ਜਿਨ੍ਹਾਂ ਨੂੰ ਨਿਗਮ ਬਚਾਉਂਦਾ ਰਿਹਾ, ਉਨ੍ਹਾਂ ਨੇ ਹੀ ਬੇਰੀ ਤੇ ਮੇਅਰ ਖਿਲਾਫ ਲਾਇਆ ਧਰਨਾ

11/21/2019 3:45:41 PM

ਜਲੰਧਰ (ਖੁਰਾਣਾ)— ਕਈ ਮਹੀਨੇ ਪਹਿਲਾਂ ਜਲੰਧਰ ਨਗਰ ਨਿਗਮ ਪ੍ਰਸ਼ਾਸਨ ਨੇ ਪੁਲਸ ਪ੍ਰਸ਼ਾਸਨ ਨਾਲ ਮਿਲ ਕੇ ਜੋਤੀ ਚੌਕ ਕੋਲ ਲੱਗਦੇ ਸੰਡੇ ਬਾਜ਼ਾਰ ਨੂੰ ਸ਼ਿਫਟ ਕਰਨ ਦੀ ਪੂਰੀ ਤਿਆਰੀ ਕਰ ਲਈ ਸੀ, ਜਿਸ ਦਾ ਸਾਰਾ ਹੋਮਵਰਕ ਕਰਨ ਤੋਂ ਬਾਅਦ ਇਸ ਸੰਡੇ ਬਾਜ਼ਾਰ ਨੂੰ ਵਿਜੇ ਢਾਬੇ ਦੇ ਸਾਹਮਣੇ ਨਿਗਮ ਦੀ ਖਾਲੀ ਪਈ ਜ਼ਮੀਨ 'ਤੇ ਸ਼ਿਫਟ ਕਰਨ ਦੀ ਯੋਜਨਾ ਸੀ। ਇਸ ਯੋਜਨਾ ਤਹਿਤ ਨਿਗਮ ਨੇ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਸਾਫ ਕਰਵਾ ਦਿੱਤਾ ਸੀ ਅਤੇ ਦਰਜਨਾਂ ਟਰੱਕ ਮਲਬਾ ਚੁੱਕ ਕੇ ਪੂਰੀ ਤਿਆਰੀ ਕਰ ਲਈ ਸੀ ਪਰ ਕੌਂਸਲਰ ਸ਼ੈਰੀ ਚੱਢਾ ਦੇ ਦਖਲ ਤੋਂ ਬਾਅਦ ਸੈਂਟਰਲ ਹਲਕੇ ਤੋਂ ਵਿਧਾਇਕ ਰਾਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਨੇ ਕੁਝ ਸ਼ਰਤਾਂ ਤੋਂ ਬਾਅਦ ਸੰਡੇ ਮਾਰਕੀਟ ਬਾਜ਼ਾਰ ਨੂੰ ਸ਼ਿਫਟ ਕਰਨ ਦਾ ਪ੍ਰੋਗਰਾਮ ਟਾਲ ਦਿੱਤਾ ਸੀ।

ਕੌਂਸਲਰ ਬੇਰੀ ਅਤੇ ਮੇਅਰ ਰਾਜਾ ਨੇ ਕਮਿਸ਼ਨਰ ਨੂੰ ਨਾਲ ਲੈ ਕੇ ਕਈ ਮਹੀਨੇ ਪਹਿਲਾਂ ਜੋਤੀ ਚੌਕ ਕੋਲ ਲੱਗਦੀ ਸੁਦਾਮਾ ਮਾਰਕੀਟ ਦਾ ਪੈਦਲ ਦੌਰਾ ਕੀਤਾ ਸੀ ਅਤੇ ਉਥੇ ਪ੍ਰਾਜੈਕਟ ਬਣਾਉਣ 'ਤੇ ਵਿਚਾਰ ਚੱਲਿਆ ਸੀ ਪਰ ਉਸ 'ਤੇ ਵੀ ਕੋਈ ਕਾਰਵਾਈ ਨਾ ਕਰ ਕੇ ਸੁਦਾਮਾ ਮਾਰਕੀਟ ਨੂੰ ਜਿਵੇਂ ਦਾ ਤਿਵੇਂ ਰਹਿਣ ਦਿੱਤਾ ਗਿਆ। ਵਿਧਾਇਕ ਬੇਰੀ ਨੇ ਕਿਹਾ ਕਿ ਮਹੀਨਾ ਪਹਿਲਾਂ ਪਲਾਜ਼ਾ ਚੌਕ ਤੋਂ ਜੋਤੀ ਚੌਕ ਦਰਮਿਆਨ ਹੋਏ ਕਬਜ਼ਿਆਂ ਨੂੰ ਹਟਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਉਸ ਮੁਹਿੰਮ 'ਤੇ ਵੀ ਇਕ ਦਿਨ ਦੀ ਕਾਰਵਾਈ ਤੋਂ ਬਾਅਦ ਕੋਈ ਅਮਲ ਨਹੀਂ ਕੀਤਾ ਗਿਆ, ਜਿਸ ਕਾਰਨ ਅੱਜ ਵੀ ਸ਼ੂਜ਼ ਮਾਰਕੀਟ ਓਲਡ ਜੀ. ਟੀ. ਰੋਡ 'ਤੇ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੀ ਹੈ।
ਇਸੇ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਬੇਰੀ ਅਤੇ ਮੇਅਰ ਰਾਜਾ ਨੇ ਸੰਡੇ ਬਾਜ਼ਾਰ, ਸੁਦਾਮਾ ਮਾਰਕੀਟ ਅਤੇ ਨਾਜਾਇਜ਼ ਤੌਰ 'ਤੇ ਲੱਗਦੀ ਸ਼ੂਜ਼ ਮਾਰਕੀਟ 'ਤੇ ਆਪਣੀਆਂ ਨਜ਼ਰਾਂ ਇਨਾਇਤ ਕੀਤੀਆਂ ਹੋਈਆਂ ਹਨ ਪਰ ਬੀਤੇ ਦਿਨ ਇਨ੍ਹਾਂ ਤਿੰਨਾਂ ਮਾਰਕੀਟਾਂ ਦੇ ਦੁਕਾਨਦਾਰਾਂ ਨੇ ਟਿੱਕੀਆਂ ਵਾਲੇ ਚੌਕ ਤੋਂ ਹਟਾਏ ਗਏ ਫੜ੍ਹੀ ਵਾਲਿਆਂ ਦਾ ਸਾਥ ਦਿੰਦੇ ਹੋਏ ਮਹਾਰਿਸ਼ੀ ਵਾਲਮੀਕਿ ਚੌਕ 'ਚ ਨਿਗਮ ਖਿਲਾਫ ਜ਼ੋਰਦਾਰ ਧਰਨਾ ਦਿੱਤਾ ਅਤੇ ਵਿਧਾਇਕ ਬੇਰੀ ਅਤੇ ਮੇਅਰ ਰਾਜਾ ਤੋਂ ਇਲਾਵਾ ਕਾਂਗਰਸ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਮੇਅਰ ਜਗਦੀਸ਼ ਰਾਜਾ ਦੇ ਸ਼ਕਤੀ ਨਗਰ ਸਥਿਤ ਘਰ ਦੇ ਸਾਹਮਣੇ ਜਾ ਕੇ ਉਨ੍ਹਾਂ ਦਾ ਪੁਤਲਾ ਵੀ ਫੂਕਿਆ ਤੇ ਘੜਾ ਭੰਨ ਕੇ ਆਪਣਾ ਰੋਸ ਪ੍ਰਗਟ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਨਿਗਮ ਯੂਨੀਅਨ ਦੇ ਆਗੂ ਚੰਦਨ ਗਰੇਵਾਲ ਦਾ ਵੀ ਸਾਥ ਮਿਲਿਆ, ਜਿਨ੍ਹਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਫੜ੍ਹੀ ਵਾਲਿਆਂ ਦਾ ਰੋਜ਼ਗਾਰ ਖੋਹਿਆ ਗਿਆ ਹੈ ਉਨ੍ਹਾਂ ਨੂੰ ਕਿਤੇ ਅਡਜਸਟ ਕੀਤਾ ਜਾਵੇ।

ਕਬਜ਼ੇ ਹਟਾਉਣ ਲਈ ਸਰਕਾਰ ਨੇ ਦਿੱਤੀ ਹਰੀ ਝੰਡੀ
ਇਸ ਦੌਰਾਨ ਪਤਾ ਲੱਗਾ ਹੈ ਕਿ ਨਗਰ ਨਿਗਮ ਨੇ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਹੋਏ ਕਬਜ਼ਿਆਂ ਬਾਰੇ ਮੁਹਿੰਮ ਛੇੜੀ ਹੋਈ ਹੈ, ਉਸ ਨੂੰ ਸਰਕਾਰ ਦੀ ਹਰੀ ਝੰਡੀ ਮਿਲ ਗਈ ਹੈ, ਜਿਸ ਕਾਰਨ ਇਹ ਮੁਹਿੰਮ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗੀ। ਸਾਵਧਾਨੀ ਵਜੋਂ ਅਜਿਹੀਆਂ ਵੱਡੀਆਂ ਕਾਰਵਾਈਆਂ ਨੂੰ ਰਾਤ ਵੇਲੇ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਜੋ ਜ਼ਿਆਦਾ ਵਿਰੋਧ ਨਾ ਹੋਵੇ। ਸਰਕਾਰ ਅਤੇ ਅਦਾਲਤ ਦੇ ਆਏ ਨਿਰਦੇਸ਼ਾਂ ਤੋਂ ਬਾਅਦ ਵਿਧਾਇਕ ਬੇਰੀ ਅਤੇ ਮੇਅਰ ਰਾਜਾ ਨੇ ਦੁਕਾਨਦਾਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਟਿੱਕੀਆਂ ਵਾਲੇ ਚੌਕ 'ਤੇ ਦੁਬਾਰਾ ਫੜ੍ਹੀਆਂ ਨਹੀਂ ਲਾਉਣ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਫੜ੍ਹੀ ਵਾਲਿਆਂ ਨੇ ਬੀਤੇ ਦਿਨ ਆਪਣੀ ਮੰਗ ਸਬੰਧੀ ਵਿਧਾਇਕ ਬੇਰੀ ਅਤੇ ਮੇਅਰ ਨਾਲ ਮੁਲਾਕਾਤ ਕੀਤੀ ਸੀ।

shivani attri

This news is Content Editor shivani attri