਪਾਥ ਬਣਾਉਣ ਲਈ NHAI ਨੇ ਆਪਣੀ ਜ਼ਮੀਨ ਦੇਣ ਦੀ ਦਿੱਤੀ ਮਨਜ਼ੂਰੀ

01/15/2020 6:38:10 PM

ਜਲੰਧਰ (ਵਰੁਣ)— ਦਕੋਹਾ ਫਾਟਕ 'ਤੇ ਅੰਡਰਪਾਥ ਬਣਾਉਣ ਦਾ ਰਸਤਾ ਸਾਫ ਹੋ ਗਿਆ ਹੈ। ਡੀ. ਸੀ. ਵਰਿੰਦਰ ਸ਼ਰਮਾ, ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਅਤੇ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ 'ਚ ਐੱਨ. ਐੱਚ. ਏ. ਆਈ., ਰੇਲਵੇ, ਪਾਵਰਕਾਮ, ਪੀ. ਡਬਲਿਊ. ਡੀ. ਅਤੇ ਟਰੈਫਿਕ ਪੁਲਸ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ 'ਚ ਐੱਨ. ਐੱਚ. ਏ. ਆਈ. ਦੇ ਪ੍ਰਾਜੈਕਟ ਡਾਇਰੈਕਟਰ (ਪੀ. ਡੀ.) ਨੇ ਅੰਡਰਪਾਥ ਲਈ ਜ਼ਮੀਨ ਦੇਣ ਲਈ ਮਨਜ਼ੂਰੀ ਦੇ ਦਿੱਤੀ ਹੈ। ਪੀ. ਡੀ. ਨੇ ਕਿਹਾ ਕਿ ਉਹ ਆਪਣੀ ਜ਼ਮੀਨ 'ਤੇ ਸਰਵਿਸ ਲੇਨ ਨਹੀਂ ਬਣਾਏਗਾ ਅਤੇ ਉਹ ਜਗ੍ਹਾ ਅੰਡਰਪਾਥ ਲਈ ਵਰਤੀ ਜਾਵੇਗੀ।

ਮਨਜ਼ੂਰੀ ਤੋਂ ਬਾਅਦ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੇ ਪ੍ਰਪੋਜ਼ਲ ਦੀ ਵੀ ਮੰਗ ਕੀਤੀ ਹੈ। ਜਲਦੀ ਹੀ ਸਾਰੇ ਵਿਭਾਗਾਂ ਦੀ ਮਨਜ਼ੂਰੀ ਵੀ ਮਿਲ ਜਾਵੇਗੀ। ਮੀਟਿੰਗ 'ਚ ਡੀ. ਸੀ. ਜ਼ਿਆਦਾ ਦੇਰ ਨਹੀਂ ਰੁਕੇ, ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ ਏ. ਡੀ. ਸੀ. ਕੁਲਵੰਤ ਸਿੰਘ ਰਹੇ। ਮੀਟਿੰਗ ਤੋਂ ਬਾਅਦ ਵਿਧਾਇਕ ਰਾਜਿੰਦਰ ਬੇਰੀ ਸਣੇ ਐੱਨ. ਐੱਚ. ਏ. ਆਈ. ਦੇ ਪੀ. ਡੀ. ਆਪਣੀ ਟੀਮ ਅਤੇ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦੇ ਨਾਲ ਪੀ. ਏ. ਪੀ. ਚੌਕ ਪਹੁੰਚੇ। ਏ. ਡੀ. ਸੀ. ਪੀ. ਨੇ ਸਿਟੀ ਦੀ ਐਂਟਰੀ ਅਤੇ ਪੀ. ਏ. ਪੀ. ਚੌਕ ਦੇ ਹਾਲਾਤ 'ਤੇ ਚਿੰਤਾ ਪ੍ਰਗਟ ਕੀਤੀ, ਜਿਸ ਤੋਂ ਬਾਅਦ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਪੀ. ਏ. ਪੀ. ਚੌਕ ਦੇ ਸੁੰਦਰੀਕਰਨ ਲਈ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਜਾਵੇਗਾ, ਜਦੋਂਕਿ ਚੌਕ 'ਤੇ ਲਾਈਟਿੰਗ ਦਾ ਕੰਮ ਐੱਨ. ਐੱਚ. ਏ. ਆਈ. ਹੀ ਕਰੇਗੀ। ਫਿਲਹਾਲ ਅਜੇ ਬੱਸਾਂ ਦੀ ਉਡੀਕ ਕਰਨ ਲਈ ਰਾਹਗੀਰਾਂ ਨੂੰ ਹਨੇਰੇ 'ਚ ਹੀ ਖੜ੍ਹੇ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਬੇਰੀ ਨੇ ਕਿਹਾ ਕਿ ਬੱਸਾਂ ਦੀ ਲੇਨ ਨੂੰ ਪੱਕਾ ਕਰਨ ਤੋਂ ਇਲਾਵਾ ਚੌਕ 'ਤੇ ਫੁੱਲ-ਬੂਟੇ ਲਾਏ ਜਾਣਗੇ। ਚੌਕ 'ਤੇ ਜਲੰਧਰ ਦਾ ਲੋਗੋ ਵੀ ਸੁੰਦਰਤਾ ਨੂੰ ਵਧਾਏਗਾ। ਇਸ ਕੰਮ ਲਈ ਐੱਨ. ਐੱਚ. ਏ. ਆਈ. ਜਲਦੀ ਹੀ ਜਲੰਧਰ ਪ੍ਰਸ਼ਾਸਨ ਨੂੰ ਐੱਨ. ਓ. ਸੀ. ਵੀ ਦੇਵੇਗਾ। ਵਿਧਾਇਕ ਬੇਰੀ ਨੇ ਕਿਹਾ ਕਿ ਸੋਮਵਾਰ ਤੋਂ ਪੀ. ਏ. ਪੀ. ਚੌਕ ਤੋਂ ਸੀਮੈਂਟ ਦੇ ਵੱਡੇ-ਵੱਡੇ ਪੱਥਰਾਂ ਨੂੰ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।

ਰੈਂਪ ਬਣਨ ਤੋਂ ਬਾਅਦ ਚੌਕ ਦੀ ਬੰਦ ਹੋਈ ਸਰਵਿਸ ਲੇਨ ਖੁੱਲ੍ਹਣ ਦੇ ਆਸਾਰ
ਮੀਟਿੰਗ 'ਚ ਪੀ. ਏ. ਪੀ. ਦੀ ਬੰਦ ਕੀਤੀ ਗਈ ਲੇਨ ਨੂੰ ਖੋਲ੍ਹਣ ਦਾ ਵੀ ਮੁੱਦਾ ਵੀ ਉਠਿਆ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਮੁੱਦਾ ਉਠਾਇਆ ਕਿ ਅੰਮ੍ਰਿਤਸਰ ਵੱਲ ਜਾਣ ਵਾਲੇ ਸਿਟੀ ਦੇ ਟਰੈਫਿਕ ਨੂੰ ਪਹਿਲਾਂ ਰਾਮਾ ਮੰਡੀ ਚੌਕ 'ਤੇ ਜਾਣਾ ਪੈਂਦਾ ਹੈ, ਜਿਸ ਤੋਂ ਬਾਅਦ ਟਰਨ ਲੈ ਕੇ ਵਾਪਸ ਆਉਣ ਤੋਂ ਬਾਅਦ ਭੂਰ ਮੰਡੀ ਤੋਂ ਫਲਾਈਓਵਰ ਚੜ੍ਹਨਾ ਹੁੰਦਾ ਹੈ। ਅਜਿਹੇ 'ਚ ਰਾਮਾ ਮੰਡੀ ਚੌਕ ਅਤੇ ਭੂਰ ਮੰਡੀ 'ਤੇ ਟਰੈਫਿਕ ਦਾ ਕਾਫੀ ਦਬਾਅ ਹੁੰਦਾ ਹੈ ਅਤੇ ਜਾਮ ਲੱਗਦਾ ਹੈ, ਜਿਸ 'ਤੇ ਪੀ. ਏ. ਪੀ. ਚੌਕ ਦੀ ਸਰਵਿਸ ਲੇਨ ਖੋਲ੍ਹਣ ਦੇ ਐੱਨ. ਐੱਚ. ਏ. ਆਈ. ਨੇ ਸੰਕੇਤ ਦਿੱਤੇ ਹਨ। ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਧਾ ਕਿਲੋਮੀਟਰ ਦੇ ਰੈਂਪ ਬਣਾਉਣ ਲਈ ਪ੍ਰਪੋਜ਼ਲ ਦਿੱਤੀ ਗਈ ਹੈ। ਰੈਂਪ ਲਾਉਣ ਤੋਂ ਬਾਅਦ ਸਰਵਿਸ ਲੇਨ ਖੁੱਲ੍ਹ ਜਾਵੇਗੀ ਅਤੇ ਚੌੜਾਈ ਜ਼ਿਆਦਾ ਮਿਲਣ 'ਤੇ ਫਲਾਈਓਵਰ ਅਤੇ ਸਰਵਿਸ ਲੇਨ ਵਾਲਾ ਟਰੈਫਿਕ ਆਪਸ ਵਿਚ ਨਹੀਂ ਟਕਰਾਏਗਾ। ਭੂਰ ਮੰਡੀ ਕੋਲ ਸਰਵਿਸ ਲੇਨ ਤੋਂ ਹਾਈਵੇ 'ਤੇ ਚੜ੍ਹਨ ਲਈ ਵੀ ਪੱਕੀ ਰੋਡ ਬਣੇਗੀ।

ਟਰੈਫਿਕ ਪੁਲਸ ਨੇ ਸਾਰੇ ਹਾਈਵੇਅ ਅਤੇ ਸਰਵਿਸ ਲੇਨ ਰਿਪੇਅਰ ਕਰਨ ਦੀ ਰੱਖੀ ਮੰਗ
ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਇੰਡੀਆ ਦੇ ਪੀ. ਡੀ. ਨਾਲ ਮੀਟਿੰਗ ਤੋਂ ਬਾਅਦ ਜਲੰਧਰ ਦੇ ਸਾਰੇ ਫਲਾਈਓਵਰ ਅਤੇ ਹਾਈਵੇਅ ਦਾ ਹਾਲ ਮੌਕੇ 'ਤੇ ਜਾ ਕੇ ਵਿਖਾਇਆ ਗਿਆ। ਟਰੈਫਿਕ ਪੁਲਸ ਨੇ ਉਨ੍ਹਾਂ ਕੋਲ ਮੰਗ ਕੀਤੀ ਹੈ ਕਿ ਜਲੰਧਰ ਦੇ ਸਾਰੇ ਹਾਈਵੇਅ ਅਤੇ ਸਰਵਿਸ ਲੇਨ 'ਤੇ ਵੱਡੇ-ਵੱਡੇ ਟੋਇਆਂ ਕਾਰਨ ਸੜਕ ਹਾਦਸੇ ਹੋਣ ਦਾ ਡਰ ਹੈ। ਹਾਲ ਹੀ 'ਚ ਰਾਮਾ ਮੰਡੀ ਫਲਾਈਓਵਰ 'ਤੇ ਟੋਏ ਕਾਰਨ ਹੋਏ ਐਕਸੀਡੈਂਟ ਦਾ ਵੀ ਹਵਾਲਾ ਦਿੱਤਾ ਗਿਆ। ਏ. ਡੀ. ਸੀ. ਪੀ. ਨੇ ਐੱਨ. ਐੱਚ. ਏ. ਆਈ. ਕੋਲ ਮੰਗ ਕੀਤੀ ਹੈ ਕਿ ਸਾਰੇ ਟੋਇਆਂ ਨੂੰ ਪੂਰਿਆ ਜਾਵੇ। ਟੋਇਆਂ ਨੂੰ ਠੀਕ ਕਰਨ ਲਈ ਸੋਮਵਾਰ ਨੂੰ ਐੱਨ. ਐੱਚ. ਏ. ਆਈ. ਦੀ ਟੀਮ ਟਰੈਫਿਕ ਪੁਲਸ ਨਾਲ ਦੁਬਾਰਾ ਮੀਟਿੰਗ ਕਰੇਗੀ।

shivani attri

This news is Content Editor shivani attri