ਨੰਗਲ ਡੈਮ ਤੋਂ ਅਚਾਨਕ ਛੱਡੇ ਪਾਣੀ ਕਾਰਨ 150 ਮੱਝਾਂ ਰੁੜ੍ਹੀਆਂ, 81 ਦੀ ਮੌਤ

06/02/2019 9:34:42 PM

ਨੰਗਲ (ਗੁਰਭਾਗ)-ਨੰਗਲ ਡੈਮ ਤੋਂ ਅਚਾਨਕ ਛੱਡੇ ਗਏ ਵਾਧੂ ਪਾਣੀ ਕਾਰਨ ਪਿੰਡ ਕਲਿਤਰਾਂ ਦੇ ਹੀਰ ਗੁੱਜਰਾਂ ਦੀਆਂ 150 ਮੱਝਾਂ ਪਾਣੀ ਦੇ ਵਹਾਅ ਵਿਚ ਰੁੜ੍ਹ ਗਈਆਂ, ਜਿਨ੍ਹਾਂ 'ਚੋਂ 81 ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਰੋਜ਼ਾਨਾ ਦੀ ਤਰ੍ਹਾਂ ਇਨ੍ਹਾਂ ਹੀਰ ਗੁੱਜਰਾਂ ਨੇ ਐਤਵਾਰ ਨੂੰ 150 ਦੇ ਕਰੀਬ ਆਪਣੀਆਂ ਮੱਝਾਂ ਪਾਣੀ ਪੀਣ ਲਈ ਸਤਲੁਜ ਦਰਿਆ ਵੱਲ ਛੱਡੀਆਂ ਸਨ। ਸਰਪੰਚ ਭੁਪਿੰਦਰ ਸਿੰਘ ਲਾਡੀ ਤੇ ਸਾਬਕਾ ਸਰਪੰਚ ਮੇਜਰ ਸਿੰਘ ਸੰਧੂ ਅਤੇ ਜਸਵੀਰ ਸਿੰਘ ਬੈਂਸ ਨੇ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮੌਕਾ ਦੇਖਿਆ ਹੈ ਅਤੇ ਹੀਰ ਗੁੱਜਰਾਂ ਦੇ ਬਿਆਨ ਨੋਟ ਕੀਤੇ ਹਨ।


ਪਿੰਡ ਕਲਿਤਰਾਂ ਵਿਚ ਪਿਛਲੇ ਡੇਢ ਕੁ ਸਾਲ ਤੋਂ ਇਹ ਉਕਤ ਟਿਕਾਣੇ 'ਤੇ ਰਹਿ ਰਹੇ ਸਨ। ਗੁੱਜਰ ਬਰਾਦਰੀ ਨੇ ਕਥਿਤ ਤੌਰ 'ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਬਿਨਾਂ ਕੋਈ ਇਤਲਾਹ ਦਿੱਤੇ ਅੱਜ ਸਵੇਰੇ 11 ਵਜੇ ਦੇ ਕਰੀਬ ਦਰਿਆ 'ਚ ਅਚਾਨਕ ਅਥਾਹ ਪਾਣੀ ਛੱਡਣ ਦੇ ਦੋਸ਼ ਲਾਏ। ਗੁਜਰਾਂ ਨੇ ਕਿਹਾ ਕਿ ਵਿਭਾਗ ਹਮੇਸ਼ਾ ਹੀ ਵਾਧੂ ਪਾਣੀ ਛੱਡਣ ਤੋਂ ਪਹਿਲਾਂ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਮੁਨਿਆਦੀ ਕਰਵਾਉਂਦਾ ਹੈ ਜਾਂ ਸਰਪੰਚਾਂ ਨੂੰ ਇਤਲਾਹ ਦਿੰਦਾ ਹੈ ਪਰ ਇਸ ਵਾਰ ਅਜਿਹਾ ਕੁੱਝ ਨਹੀਂ ਕੀਤਾ ਗਿਆ, ਜਿਸ ਕਾਰਨ ਉਕਤ ਹਾਦਸਾ ਵਾਪਰ ਗਿਆ।
ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਨੰਗਲ ਡੈਮ ਤੋਂ ਅਚਾਨਕ ਵਾਧੂ ਪਾਣੀ ਕਦੇ ਵੀ ਛੱਡਿਆ ਨਹੀਂ ਜਾਂਦਾ ਅਤੇ ਇਹ ਰੂਟੀਨ ਵਿਚ ਛੱਡਿਆ ਜਾਣ ਵਾਲਾ ਪਾਣੀ ਹੈ। ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਲਾਡੀ ਅਤੇ ਸਾਬਕਾ ਸਰਪੰਚ ਮੇਜਰ ਸਿੰਘ ਸੰਧੂ ਨੇ ਕਿਹਾ ਕਿ ਵਿਭਾਗ ਵੱਲੋਂ ਦਰਿਆ ਵਿਚ ਵਾਧੂ ਪਾਣੀ ਛੱਡੇ ਜਾਣ ਸਬੰਧੀ ਕੋਈ ਵੀ ਇਲਤਾਹ ਨਹੀਂ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਹੀਰ ਗੁਜਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਜਦੋਂ ਇਸ ਸਬੰਧੀ ਨੰਗਲ ਬੀ. ਬੀ. ਐੱਮ. ਬੀ. ਵਿਭਾਗ ਦੇ ਚੀਫ ਅਸ਼ਵਨੀ ਅਗਰਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਆ ਰਿਹਾ ਸੀ। ਪੰਜਾਬ ਵਿਧਾਨ ਸਪੀਕਰ ਅਤੇ ਮੌਜੂਦਾ ਹਲਕਾ ਵਿਧਾਇਕ ਰਾਣਾ ਕੰਵਰ ਪਾਲ ਸਿੰਘ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਸਬੰਧੀ ਮੇਰੇ ਵੱਲੋਂ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਵੇਗੀ।

satpal klair

This news is Content Editor satpal klair