ਸੰਤੋਖ ਚੌਧਰੀ ਵੱਲੋਂ ਭਰੋਸਾ ਦੇਣ ''ਤੇ ਸਫਾਈ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ

02/23/2019 3:27:40 PM

ਜਲੰਧਰ (ਸੋਨੂੰ)— ਨਗਰ ਨਿਗਮ ਦੇ ਸਫਾਈ ਮੁਲਾਜ਼ਮਾਂ ਵੱਲੋਂ ਤਿੰਨ ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਅੱਜ ਸੰਸਦ ਮੈਂਬਰ ਸੰਤੋਖ ਚੌਧਰੀ ਵੱਲੋਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਖਤਮ ਕਰ ਦਿੱਤੀ ਗਈ। ਨਗਰ-ਨਿਗਮ ਪਹੁੰਚੇ ਸੰਤੋਖ ਚੌਧਰੀ ਨੇ ਭਰੋਸਾ ਦਿੱਤਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਸਮੇਤ ਉਨ੍ਹਾਂ ਦੇ ਨੇਤਾਵਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਹ ਹਮੇਸ਼ਾ ਮੁਲਾਜ਼ਮਾਂ ਦੇ ਨਾਲ ਹਨ ਅਤੇ ਜਲਦੀ ਹੀ ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਉਥੇ ਹੀ ਚੰਦਨ ਗਰੇਵਾਲ ਨੇ ਕਿਹਾ ਕਿ ਭਰੋਸੇ ਦੇ ਚਲਦਿਆਂ ਉਹ ਹੜਤਾਲ ਖਤਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵੀ ਜਨਤਾ ਨੂੰ ਮੁਸ਼ਕਿਲਾਂ ਆਈਆਂ ਹਨ, ਉਨ੍ਹਾਂ ਦੇ ਲਈ ਉਹ ਜਨਤਾ ਕੋਲੋਂ ਮੁਆਫੀ ਮੰਗਦੇ ਹਨ। 


ਬੀਤੇ ਦਿਨੀਂ ਕਾਂਗਰਸ ਅਤੇ ਅਕਾਲੀਆਂ ਵੱਲੋਂ ਇਕ-ਦੂਜੇ ਨੇਤਾਵਾਂ ਖਿਲਾਫ ਲਗਾਏ ਪੋਸਟਰ ਅਤੇ ਸ਼ਹਿਰ 'ਚ ਜਗ੍ਹਾ-ਜਗ੍ਹਾ ਲੱਗਣ ਵਾਲੇ ਬੋਰਡਾਂ 'ਤੇ ਸੰਤੋਖ ਚੌਧਰੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਇਸ ਦੇ ਲਈ ਜ਼ਿੰਮੇਵਾਰ ਹਾਂ ਪਰ ਇਹ ਸਭ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੇਅਰ ਜਗਦੀਸ਼ ਰਾਜਾ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਸ਼ਹਿਰ 'ਚ ਸਾਰੇ ਬੋਰਡ ਉਤਰਵਾਉਣ। ਉਨ੍ਹਾਂ ਨੇ  ਲੋਕਾਂ ਨੂੰ ਸ਼ਹਿਰ ਦੀ ਸੁੰਦਰਤਾ ਦੇ ਚਲਦਿਆਂ ਸਹਿਯੋਗ ਦੇਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਬੋਰਡ ਵਾਰ ਦੇ ਚਲਦਿਆਂ ਧਾਰਮਿਕ, ਸਮਾਜਿਕ ਸੰਸਥਾਵਾਂ ਵੱਲੋਂ ਸਮਾਗਮਾਂ ਦੇ ਬੋਰਡ ਲਗਾਏ ਜਾਂਦੇ ਹਨ ਤਾਂ ਰਾਜਨੀਤੀ ਪਾਰਟੀਆਂ ਵੱਲੋਂ ਵੀ ਸੁਆਗਤੀ ਬੋਰਡ ਲਗਾਏ ਜਾਂਦੇ ਹਨ, ਜਿਸ ਨਾਲ ਸਾਰਾ ਸ਼ਹਿਰ ਬੋਰਡਾਂ ਨਾਲ ਭਰ ਜਾਂਦਾ ਹੈ।

shivani attri

This news is Content Editor shivani attri