ਨਗਰ ਕੌਂਸਲ ਨੇ ਮਾਨਸੂਨ ਤੋਂ ਪਹਿਲਾਂ ਸ਼ਹਿਰ ''ਚ ਸੀਵਰੇਜ ਸਾਫ ਕਰਨ ਦੀ ਮੁਹਿੰਮ ਚਲਾਈ

06/22/2018 1:18:24 PM

ਸੁਲਤਾਨਪੁਰ ਲੋਧੀ, (ਧੀਰ)—ਬਰਸਾਤ ਦੇ ਮੌਸਮ ਤੋਂ ਪਹਿਲਾਂ ਸ਼ਹਿਰ 'ਚ ਸੀਵਰੇਜ ਜਾਮ ਹੋਣ ਦੀਆਂ ਮੁਸ਼ਕਲਾਂ ਨੂੰ ਪਹਿਲਾਂ ਹੀ ਹੱਲ ਕਰਨ ਦੇ ਮੱਦੇਨਜ਼ਰ ਕੱਲ੍ਹ ਬੀਤੇ ਦਿਨੀਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਵਿਨੋਦ ਕੁਮਾਰ ਗੁਪਤਾ ਤੇ ਕਾਰਜ ਸਾਧਕ ਅਫਸਰ ਤੇਜਿੰਦਰ ਸਿੰਘ ਦੇ ਹੁਕਮਾਂ 'ਤੇ ਸੈਨੇਟਰੀ ਇੰਸਪੈਕਟਰ ਚਰਨਜੀਤ ਸਿੰਘ ਢਿਲੋਂ ਦੀ ਅਗਵਾਈ ਹੇਠ ਸ਼ਹਿਰ 'ਚ ਸੀਵਰੇਜ ਟੈਂਕਰ ਰਾਹੀਂ ਸੀਵਰੇਜ ਨੂੰ ਸਾਫ ਕਰਨ ਦੀ ਮੁਹਿੰਮ ਚਲਾਈ ਤੇ ਵੱਖ-ਵੱਖ ਪੁਆਇੰਟਾਂ 'ਤੇ ਸੀਵਰੇਜ ਦੀ ਟੈਂਕਰ ਨਾਲ ਸਫਾਈ ਕੀਤੀ।
ਗੱਲਬਾਤ ਕਰਦੇ ਹੋਏ ਸੈਨੇਟਰੀ ਇੰਸਪੈਕਟਰ ਚਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਹ ਅਭਿਆਨ ਸ਼ਹਿਰ ਨੂੰ ਸੁੰਦਰ ਤੇ ਸਾਫ ਰੱਖਣ ਵਾਸਤੇ ਚਲਾਇਆ ਗਿਆ ਹੈ, ਜਿਸ ਦੌਰਾਨ ਸ਼ਹਿਰ ਦੇ ਸਾਰੇ ਸੀਵਰੇਜ ਨੂੰ ਸੀਵਰੇਜ ਟੈਂਕ ਰਾਹੀਂ ਮੁਕੰਮਲ ਸਾਫ ਕੀਤਾ ਜਾਵੇਗਾ। ਉਨ੍ਹਾਂ 'ਚ ਸੀਵਰੇਜ ਜਾਮ ਹੋਣ ਕਾਰਨ ਬਰਸਾਤ ਦਾ ਪਾਣੀ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ, ਜਿਸ ਨੂੰ ਰੋਕਣ ਵਾਸਤੇ ਇਹ ਪ੍ਰਬੰਧ ਕੀਤੇ ਜਾ ਰਹੇ ਹਨ। ਸੀਵਰੇਜ ਨੂੰ ਸਾਫ ਕਰਨ ਮੌਕੇ ਮੁਲਾਜ਼ਮਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਮੁੱਖ ਕਾਰਨ ਲੋਕਾਂ ਵੱਲੋਂ ਸੀਵਰੇਜ 'ਚ ਬੋਰੀਆਂ, ਪਲਾਸਟਿਕ ਦੇ ਲਿਫਾਫੇ ਤੇ ਹੋਰ ਕਈ ਅਜਿਹਾ ਸਾਮਾਨ ਜਿਸ ਨਾਲ ਸੀਵਰੇਜ ਜਾਮ ਹੋ ਜਾਂਦਾ ਹੈ, ਉਹ ਬਾਹਰ ਕੱਢਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦੀ ਜ਼ਿੰਮੇਵਾਰੀ ਜਿੱਥੇ ਨਗਰ ਕੌਂਸਲ ਦੀ ਹੈ, ਉੱਥੇ ਸ਼ਹਿਰ ਨਿਵਾਸੀਆਂ ਦੀ ਵੀ ਹੈ। ਜੇ ਲੋਕ ਆਪਣਾ ਫਰਜ਼ ਸਮਝ ਕੇ ਪਲਾਸਟਿਕ ਦੇ ਲਿਫਾਫਿਆਂ ਨੂੰ ਸੀਵਰੇਜ 'ਚ ਨਾ ਸੁੱਟਣ ਤਾਂ ਕਾਫੀ ਹੱਦ ਤੱਕ ਸ਼ਹਿਰ 'ਚ ਸੀਵਰੇਜ ਜਾਮ ਹੋਣ ਤੋਂ ਛੁਟਕਾਰਾ ਮਿਲ ਸਕਦਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਵਸਤੂਆਂ ਨੂੰ ਸੀਵਰੇਜ 'ਚ ਸੁੱਟਣ ਤੋਂ ਪ੍ਰਹੇਜ਼ ਕਰਨ ਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ 'ਚ ਨਗਰ ਕੌਂਸਲ ਦਾ ਸਹਿਯੋਗ ਕਰਨ। ਇਸ ਮੌਕੇ ਜੋਗਿੰਦਰ ਬਾਬਾ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।