ਨਗਰ ਕੌਂਸਲ ਨੇ ਹਟਾਏ ਨਾਜਾਇਜ਼ ਕਬਜ਼ੇ

06/23/2018 12:47:50 PM

ਕਪੂਰਥਲਾ (ਗੁਰਵਿੰਦਰ ਕੌਰ)— ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲਭੂਸ਼ਣ ਗੋਇਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਤਹਿਤ ਸ਼ੁੱਕਰਵਾਰ ਸਬ-ਇੰਸਪੈਕਟਰ ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਤਹਿਬਾਜ਼ਾਰੀ ਟੀਮ ਵੱਲੋਂ ਪੁਰਾਣੀ ਸਬਜ਼ੀ ਮੰਡੀ, ਸਦਰ ਬਾਜ਼ਾਰ ਅਤੇ ਮਾਲ ਰੋਡ ਆਦਿ ਥਾਵਾਂ 'ਤੇ ਨਾਜਾਇਜ਼ ਕਬਜ਼ੇ ਹਟਾਏ ਗਏ। 
ਇਸ ਦੌਰਾਨ ਨਗਰ ਕੌਂਸਲ ਦੀ ਟੀਮ ਨੇ ਨਿਰਧਾਰਿਤ ਰੇਖਾ ਤੋਂ ਬਾਹਰ ਪਏ ਸਾਮਾਨ ਨੂੰ ਚੁੱਕ ਕੇ ਟਰਾਲੀਆਂ 'ਚ ਰੱਖ ਲਿਆ ਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਦੁਬਾਰਾ ਆਪਣਾ ਸਾਮਾਨ ਨਿਰਧਾਰਿਤ ਰੇਖਾ ਤੋਂ ਬਾਹਰ ਫੈਲਾਅ ਕੇ ਰੱਖਿਆ ਤਾਂ ਸਾਮਾਨ ਚੁੱਕਣ ਦੇ ਨਾਲ-ਨਾਲ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। 


ਸਬ-ਇੰਸਪੈਕਟਰ ਕੁਲਵੰਤ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਈ. ਓ. ਕੁਲਭੂਸ਼ਣ ਗੋਇਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ਹਿਰ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਸ਼ਹਿਰ 'ਚ ਨਾਜਾਇਜ਼ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ। ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਵਿਕਰਮ ਘਈ, ਨਰੇਸ਼ ਮੱਟੂ, ਏ. ਐੱਸ. ਆਈ. ਪਲਵਿੰਦਰ ਸਿੰਘ, ਐੱਚ. ਸੀ. ਗੁਰਦੇਵ ਸਿੰਘ, ਐੱਚ. ਸੀ. ਬਤਨ ਸਿੰਘ ਤੇ ਐੱਚ. ਸੀ. ਬਲਬੀਰ ਸਿੰਘ ਆਦਿ ਹਾਜ਼ਰ ਸਨ।