ਰਿਮੋਟ ਨਾਲ ਫੜ੍ਹਿਆ ਗਿਆ ਮੋਟਰਸਾਈਕਲ ਚੋਰ

02/11/2019 8:34:18 PM

ਹੁਸ਼ਿਆਰਪੁਰ, (ਅਮਰਿੰਦਰ)-ਥਾਣਾ ਮਾਡਲ ਟਾਊਨ ਅਧੀਨ ਪੁਰਹੀਰਾਂ ਪੁਲਸ ਚੌਕੀ ਦੀ ਟੀਮ ਨੇ ਮੋਟਰਸਾਈਕਲ ਵਿਚ ਲੱਗੇ ਰਿਮੋਟ ਕੰਟਰੋਲ ਸਹਾਰੇ ਬਹੁਤ ਹੀ ਨਾਟਕੀ ਅੰਦਾਜ਼ ਵਿਚ ਮੋਟਰਸਾਈਕਲ ਚੋਰ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਸ ਨੇ ਨਸ਼ਿਆਂ ਦੇ ਆਦੀ ਚੋਰ ਰਣਜੀਤ ਸਿੰਘ ਉਰਫ ਕਾਲਾ ਪੁੱਤਰ ਹਰੀ ਰਾਮ ਵਾਸੀ ਭੀਮ ਨਗਰ ਦੇ ਘਰੋਂ ਚੋਰੀਸ਼ੁਦਾ 3 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਅੱਜ ਦੁਪਹਿਰੇ ਥਾਣਾ ਮਾਡਲ ਟਾਊਨ ਵਿਖੇ ਦੋਸ਼ੀ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਨੇ ਹੋਰ ਵੀ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਹੋਣਗੇ। ਪੁਲਸ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਮੰਗੇਗੀ ਤਾਂ ਜੋ ਹੋਰ ਪੁੱਛਗਿੱਛ ਹੋ ਸਕੇ।

ਦੋਸ਼ੀ ਨਾਟਕੀ ਅੰਦਾਜ਼ ਨਾਲ ਆਇਆ ਕਾਬੂ

ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ ਸ਼ਾਮ ਪੁਰਹੀਰਾਂ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸੋਹਣ ਲਾਲ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਬਾਲ ਕ੍ਰਿਸ਼ਨ ਪੁੱਤਰ ਰਾਮ ਲੁਭਾਇਆ ਵਾਸੀ ਸੁਤਹਿਰੀ ਖੁਰਦ ਨੇ ਦੱਸਿਆ ਕਿ ਕਿਸੇ ਨੇ ਮੰਡੀ ’ਚੋਂ ਉਸ ਦਾ ਮੋਟਰਸਾਈਕਲ ਚੋਰੀ ਕਰ ਲਿਆ ਹੈ। ਬਾਲ ਕ੍ਰਿਸ਼ਨ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਮੋਟਰਸਾਈਕਲ ਰਿਮੋਟ ਕੰਟਰੋਲ ਨਾਲ ਸਟਾਰਟ ਅਤੇ ਬੰਦ ਹੁੰਦਾ ਹੈ। ਬਾਲ ਕ੍ਰਿਸ਼ਨ ਦੇ ਨਾਲ ਪੁਲਸ ਟੀਮ ਰਿਮੋਟ ਕੰਟਰੋਲ ਸਹਾਰੇ ਜਦੋਂ ਭੀਮ ਨਗਰ ’ਚ ਰਣਜੀਤ ਸਿੰਘ ਉਰਫ ਕਾਲਾ ਦੇ ਘਰ ਪਹੁੰਚੀ ਤਾਂ ਮੋਟਰਸਾਈਕਲ ਬਰਾਮਦ ਹੋ ਗਿਆ।

ਮੋਟਰਸਾਈਕਲਾਂ ਦੇ ਪੁਰਜ਼ੇ ਕੱਢ ਕੇ ਕਬਾਡ਼ੀਆਂ ਨੂੰ ਵੇਚਦਾ ਸੀ ਦੋਸ਼ੀ

ਇੰਸਪੈਕਟਰ ਭਰਤ ਮਸੀਹ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਕਾਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਉਕਤ ਤਿੰਨੋਂ ਮੋਟਰਸਾਈਕਲ ਸਬਜ਼ੀ ਮੰਡੀ, ਆਰਾ ਮਸ਼ੀਨ ਵਾਲੀ ਗਲੀ ਭੀਮ ਨਗਰ ਅਤੇ ਪੁਰਹੀਰਾਂ ਪੁਲਸ ਚੌਕੀ ਕੋਲੋਂ ਚੋਰੀ ਕੀਤੇ ਸਨ। ਉਸ ਨੇ ਦੱਸਿਆ ਕਿ ਉਹ ਚੋਰੀ ਕੀਤੇ ਮੋਟਰਸਾਈਕਲਾਂ ਦੇ ਪੁਰਜ਼ੇ ਕੱਢ ਕੇ ਕਬਾਡ਼ੀਆਂ ਨੂੰ ਵੇਚ ਕੇ ਨਸ਼ਿਆਂ ਦੀ ਪੂਰਤੀ ਕਰਦਾ ਸੀ।

Arun chopra

This news is Content Editor Arun chopra