ਕੌਂਸਲਰਾਂ ਦੀ ਵਿਧਾਇਕਾਂ ਤੇ ਮੇਅਰ ਨੂੰ ਰਾਏ, ਹੜਤਾਲ ਕਰ ਰਹੀਆਂ ਯੂਨੀਅਨਾਂ ਅੱਗੇ ਬਿਲਕੁਲ ਨਾ ਝੁਕਿਆ ਜਾਵੇ

03/01/2020 4:44:13 PM

ਜਲੰਧਰ (ਖੁਰਾਣਾ)— 160 ਸੀਵਰਮੈਨਾਂ ਨੂੰ ਠੇਕੇ ਦੇ ਆਧਾਰ 'ਤੇ ਰੱਖਣ ਦੇ ਵਿਰੋਧ 'ਚ ਨਗਰ ਨਿਗਮ ਦੀਆਂ ਕੁਝ ਯੂਨੀਅਨਾਂ ਅਤੇ ਸਫਾਈ ਕਰਮਚਾਰੀ ਪਿਛਲੇ ਇਕ ਹਫਤੇ ਤੋਂ ਹੜਤਾਲ 'ਤੇ ਹਨ। ਹੜਤਾਲੀ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੀਆਂ ਯੂਨੀਅਨਾਂ ਦੇ ਉਦੇਸ਼ ਨਾਲ ਵਿਧਾਇਕਾਂ ਦੀ ਜੋ ਡਿਊਟੀ ਲਾਈ ਗਈ ਹੈ, ਉਸਦੇ ਮੱਦੇਨਜ਼ਰ ਮੇਅਰ ਜਗਦੀਸ਼ ਰਾਜਾ ਦੀ ਅਗਵਾਈ ਵਿਚ ਕੌਂਸਲਰਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕਮਿਸ਼ਨਰ ਦੀਪਰਵ ਲਾਕੜਾ, ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਖਾਸ ਤੌਰ 'ਤੇ ਮੌਜੂਦ ਰਹੇ। ਇਸ ਦੌਰਾਨ ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ ਅਤੇ ਵਿਧਾਇਕ ਰਾਜਿੰਦਰ ਬੇਰੀ ਤੋਂ ਇਲਾਵਾ ਲਗਭਗ 4 ਦਰਜਨ ਕੌਂਸਲਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਦੌਰਾਨ ਮੌਜੂਦ ਜ਼ਿਆਦਾਤਰ ਕੌਂਸਲਰਾਂ ਦੀ ਇਹ ਰਾਏ ਸੀ ਕਿ ਨਿਗਮ ਯੂਨੀਅਨਾਂ ਦੀਆਂ ਨਾਜਾਇਜ਼ ਮੰਗਾਂ ਅੱਗੇ ਬਿਲਕੁਲ ਨਾ ਝੁਕਿਆ ਜਾਵੇ ਅਤੇ ਜੇਕਰ ਐਤਵਾਰ ਨੂੰ ਹੜਤਾਲ ਖੁੱਲ੍ਹਣ ਸਬੰਧੀ ਕੋਈ ਫੈਸਲਾ ਨਹੀਂ ਹੁੰਦਾ ਤਾਂ ਸੋਮਵਾਰ ਤੋਂ ਸਾਰੇ ਵਾਰਡਾਂ ਵਿਚ ਕੌਂਸਲਰ ਆਪਣੇ-ਆਪਣੇ ਵਾਰਡ ਵਿਚ ਖੁਦ ਸਫਾਈ ਕਰਵਾਉਣਗੇ। ਇਹ ਵੀ ਫੈਸਲਾ ਹੋਇਆ ਕਿ 160 ਸੀਵਰਮੈਨਾਂ ਦੀ ਠੇਕੇ ਦੇ ਆਧਾਰ 'ਤੇ ਹੀ ਭਰਤੀ ਕੀਤੀ ਜਾਵੇ ਪਰ ਸਰਕਾਰ ਦੇ ਸਾਹਮਣੇ ਇਹ ਗੱਲ ਜ਼ਿਆਦਾ ਜ਼ੋਰਦਾਰ ਢੰਗ ਨਾਲ ਰੱਖੀ ਜਾਵੇ ਕਿ ਭਵਿੱਖ ਵਿਚ ਇਨ੍ਹਾਂ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਜੇਕਰ ਸਰਕਾਰ ਇਸ ਮਾਮਲੇ ਵਿਚ ਕੋਈ ਫੈਸਲਾ ਲੈਂਦੀ ਹੈ ਤਾਂ ਉਸ ਨੂੰ ਵੀ ਜਲੰਧਰ ਨਗਰ ਨਿਗਮ ਵਿਚ ਲਾਗੂ ਕੀਤਾ ਜਾਵੇ। ਮੀਟਿੰਗ ਦੌਰਾਨ ਹਾਜ਼ਰ ਜ਼ਿਆਦਾਤਰ ਕੌਂਸਲਰਾਂ ਨੇ ਰਾਏ ਪ੍ਰਗਟ ਕੀਤੀ ਕਿ ਨਗਰ ਨਿਗਮ ਦੀਆਂ ਕੁਝ ਯੂਨੀਅਨਾਂ ਨੇ ਜਿਸ ਤਰ੍ਹਾਂ ਨਿਗਮ ਦੇ ਸਾਰੇ ਸਿਸਟਮ ਨੂੰ ਹਾਈਜੈਕ ਕੀਤਾ ਹੋਇਆ ਹੈ, ਉਸ ਸਿਸਟਮ ਨੂੰ ਠੀਕ ਕੀਤਾ ਜਾਵੇ।

ਸਫਾਈ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਲੱਗੇ
ਮੀਟਿੰਗ ਦੌਰਾਨ ਜ਼ਿਆਦਾਤਰ ਕੌਂਸਲਰਾਂ ਨੇ ਇਹ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਵਾਰਡਾਂ ਨੂੰ ਜੋ ਸਫਾਈ ਕਰਮਚਾਰੀ ਅਲਾਟ ਹੋਣ, ਉਨ੍ਹਾਂ 'ਚੋਂ ਜ਼ਿਆਦਾਤਰ ਆਉਂਦੇ ਨਹੀਂ ਅਤੇ ਜੋ ਆਉਂਦੇ ਵੀ ਹਨ, ਉਹ ਵੀ ਸਫਾਈ ਦਾ ਥੋੜ੍ਹਾ-ਬਹੁਤਾ ਕੰਮ ਕਰਦੇ ਹਨ। ਇਸ ਲਈ ਸਾਰੇ ਸਫਾਈ ਕਰਮਚਾਰੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਢੰਗ ਨਾਲ ਕਰਵਾਈ ਜਾਵੇ। ਇਹ ਹਾਜ਼ਰੀ ਵੀ 2 ਟਾਈਮ ਲੱਗੇ। ਨਗਰ ਨਿਗਮ ਵਿਚ 'ਨੋ ਵਰਕ ਨੋ ਪੇ' ਨਿਯਮ ਲਾਗੂ ਕੀਤਾ ਜਾਵੇ। ਜੋ ਸਫਾਈ ਕਰਮਚਾਰੀ ਦੂਜੀਆਂ ਪੋਸਟਾਂ 'ਤੇ ਕੰਮ ਕਰ ਰਹੇ ਹਨ, ਉਨ੍ਹਾਂ ਦੀ ਵੀ ਲਿਸਟ ਤਿਆਰ ਕਰ ਕੇ ਸਾਰੇ ਸਿਸਟਮ ਨੂੰ ਠੀਕ ਕੀਤਾ ਜਾਵੇ।

ਨਗਰ ਨਿਗਮ ਦਾ ਕਰਮਚਾਰੀ ਨਹੀਂ ਹੈ ਚੰਦਨ ਗਰੇਵਾਲ, ਉਸ ਨੂੰ ਪ੍ਰਧਾਨ ਨਾ ਮੰਨਿਆ ਜਾਵੇ
ਮੀਟਿੰਗ ਦੌਰਾਨ ਕਈ ਕੌਂਸਲਰਾਂ ਦੀ ਰਾਏ ਸੀ ਕਿ ਨਿਗਮ ਪ੍ਰਸ਼ਾਸਨ ਨਾਲ ਹੋਣ ਵਾਲੀਆਂ ਮੀਟਿੰਗਾਂ ਵਿਚ ਉਹ ਹੀ ਨੁਮਾਇੰਦੇ ਹਾਜ਼ਰ ਹੋਣ ਜੋ ਨਿਗਮ ਦੇ ਕਰਮਚਾਰੀ ਵੀ ਹੋਣ। ਉਨ੍ਹਾਂ ਦਾ ਸਾਫ ਇਸ਼ਾਰਾ ਚੰਦਨ ਗਰੇਵਾਲ ਵੱਲ ਸੀ ਜੋ ਨਿਗਮ ਕਰਮਚਾਰੀ ਨਹੀਂ ਹੈ। ਇਨ੍ਹਾਂ ਕੌਂਸਲਰਾਂ ਨੇ ਸਾਫ ਕਿਹਾ ਕਿ ਅੱਜ ਮੀਟਿੰਗਾਂ ਵਿਚ ਜੇਕਰ ਅਕਾਲੀ ਦਲ ਦਾ ਆਗੂ ਯੂਨੀਅਨ ਦਾ ਨੇਤਾ ਬਣ ਕੇ ਆਉਂਦਾ ਹੈ ਤਾਂ ਕੱਲ ਕਿਸੇ ਹੋਰ ਪਾਰਟੀ ਦਾ ਨੇਤਾ ਵੀ ਆਉਣਾ ਸ਼ੁਰੂ ਹੋ ਜਾਵੇਗਾ, ਇਸ ਲਈ ਇਸ ਰੀਤ ਨੂੰ ਰੋਕਿਆ ਜਾਵੇ।
ਕੌਂਸਲਰਾਂ ਦੀ ਰਾਏ ਦੇ ਬਾਵਜੂਦ ਵਿਧਾਇਕਾਂ ਤੇ ਮੇਅਰ ਨੇ ਆਪਸ ਵਿਚ ਸਲਾਹ ਕਰ ਕੇ ਕੱਲ ਹੋਣ ਜਾ ਰਹੀ ਮੀਟਿੰਗ ਵਿਚ ਚੰਦਨ ਗਰੇਵਾਲ ਨੂੰ ਵੀ ਸੱਦਾ ਭੇਜਿਆ ਹੈ ਤਾਂ ਜੋ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਟਾਲਿਆ ਜਾ ਸਕੇ।ਹੁਣ ਵਿਧਾਇਕਾਂ ਨਾਲ ਨਹੀਂ, ਮੇਅਰ ਤੇ

ਕੌਂਸਲਰਾਂ ਨਾਲ ਹੋਵੇਗੀ ਯੂਨੀਅਨ ਦੀ ਮੀਟਿੰਗ
ਮੀਟਿੰਗ ਦੌਰਾਨ ਵਿਧਾਇਕਾਂ ਨੇ ਮੇਅਰ ਨੂੰ ਕਿਹਾ ਕਿ ਯੂਨੀਅਨਾਂ ਨਾਲ ਗੱਲਬਾਤ ਦੇ ਮਾਮਲੇ ਵਿਚ ਕੌਂਸਲਰਾਂ ਦੀ ਰਾਏ ਆ ਚੁੱਕੀ ਹੈ ਅਤੇ ਇਹ ਨਿਗਮ ਦਾ ਆਪਸੀ ਮਾਮਲਾ ਹੈ। ਇਸ ਲਈ ਵਿਧਾਇਕਾਂ ਦੀ ਬਜਾਏ ਯੂਨੀਅਨ ਨਾਲ ਮੇਅਰ ਅਤੇ ਉਨ੍ਹਾਂ ਦੇ ਸਾਥੀ ਕੌਂਸਲਰ ਹੀ ਗੱਲ ਕਰਨ। ਵਿਧਾਇਕਾਂ ਦੀ ਜੇਕਰ ਲੋੜ ਪਈ ਤਾਂ ਉਹ ਸ਼ਾਰਟ ਨੋਟਿਸ 'ਤੇ ਮੀਟਿੰਗ ਵਿਚ ਆ ਜਾਣਗੇ। ਇਸ ਤੋਂ ਬਾਅਦ ਫੈਸਲਾ ਹੋਇਆ ਕਿ ਮੇਅਰ ਅਤੇ 4 ਕੌਂਸਲਰਾਂ ਦੇ ਨਾਲ ਯੂਨੀਅਨ ਦੇ 5 ਨੁਮਾਇੰਦਿਆਂ ਦੀ ਮੀਟਿੰਗ ਐਤਵਾਰ ਹੋਵੇਗੀ, ਜਿਸ ਦੌਰਾਨ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਮੌਜੂਦ ਰਹਿਣਗੇ।

535 ਸਫਾਈ ਕਰਮਚਾਰੀ ਵੀ ਕੌਂਸਲਰਾਂ ਰਾਹੀਂ ਕਿ ਜਿਸ ਤਰ੍ਹਾਂ 160 ਸੀਵਰਮੈਨਾਂ ਨੂੰ ਕੌਂਸਲਰਾਂ ਦੇ ਜ਼ਰੀਏ ਭਰਤੀ ਕੀਤਾ ਗਿਆ ਹੈ, ਉਸੇ ਤਰ੍ਹਾਂ 535 ਸਫਾਈ ਕਰਮਚਾਰੀ ਵੀ ਠੇਕੇ ਦੇ ਆਧਾਰ 'ਤੇ ਕੌਂਸਲਰਾਂ ਵਲੋਂ ਭਰਤੀ ਕੀਤੇ ਜਾਣ ਤਾਂ ਜੋ ਸਾਰੇ ਵਾਰਡਾਂ ਵਿਚ ਸਾਫ-ਸਫਾਈ ਦਾ ਕੰਮ ਠੀਕ ਢੰਗ ਨਾਲ ਹੋ ਸਕੇ। ਇਨ੍ਹਾਂ ਕੌਂਸਲਰਾਂ ਨੇ ਕਿਹਾ ਕਿ ਸਫਾਈ ਦੇ ਮਾਮਲੇ ਵਿਚ ਇੰਸਪੈਕਟਰ, ਸੁਪਰਵਾਈਜ਼ਰ ਅਤੇ ਸਫਾਈ ਕਰਮਚਾਰੀ ਉਨ੍ਹਾਂ ਦੀ ਕੋਈ ਗੱਲ ਨਹੀਂ ਮੰਨਦੇ ਅਤੇ ਕਈ ਵਾਰ ਤਾਂ ਗਾਲੀ-ਗਲੋਚ ਤੱਕ 'ਤੇ ਉਤਰ ਆਉਂਦੇ ਹਨ।

ਪਰਗਟ ਨੇ ਮੇਅਰ ਨੂੰ 'ਤਗੜਾ' ਹੋਣ ਲਈ ਕਿਹਾ
ਮੀਟਿੰਗ ਦੌਰਾਨ ਵਿਧਾਇਕ ਬੇਰੀ ਅਤੇ ਵਿਧਾਇਕ ਬਾਵਾ ਜਿਥੇ ਕੌਂਸਲਰਾਂ ਦੀ ਗੱਲ ਸੁਣਦੇ ਰਹੇ ਅਤੇ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦੇ ਰਹੇ ਉਥੇ ਵਿਧਾਇਕ ਪਰਗਟ ਸਿੰਘ ਨੇ ਮੇਅਰ ਰਾਜਾ ਨੂੰ ਸਾਫ ਸ਼ਬਦਾਂ ਵਿਚ 'ਤਗੜਾ' ਹੋਣ ਨੂੰ ਕਿਹਾ ਅਤੇ ਕਿਹਾ ਕਿ ਅਜੇ ਸਮਾਂ ਪਿਆ ਹੈ। ਹੁਣੇ ਤੋਂ ਕੁਝ ਕਰ ਲਓ। ਨਿਗਮ ਵਿਚ ਜੋ ਕਰਮਚਾਰੀ ਕੰਮ ਨਹੀਂ ਕਰ ਰਹੇ, ਉਨ੍ਹਾਂ ਨੂੰ ਇਧਰ-ਉਧਰ ਕਰੋ। ਵਿਧਾਇਕ ਪਰਗਟ ਨੇ ਕਿਹਾ ਕਿ ਇਸ ਸਮੇਂ ਮੇਅਰ ਨੂੰ ਸਾਰੇ ਕੌਂਸਲਰਾਂ ਅਤੇ ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਇਸ ਲਈ ਉਨ੍ਹਾਂ ਨੂੰ ਡਟ ਕੇ ਕੰਮ ਕਰਨਾ ਚਾਹੀਦਾ ਹੈ।
ਕੌਂਸਲਰ ਰੋਨੀ ਨੇ ਕਿਹਾ-ਮੇਅਰ ਤੇ ਕਮਿਸ਼ਨਰ ਵੀ ਤਾਂ ਕੰਮ ਨਹੀਂ ਕਰਦੇ
ਵਿਧਾਇਕ ਪਰਗਟ ਸਿੰਘ ਜਦੋਂ ਮੇਅਰ ਨੂੰ ਡਟ ਕੇ ਕੰਮ ਕਰਨ ਅਤੇ ਉਨ੍ਹਾਂ ਕਰਮਚਾਰੀਆਂ 'ਤੇ ਕਾਰਵਾਈ ਕਰਨ ਨੂੰ ਕਹਿ ਰਹੇ ਸਨ ਜੋ ਕੰਮ ਨਹੀਂ ਕਰਦੇ ਤਾਂ ਅਚਾਨਕ ਕੌਂਸਲਰ ਦਵਿੰਦਰ ਸਿੰਘ ਰੋਨੀ ਉਠ ਖੜ੍ਹੇ ਹੋਏ ਅਤੇ ਉਨ੍ਹਾਂ ਪਰਗਟ ਸਿੰਘ ਨੂੰ ਕਿਹਾ ਕਿ 'ਏਦਾਂ ਤਾਂ ਮੇਅਰ ਤੇ ਕਮਿਸ਼ਨਰ ਵੀ ਕੰਮ ਨਹੀਂ ਕਰਦੇ, ਇਨ੍ਹਾਂ ਨੂੰ ਵੀ ਬਦਲ ਦਿਓ।' ਕੌਂਸਲਰ ਰੋਨੀ ਦੇ ਅਜਿਹੇ ਤੇਵਰ ਵੇਖ ਕੇ ਜ਼ਿਆਦਾਤਰ ਕਾਂਗਰਸੀ ਕੌਂਸਲਰ ਉਨ੍ਹਾਂ ਨਾਲ ਬਹਿਸਣ ਲੱਗੇ ਅਤੇ ਇਕ ਵਾਰ ਤਾਂ ਮੇਅਰ ਨੇ ਵੀ ਰੋਨੀ ਨੂੰ ਬਾਹਰ ਚਲੇ ਜਾਣ ਨੂੰ ਕਿਹਾ ਪਰ ਰੋਨੀ ਦਾ ਕਹਿਣਾ ਸੀ ਕਿ ਉਹ ਕੌਂਸਲਰ ਹਨ ਅਤੇ ਇਸ ਆਲ ਪਾਰਟੀ ਮੀਟਿੰਗ ਵਿਚ ਆਪਣੀ ਗੱਲ ਰੱਖ ਸਕਦੇ ਹਨ।

ਫੈਸਲਾ ਨਾ ਹੋਇਆ ਤਾਂ ਸੋਮਵਾਰ ਖੁੱਲ੍ਹਵਾਈ ਜਾਵੇਗੀ ਵਰਕਸ਼ਾਪ
ਮੀਟਿੰਗ ਦੌਰਾਨ ਕੌਂਸਲਰਾਂ ਨੇ ਇਹ ਵੀ ਰਾਏ ਦਿੱਤੀ ਕਿ ਜੇਕਰ ਯੂਨੀਅਨ ਨੁਮਾਇੰਦਿਆਂ ਦੇ ਨਾਲ ਮੇਅਰ ਦਾ ਐਤਵਾਰ ਨੂੰ ਕੋਈ ਸਮਝੌਤਾ ਸਿਰੇ ਨਹੀਂ ਚੜ੍ਹਦਾ ਹੈ ਤਾਂ ਸੋਮਵਾਰ ਨੂੰ ਨਿਗਮ ਦੀ ਵਰਕਸ਼ਾਪ ਨੂੰ ਖੁਲ੍ਹਵਾ ਕੇ ਆਪਣੇ ਆਦਮੀਆਂ ਤੋਂ ਗੱਡੀਆਂ ਚਲਵਾਈਆਂ ਜਾਣ ਅਤੇ ਸ਼ਹਿਰ ਦੀ ਸਫਾਈ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਅੱਜ ਵਿਧਾਇਕਾਂ, ਮੇਅਰ ਅਤੇ ਕੌਂਸਲਰਾਂ ਦੀ ਹੋਈ ਇਸ ਮੀਟਿੰਗ ਦੌਰਾਨ ਕੁਝ ਸਮੇਂ ਲਈ ਨਿਗਮ ਯੂਨੀਅਨ ਦੇ ਪ੍ਰਧਾਨ ਪਵਨ ਬਾਬਾ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਪਵਨ ਬਾਬਾ ਦਾ ਗਰੁੱਪ ਹੜਤਾਲ ਵਿਚ ਸ਼ਾਮਲ ਨਹੀਂ ਹੈ ਅਤੇ ਇਨ੍ਹੀਂ ਦਿਨੀਂ ਸਫਾਈ ਦੇ ਮਾਮਲੇ ਵਿਚ ਨਿਗਮ ਦਾ ਸਹਿਯੋਗ ਕਰ ਰਿਹਾ ਹੈ।

ਕੂੜੇ 'ਚ ਬਰਸਾਤੀ ਪਾਣੀ ਮਿਕਸ ਹੋਣ ਨਾਲ ਵਾਇਰਲ ਫੈਲਣ ਵਰਗੇ ਹਾਲਾਤ ਬਣੇ
ਇਨ੍ਹੀਂ ਦਿਨੀਂ ਸ਼ਹਿਰ ਵਿਚ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਣ ਜ਼ਿਆਦਾਤਰ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਹਨ। ਅੱਜ ਸ਼ਹਿਰ ਵਿਚ ਪਏ ਮੀਂਹ ਦਾ ਪਾਣੀ ਜਿਸ ਤਰ੍ਹਾਂ ਕੂੜੇ ਵਿਚ ਮਿਕਸ ਹੋ ਕੇ ਚਿੱਕੜ ਦੇ ਰੂਪ ਵਿਚ ਤਬਦੀਲ ਹੋਇਆ, ਉਸ ਨਾਲ ਸ਼ਹਿਰ ਵਿਚ ਵਾਇਰਸ ਫੈਲਣ ਜਿਹੇ ਹਾਲਾਤ ਬਣ ਗਏ ਹਨ। ਸ਼ਹਿਰ ਦੇ ਸਾਰੇ ਮੁਹੱਲਿਆਂ ਤੇ ਗਲੀਆਂ, ਡੰਪ ਸਥਾਨਾਂ ਅਤੇ ਸੜਕਾਂ 'ਤੋਂ ਕੂੜਾ ਚੁੱਕਣ ਦੇ ਜੇਕਰ ਤਤਕਾਲ ਇੰਤਜ਼ਾਮ ਨਾ ਕੀਤੇ ਗਏ ਤਾਂ ਸ਼ਹਿਰ ਵਿਚ ਬੀਮਾਰੀ ਫੈਲਣ ਦੀ ਨੌਬਤ ਆ ਸਕਦੀ ਹੈ।

ਟੋਇਆਂ ਵਿਚ ਪਾਣੀ ਭਰਨ ਨਾਲ ਸੜਕਾਂ ਖਤਰਨਾਕ ਹੋਈਆਂ
ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਟੁੱਟੀਆਂ ਹੋਈਆਂ ਹਨ। ਸ਼ਹਿਰ ਵਿਚ ਪਏ ਮੀਂਹ ਕਾਰਣ ਇਨ੍ਹਾਂ ਟੁੱਟੀਆਂ ਸੜਕਾਂ ਦੇ ਟੋਇਆਂ ਵਿਚ ਪਾਣੀ ਭਰ ਗਿਆ ਜਿਸ ਕਾਰਣ ਇਹ ਸੜਕਾਂ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਗਈਆਂ ਹਨ ਕਿਉਂਕਿ ਪਾਣੀ ਦੇ ਕਾਰਣ ਟੋਇਆਂ ਦਾ ਪਤਾ ਹੀ ਨਹੀਂ ਲੱਗਦਾ ਅਤੇ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਨਿਗਮ ਨੂੰ ਜਲਦੀ ਪੈਚਵਰਕ ਵਲ ਧਿਆਨ ਦੇਣਾ ਚਾਹੀਦਾ ਹੈ।

shivani attri

This news is Content Editor shivani attri