ਪਤੀ ਵੱਲੋਂ ਸਹੁਰੇ ਘਰ ਆ ਕੇ ਕੁੱਟਮਾਰ ਤੇ ਭੰਨ-ਤੋੜ ਕਰਨ ਦਾ, 3 ਮਹੀਨਿਆਂ ਤੋਂ ਇਨਸਾਫ਼ ਲਈ ਭਟਕ ਰਹੀਆਂ ਮਾਵਾਂ-ਧੀਆਂ

07/29/2022 3:57:34 PM

ਨਕੋਦਰ (ਜ. ਬ.)-ਪੰਜਾਬ ਸਰਕਾਰ ਵੱਲੋਂ ਭਾਵੇਂ ਬੀਤੇ ਦਿਨੀਂ ਲੋਕਾਂ ਦੀ ਖੱਜਲ-ਖੁਆਰੀ ਨੂੰ ਦੂਰ ਕਰਨ ਲਈ ਥਾਣਿਆਂ ’ਚ ਆਨਲਾਈਨ ਸ਼ਿਕਾਇਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਜ਼ਮੀਨੀ ਪੱਧਰ ’ਤੇ ਹਕੀਕਤ ਕੁਝ ਕੌਰ ਕੁਝ ਹੋਰ ਹੀ ਹੈ, ਜਿਸ ਦੀ ਤਾਜ਼ਾ ਮਿਸਾਲ ਪਿਛਲੇ 3 ਮਹੀਨਿਆਂ ਤੋਂ ਇਨਸਾਫ਼ ਲੈਣ ਲਈ ਮਾਵਾਂ-ਧੀਆਂ ਥਾਣੇ ਸਮੇਤ ਉੱਚ ਅਧਿਕਾਰੀਆਂ ਦੇ ਦਫ਼ਤਰਾਂ ’ਚ ਚੱਕਰ ਕੱਟ ਰਹੀਆਂ ਹਨ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ‘ਜਗ ਬਾਣੀ’ ਨੂੰ ਆਪਣਾ ਦੁਖੜਾ ਦੱਸਦਿਆਂ ਬਲਜੀਤ ਰਾਣੀ ਪੁੱਤਰੀ ਤਰਸੇਮ ਲਾਲ ਵਾਸੀ ਪਿੰਡ ਪੰਡੋਰੀ ਖਾਸ ਨਕੋਦਰ ਨੇ ਦੱਸਿਆ ਕਿ ਉਸ ਦਾ ਵਿਆਹ ਸੰਦੇਸ਼ ਕੁਮਾਰ ਵਾਸੀ ਗਾਰਡਨ ਕਾਲੋਨੀ ਜਲੰਧਰ ਨਾਲ 2005 ’ਚ ਹੋਇਆ ਸੀ। ਵਿਆਹ ਤੋਂ ਬਾਅਦ‌ ਇਕ ਬੇਟੀ ਪੈਦਾ ਹੋਈ ਸੀ। ਉਸ ਦਾ ਪਤੀ ਅਕਸਰ ਹੀ ਉਸ ਨਾਲ ਕੁੱਟਮਾਰ ਤੇ ਬਦਸਲੂਕੀ ਕਰਦਾ ਰਹਿੰਦਾ ਤੇ ਕਹਿੰਦਾ ਸੀ ਕਿ ਉਸ ਨੂੰ ਨਹੀਂ ਰੱਖਣਾ।

ਬੀਤੀ 17 ਫਰਵਰੀ ਨੂੰ ਉਸ ਦਾ ਪਤੀ ਉਸ ਦੇ ਪੇਕੇ ਘਰ ਪਿੰਡ ਪੰਡੋਰੀ ਆਇਆ ਤੇ ਉਨ੍ਹਾਂ ਦੀ ਕੁੱਟਮਾਰ ਕਰ ਕੇ ਘਰ ਦੀ ਭੰਨਤੋੜ ਕੀਤੀ। ਰੌਲਾ-ਰੱਪਾ ਸੁਣ ਕੇ ਆਂਢ-ਗੁਆਂਢ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਉਕਤ ਘਟਨਾ ਸਬੰਧੀ ਐੱਸ. ਐੱਸ. ਪੀ. ਜਲੰਧਰ ਦਿਹਾਤੀ, ਡੀ. ਐੱਸ. ਪੀ .ਨਕੋਦਰ ਤੇ ਸਿਟੀ ਥਾਣੇ ’ਚ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪੁਲਸ ਨੇ ਉਸ ਦੇ ਪਤੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਹ ਇਨਸਾਫ ਲਈ ਪਿਛਲੇ 3 ਮਹੀਨਿਆਂ ਤੋਂ ਦਰ-ਦਰ ਭਟਕ ਰਹੀਆਂ ਹਨ। ਬਲਜੀਤ ਰਾਣੀ ਤੇ ਉਸ ਦੀ ਮਾਤਾ ਨੇ ਕਿਹਾ ਕਿ ਜੇਕਰ ਪੁਲਸ ਨੇ ਸਾਡੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਸਿਟੀ ਥਾਣੇ ਵਿਖੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਧਰ ਇਸ ਸਬੰਧੀ ਸਿਟੀ ਥਾਣਾ ਮੁਖੀ ਹਰਜਿੰਦਰ ਕੌਰ ਨੇ ਕਿਹਾ ਕਿ ਪਤੀ-ਪਤਨੀ ਦਾ ਆਪਸੀ ਡਿਸਪਿਊਟਸ ਹੈ। ਦੋਹਾਂ ਧਿਰਾਂ ਨੂੰ ਬੁਲਾ ਕੇ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
 

Manoj

This news is Content Editor Manoj