ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪ੍ਰਵਾਸੀ ਨੂੰ ਬਣਾਇਆ ਨਿਸ਼ਾਨਾ, ਮੋਬਾਈਲ ਤੇ ਨਕਦੀ ਲੈ ਕੇ ਹੋਏ ਫਰਾਰ

02/29/2024 2:47:11 PM

ਜਲੰਧਰ (ਜ.ਬ.)- ਦਿਹਾਤ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਰਾਓਵਾਲੀ ਵਿਖੇ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਪ੍ਰਵਾਸੀ ਨੌਜਵਾਨ ਨਾਲ ਕੁੱਟਮਾਰ ਕਰ ਕੇ ਹਥਿਆਰਾਂ ਦੀ ਨੋਕ ’ਤੇ ਮੋਬਾਈਲ ਫੋਨ ਤੇ 6600 ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਪੀੜਤ ਰਜਿੰਦਰ ਪਾਸਵਾਨ ਪੁੱਤਰ ਰਾਮਰਾਜ ਪਾਸਵਾਨ ਵਾਸੀ ਸਹਾਰਨਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਕਬੂਲਪੁਰ ਨੇ ਦੱਸਿਆ ਕਿ ਉਹ ਫੈਕਟਰੀ ਤੋਂ ਛੁੱਟੀ ਕਰ ਕੇ ਆਪਣੇ ਕਮਰੇ ’ਚ ਜਾ ਰਿਹਾ ਸੀ।
ਇਸ ਦੌਰਾਨ 2 ਨੌਜਵਾਨ ਉਸ ਕੋਲ ਰੁਕੇ ਤਾਂ ਉਸ ਨੂੰ ਟਾਈਮ ਪੁੱਛਣ ਲੱਗੇ, ਜਿਸ ਦੌਰਾਨ ਟਾਈਮ ਦੱਸਣ ਲਈ ਮੋਬਾਈਲ ਫੋਨ ਬਾਹਰ ਕੱਢਿਆ ਤਾਂ ਉਕਤ ਦੋਵਾਂ ਨੌਜਵਾਨਾਂ ਨੇ ਉਸ ਨਾਲ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਵਿਰੋਧ ਕੀਤਾ ਤਾਂ ਉਕਤ ਲੁਟੇਰੇ ਉਸ ਨਾਲ ਕੁੱਟਮਾਰ ਕਰ ਕੇ ਉਸ ਦਾ ਮੋਬਾਈਲ ਤੇ ਉਸ ਦੀ ਜੇਬ ’ਚੋਂ 6600 ਦੀ ਨਕਦੀ ਲੈ ਕੇ ਫਰਾਰ ਹੋ ਗਏ।
ਨੂਰਪੁਰ ਧੋਗੜੀ ਰੋਡ ਤੋਂ ਲੈ ਕੇ ਕਬੂਲਪੁਰ ਤੱਕ ਲੁੱਟਾਂ-ਖੋਹਾਂ ਦਾ ਗੜ੍ਹ ਬਣਿਆ ਹੋਇਆ ਹੈ। ਲੁਟੇਰੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਦੋ ਦਿਨ ਪਹਿਲਾਂ ਵੀ 2 ਲੁਟੇਰੇ ਕਬੂਲਪੁਰ ਦੀ ਸਰੋਜ ਨਾਮਕ ਪ੍ਰਵਾਸੀ ਨੌਜਵਾਨ ਤੋਂ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਮਕਸੂਦਾ ਦੀ ਪੁਲਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਦਰਖਾਸਤ ਨਹੀਂ ਦਿੱਤੀ ਗਈ, ਜੇਕਰ ਇਸ ਤਰ੍ਹਾਂ ਦੀ ਕੋਈ ਦਰਖਾਸਤ ਆਉਂਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Aarti dhillon

This news is Content Editor Aarti dhillon