ਅੰਮ੍ਰਿਤਸਰ ਦੀ ਮਹਿਲਾ ਠੇਕੇਦਾਰ ਵੀਰਮਾ ''ਤੇ ਦਰਜ ਹੋਵੇਗੀ ਐੱਫ. ਆਈ. ਆਰ.

04/28/2019 6:06:47 PM

ਜਲੰਧਰ (ਖੁਰਾਣਾ)— ਨਗਰ ਨਿਗਮ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੀ ਮਹਿਲਾ ਠੇਕੇਦਾਰ ਵੀਰਮਾ 'ਤੇ ਪੁਲਸ ਨੇ ਐੈੱਫ. ਆਈ. ਆਰ. ਦਰਜ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਮਹਿਲਾ ਠੇਕੇਦਾਰ ਵੀਰਮਾ ਨੇ ਵੀ. ਐੈੱਚ. ਐਂਟਰਪ੍ਰਾਈਜ਼ਿਜ਼ ਨਾਂ ਦੀ ਫਰਮ ਬਣਾ ਕੇ 2015 ਵਿਚ ਜਲੰਧਰ ਨਗਰ ਨਿਗਮ ਦਾ ਇਕ ਟੈਂਡਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਡੀ. ਸੀ. ਰੇਟਾਂ 'ਤੇ ਲੇਬਰ ਰੱਖਣ ਲਈ 55 ਲੱਖ ਦਾ ਸੀ। ਤਦ ਨਿਗਮ 'ਤੇ ਅਕਾਲੀ-ਭਾਜਪਾ ਦਾ ਰਾਜ ਸੀ ਤੇ ਸੁਨੀਲ ਜੋਤੀ ਮੇਅਰ ਸਨ।
ਮਹਿਲਾ ਠੇਕੇਦਾਰ ਵੀਰਮਾ ਦੀ ਫਰਮ ਨੇ 55.11 ਲੱਖ ਰੁਪਏ ਦਾ ਟੈਂਡਰ ਹਥਿਆਉਣ ਲਈ ਟੈਂਡਰ ਫਾਰਮ ਦੇ ਨਾਲ ਈ. ਪੀ. ਐੱਫ. ਨੰਬਰ ਅਤੇ ਵੈਟ ਨੰਬਰ ਦੇ ਜੋ ਕਾਗਜ਼ਾਤ ਲਾਏ, ਉਹ ਜਾਂਚ ਦੌਰਾਨ ਜਾਅਲੀ ਪਾਏ ਗਏ, ਜਿਸ ਤੋਂ ਬਾਅਦ ਇਹ ਠੇਕਾ ਵੀ. ਐੈੱਚ. ਐਂਟਰਪ੍ਰਾਈਜ਼ਿਜ਼ ਨੂੰ ਨਾ ਦੇ ਕੇ ਦੂਜੇ ਠੇਕੇਦਾਰ ਗੌਰਵ ਗੁਪਤਾ ਨੂੰ ਦੇ ਦਿੱਤਾ ਗਿਆ। ਤਦ ਇਹ ਮਾਮਲਾ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਕਮੇਟੀ ਵਿਚ ਆਇਆ, ਜਿੱਥੇ ਧੋਖਾਦੇਹੀ ਕਰਨ ਵਾਲੀ ਫਰਮ ਵਲੋਂ ਕੀਤੀ ਗਈ ਜਾਅਲਸਾਜ਼ੀ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ, ਜਿਸ ਵਿਚ ਐਕਸੀਅਨ ਰਵਿੰਦਰ ਕੁਮਾਰ ਤੇ ਉਦੇ ਖੁਰਾਣਾ ਨੂੰ ਮੈਂਬਰ ਬਣਾਇਆ ਗਿਆ।
ਇਸ ਕਮੇਟੀ ਨੇ ਮਹਿਲਾ ਠੇਕੇਦਾਰ ਦੀ ਕੰਪਨੀ ਖਿਲਾਫ ਜੋ ਰਿਪੋਰਟ ਦਿੱਤੀ ਉਸ 'ਤੇ ਅਕਾਲੀ ਭਾਜਪਾ ਰਾਜ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਐੱਫ. ਐਂਡ ਸੀ. ਸੀ. ਬੈਠਕ 'ਚ ਦੋਬਾਰਾ ਪ੍ਰਸਤਾਵ ਲਿਆ ਕੇ ਕੋਈ ਫੈਸਲਾ ਲਿਆ ਗਿਆ। ਤਦ ਉਸ ਜਾਂਚ ਕਮੇਟੀ ਦੀ ਫਾਈਲ ਵੀ ਨਿਗਮ ਰਿਕਾਰਡ ਤੋਂ ਗੁਆਚ ਗਈ ਹੈ ਅਤੇ ਮੌਜੂਦਾ ਮੇਅਰ ਜਗਦੀਸ਼ ਰਾਜਾ ਨੇ ਇਸ ਸਕੈਂਡਲ ਨੂੰ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ। ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਕਈ ਦਿਨ ਜਾਂਚ ਕਰਨ ਤੋਂ ਬਾਅਦ ਗੁਆਚੀ ਫਾਈਲ ਬਾਰੇ ਰਿਪੋਰਟ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ, ਜੋ ਮੇਅਰ ਟੇਬਲ ਤੱਕ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਇਸ ਮਾਮਲੇ ਵਿਚ ਵੱਡਾ ਐਕਸ਼ਨ ਹੋਣ ਦੀ ਸੰਭਾਵਨਾ ਹੈ।
ਰਾਜਨ ਗੁਪਤਾ ਦੇ ਪੱਖ ਵਿਚ ਉਤਰੇ ਚੰਦਨ ਗਰੇਵਾਲ 
ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਵੀ. ਐੱਚ. ਐਂਟਰਪ੍ਰਾਈਜ਼ਿਜ਼ ਖਿਲਾਫ ਹੋਈ ਪੁਰਾਣੀ ਜਾਂਚ ਦੀਆਂ ਫਾਈਲਾਂ ਦੀ ਜਾਂਚ ਕਰਦਿਆਂ ਪਾਇਆ ਹੈ ਕਿ ਫਾਈਲ ਦੀ ਆਖਰੀ ਮੂਵਮੈਂਟ ਸਹਾਇਕ ਰਾਜਨ ਗੁਪਤਾ ਦੇ ਨਾਂ 'ਤੇ ਹੈ। ਰਾਜਨ ਗੁਪਤਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਸਤਾਵੇਜ਼ ਦੇ ਕੇ ਕਿਹਾ ਕਿ ਉਨ੍ਹਾਂ 17 ਮਾਰਚ 2016 ਨੂੰ ਇਹ ਫਾਈਲਾਂ ਟੈਂਡਰ ਸੈੱਲ ਨੂੰ ਭੇਜ ਦਿੱਤੀਆਂ ਸਨ, ਜਿਨ੍ਹਾਂ ਦਾ ਰਿਕਾਰਡ ਉਨ੍ਹਾਂ ਕੋਲ ਹੈ। ਟੈਂਡਰ ਸੈੱਲ ਨੇ ਉਸੇ ਦਿਨ ਇਹ ਫਾਈਲਾਂ ਏਜੰਡਾ ਸ਼ਾਖਾ ਨੂੰ ਭੇਜ ਦਿੱਤੀਆਂ ਸਨ। ਇਹ ਫਾਈਲਾਂ ਰਾਜਨ ਕੋਲ ਵਾਪਸ ਨਹੀਂ ਆਈਆਂ ਅਤੇ 18 ਮਾਰਚ ਨੂੰ ਲੇਖਾ ਸ਼ਾਖਾ ਵਿਚ ਚਲੀਆਂ ਗਈਆਂ, ਜਿਥੇ ਅਜੇ ਵੀ ਇਹ ਫਾਈਲਾਂ ਅਕਾਊਂਟ ਤੇ ਆਡਿਟ ਸ਼ਾਖਾ ਵਿਚ ਹਨ।
ਇਸ ਦੌਰਾਨ ਰਾਜਨ ਗੁਪਤਾ ਦੇ ਹੱਕ ਵਿਚ ਉਤਰੇ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਕਿਹਾ ਕਿ ਉਸ ਸਮੇਂ ਵਿਰੋਧੀ ਧਿਰ ਦੇ ਆਗੂ ਜਗਦੀਸ਼ ਰਾਜਾ ਤੇ ਡਾਇਨੈਮਿਕ ਗਰੁੱਪ ਦੇ ਪ੍ਰਧਾਨ ਸੁਸ਼ੀਲ ਰਿੰਕੂ ਨੇ ਇਹ ਮਾਮਲਾ ਉਠਾਇਆ ਨਹੀਂ, ਹੁਣ ਆਪਣੀ ਰਾਜਨੀਤੀ ਚਮਕਾਉਣ ਲਈ ਕਰਮਚਾਰੀਆਂ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਚਹੇਤੇ ਠੇਕੇਦਾਰਾਂ ਨੂੰ ਖੁਸ਼ ਕਰਨ ਲਈ ਸਭ ਕਰ ਰਹੀ ਹੈ। ਨਿਗਮ ਠੇਕੇਦਾਰਾਂ 'ਤੇ ਜੋ ਮਰਜ਼ੀ ਕਾਰਵਾਈ ਕਰੇ ਪਰ ਨਿਗਮ ਮੁਲਾਜ਼ਮਾਂ ਨਾਲ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਬਿਸ਼ਨ ਦਾਸ ਸਹੋਤਾ, ਬੰਟੂ ਸੱਭਰਵਾਲ, ਸੰਨੀ ਸਹੋਤਾ, ਸਿਕੰਦਰ ਗਿੱਲ, ਅਸ਼ਵਨੀ ਗਿੱਲ, ਵਿੱਕੀ ਸਹੋਤਾ, ਰਾਜੇਸ਼ ਸ਼ਰਮਾ, ਉਦੇ ਖੁਰਾਣਾ, ਸਚਿਨ ਬੱਤਰਾ ਤੇ ਹੋਰ ਯੂਨੀਅਨ ਆਗੂ ਵੀ ਚੰਦਨ ਗਰੇਵਾਲ ਦੇ ਆਫਿਸ ਵਿਚ ਮੌਜੂਦ ਸਨ।
ਪੀ. ਐੱਫ. ਅਤੇ ਐਕਸਾਈਜ਼ ਵਿਭਾਗ ਨੇ ਕੀਤੀ ਸੀ ਲੀਗਲ ਕਾਰਵਾਈ ਦੀ ਸਿਫਾਰਿਸ਼
ਫਰਵਰੀ 2015 'ਚ ਅੰਮ੍ਰਿਤਸਰ ਦੀ ਮਹਿਲਾ ਠੇਕੇਦਾਰ ਵੀਰਮਾ ਵਲੋਂ ਬਣਾਈ ਗਈ ਫਰਮ ਵੀ. ਐੈੱਚ. ਐਂਟਰਪ੍ਰਾਈਜ਼ਿਜ਼ ਜੋ 456ਬੀ ਮੇਨ ਰੋਡ ਕੋਟ ਖਾਲਸਾ ਅੰਮ੍ਰਿਤਸਰ ਦੇ ਨਾਂ ਰਜਿਸਟਰਡ ਹੈ, 'ਤੇ ਐਕਸਾਈਜ਼ ਵਿਭਾਗ ਨੇ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀ। ਤਦ ਅਸਿਸਟੈਂਟ ਪੀ. ਐੈੱਫ. ਕਮਿਸ਼ਨਰ ਜੈ ਸ਼ੰਕਰ ਪ੍ਰਸਾਦ ਨੇ ਨਿਗਮ ਨੂੰ ਚਿੱਠੀ ਲਿਖ ਕੇ ਸਾਫ ਕਿਹਾ ਸੀ ਕਿ ਵੀ. ਐੈੱਚ. ਐਂਟਰਪ੍ਰਾਈਜ਼ਿਜ਼ ਵਲੋਂ ਦਿੱਤਾ ਗਿਆ ਨੰਬਰ ਫਰਜ਼ੀ ਹੈ। ਫਰਮ 'ਤੇ ਲੀਗਲ ਐਕਸ਼ਨ ਲਈ ਕੇਸ ਨੂੰ ਅੰਮ੍ਰਿਤਸਰ ਪੀ. ਐੈੱਫ. ਆਫਿਸ ਭੇਜ ਦਿੱਤਾ ਗਿਆ ਹੈ। ਨਿਗਮ ਵੀ ਫਰਾਡ ਕਰਨ ਵਾਲੇ ਠੇਕੇਦਾਰ 'ਤੇ ਕਾਰਵਾਈ ਕਰੇ ਤੇ ਪੀ. ਐੱਫ. ਨੂੰ ਸੂਚਿਤ ਕਰੇ। ਇਸੇ ਤਰ੍ਹਾਂ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਏ. ਈ. ਟੀ. ਸੀ. ਨੇ ਵੀ ਨਿਗਮ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਵੀ. ਐੈੱਚ. ਐਂਟਰਪ੍ਰਾਈਜ਼ਿਜ਼ ਵਲੋਂ ਦਿੱਤਾ ਗਿਆ ਵੈਟ ਨੰਬਰ ਬੋਗਸ ਤੇ ਫਰਜ਼ੀ ਹੈ। ਫਰਮ 'ਤੇ ਵੱਡੀ ਕਾਰਵਾਈ ਕੀਤੀ ਜਾਵੇ।
ਠੇਕੇਦਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ : ਮੇਅਰ
ਮੇਅਰ ਜਗਦੀਸ਼ ਰਾਜਾ ਨੇ ਪੂਰੇ ਮਾਮਲੇ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਤੇ ਉਸ ਤੋਂ ਬਾਅਦ ਵੀ ਠੇਕੇਦਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਿਲਸਿਲੇ ਵਿਚ ਫਾਇਲ ਗਾਇਬ ਹੋ ਗਈ। ਆਖਰੀ ਵਾਰ ਕਿਸ ਕੋਲ ਸੀ ਇਸ ਦਾ ਰਿਕਾਰਡ, ਅਜੇ ਉਨ੍ਹਾਂ ਵੇਖਣਾ ਹੈ। ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਜੋ ਫਾਈਂਡਿੰਗ ਦਿੱਤੀ ਹੈ, ਉਸ ਦੇ ਆਧਾਰ 'ਤੇ ਅਗਲਾ ਐਕਸ਼ਨ ਲਿਆ ਜਾਵੇਗਾ
ਅੰਮ੍ਰਿਤਸਰ ਨਿਗਮ ਵਿਚ ਵੀ ਘਪਲੇ ਦੇ ਆਸਾਰ
ਅੰਮ੍ਰਿਤਸਰ ਨਾਲ ਸਬੰਧਤ ਮਹਿਲਾ ਠੇਕੇਦਾਰ ਵਲੋਂ ਜਲੰਧਰ ਨਿਗਮ ਦੇ ਨਾਲ ਕੀਤੇ ਗਏ ਫਰਾਡ ਦੀ ਜਾਂਚ ਦੁਬਾਰਾ ਖੁੱਲ੍ਹਣ ਨਾਲ ਜੋ ਖੁਲਾਸੇ ਹੋ ਰਹੇ ਹਨ, ਉਸ ਨਾਲ ਨਿਗਮ ਦੇ ਠੇਕੇਦਾਰਾਂ ਵਿਚ ਚਰਚਾ ਹੈ ਕਿ ਅਜਿਹੇ ਫਰਾਡ ਅੰਮ੍ਰਿਤਸਰ ਨਗਰ ਨਿਗਮ ਵਿਚ ਵੀ ਹੋਏ ਹੋਣਗੇ। ਠੇਕੇਦਾਰਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਲ ਠੇਕੇਦਾਰ ਸਿਆਸੀ ਸੰਪਰਕਾਂ ਦਾ ਫਾਇਦਾ ਲੈ ਕੇ ਵੱਖ-ਵੱਖ ਨਿਗਮਾਂ ਵਿਚ ਵੱਖ-ਵੱਖ ਨਾਂ ਨਾਲ ਟੈਂਡਰ ਲੈਂਦਾ ਰਹਿੰਦਾ ਹੈ। ਜੇਕਰ ਇਨ੍ਹਾਂ ਕੰਮਾਂ ਦੀ ਨਿਰਪੱਖ ਜਾਂਚ ਹੋਵੇ ਤਾਂ ਹੋਰ ਵੀ ਫਰਾਡ ਦੇ ਕੇਸ ਸਾਹਮਣੇ ਆ ਸਕਦੇ ਹਨ।

shivani attri

This news is Content Editor shivani attri