ਨਗਰ ਕੌਂਸਲ ਚੋਣਾਂ ਲਈ ਜੋੜ-ਤੋੜ ਦੀ ਸਿਆਸਤ ਨੇ ਫੜਿਆ ਜ਼ੋਰ

01/24/2021 2:41:54 PM

ਕਰਤਾਰਪੁਰ (ਸਾਹਨੀ) - ਬੀਤੀ ਮਾਰਚ ਵਿਚ ਸਥਾਨਕ ਸਰਕਾਰਾਂ ਵਿਭਾਗ ਵਲੋਂ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ ਦਾ ਪੰਜ ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਹਾਉਸ ਭੰਗ ਕਰ ਦਿੱਤੇ ਗਏ ਸਨ। ਬਾਅਦ ਵਿਚ ਕੋਰੋਨਾ ਮਹਾਮਾਰੀ ਦੇ ਚਲਦਿਆ ਤਾਲਾਬੰਦੀ ਹੋਣ ਕਾਰਨ ਇਹ ਚੋਣਾਂ ਲਗਾਤਾਰ ਮੁਲਤਵੀ ਹੁੰਦੀਆਂ ਰਹੀਆਂ। ਹੁਣ ਅਖੀਰ ਸਥਾਨਕ ਸਰਕਾਰਾਂ ਵਿਭਾਗ ਨੇ ਫਰਵਰੀ 14 ਨੂੰ ਨਗਰ ਕੌਂਸਲ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਕਾ ਸਰਗਰਮ ਸਮਾਜ ਸੇਵਕਾਂ ਨੇ ਚੋਣਾਂ ਵਿਚ ਆਪਣਾ ਭਵਿੱਖ ਅਜਮਾਉਣ ਦੀਆਂ ਤਿਆਰੀ ਸ਼ੁਰੂ ਕਰ ਦਿੱਤੀਆਂ ਹਨ। 

ਵੇਖਣ ਵਿਚ ਆਇਆ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਲੜਣ ਦੀ ਥਾਂ ਆਜਾਦ ਉਮੀਦਵਾਰ ਵਜੋ ਚੋਣ ਲੜਣ ਦੇ ਜ਼ਿਆਦਾ ਇੱਛੂਕ ਹਨ। ਇਸ ਵਾਰ ਇਹ ਵੀ ਵੇਖਣ ਵਿਚ ਆਇਆ ਹੈ ਕਿ ਇਨ੍ਹਾਂ ਚੋਣਾਂ ਵਿਚ ਪੁਰਾਣੇ ਕੌਂਸਲਰਾਂ ਨੂੰ ਟੱਕਰ ਦੇਣ ਲਈ ਬਹੁਤ ਸਾਰੇ ਨਵੇਂ ਚੇਹਰੇ ਆਪਣਾ ਭਵਿੱਖ ਅਜਮਾਉਣ ਦੀ ਤਿਆਰੀ ਕਰ ਰਹੇ ਹਨ। ਸ਼ਹਿਰ ਵਿਚ ਸਫ਼ਾਈ ਪ੍ਰੰਬਧ, ਸੀਵਰੇਜ ਸਿਸਟਮ, ਵਾਟਰ ਸਪਲਾਈ, ਸੜਕਾਂ ਦੀ ਖ਼ਸਤਾ ਹਾਲਤ, ਸਟਰੀਟ ਲਾਇਟਾਂ ਵੱਡੀਆ ਸਮੱਸਿਆਵਾਂ ਹਨ, ਜਿਨਾਂ ਦਾ ਕਈ ਸਾਲਾਂ ਤੋਂ ਹਲ ਨਹੀਂ ਨਿਕਲ ਸਕਿਆ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਲਈ ਪਾਰਕ, ਸੈਰਗਾਹ ਦੀ ਸਹੂਲਤ, ਜਨਤਕ ਲਾਇਬਰੇਰੀ ਵਰਗੀਆਂ ਸਹੂਲਤਾਂ ਦੀ ਵੀ ਵੱਡੀ ਲੋੜ ਹੈ, ਜਿਸ ਲਈ ਨਵੇਂ ਉਮੀਦਵਾਰ ਕੰਮ ਕਰਨ ਦਾ ਲੋਕਾਂ ਨੂੰ ਭਰੋਸਾ ਦੇ ਰਹੇ ਹਨ। 

ਸ਼ਹਿਰ ਵਾਸੀਆਂ ਦੀਆਂ ਮੁਢਲੀਆਂ ਲੋੜਾਂ ਨੂੰ ਚੋਣਾਂ ਦੇ ਸਮੇਂ ਪੂਰੇ ਉਤਸ਼ਾਹ ਨਾਲ ਉਛਾਲਿਆ ਜਾਂਦਾ ਹੈ ਅਤੇ ਚੋਣਾਂ ਤੋਂ ਬਾਅਦ ਅਗਲੀਆਂ ਚੋਣਾਂ ਲਈ ਮੁੜ ਫਾਇਲਾਂ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਇਸ ਵਾਰ ਦੀਆਂ ਚੋਣਾਂ ਕਾਫ਼ੀ ਦਿਲਚਸਪ ਹੋਣ ਦੀ ਉਮੀਦ ਹੈ, ਕਿਉਕਿ ਇਨ੍ਹਾਂ ਚੋਣਾਂ ਵਿਚ ਨਵੇਂ ਨੌਜਵਾਨ ਦਿਲਚਸਪੀ ਵਿਖਾ ਰਹੇ ਹਨ। ਵੱਖ-ਵੱਖ ਵਾਰਡਾਂ ਵਿਚ ਉਮੀਦਵਾਰ ਆਪਣੇ ਦਾਅਵੇਦਾਰੀ ਅਤੇ ਜਿੱਤ ਤੱਕ ਦਰਜ ਕਰਵਾ ਚੁੱਕੇ ਹਨ। ਕਾਗਜ ਭਰਨ ਦੀ ਤਰੀਖ਼ ਅਤੇ ਚੋਣਾਂ ਵਿਚ 10-12 ਦਿਨਾਂ ਦਾ ਫ਼ਰਕ ਰਖਿਆ ਗਿਆ ਹੈ। ਕਾਗਜ਼ ਭਰਨ ਤੋਂ ਪਹਿਲਾਂ ਸਿਆਸਤ ਦੀ ਇਸ ਸ਼ਤਰੰਜ ਵਿਚ ਚੋਣਾਂ ਪੂਰੀ ਤਰਾਂ ਭੱਖ ਜਾਣਗੀਆਂ। 

rajwinder kaur

This news is Content Editor rajwinder kaur