ਪੀੜਤ ਲਾਅ ਪ੍ਰੋਫੈਸਰ ਦੇ ਅੱਜ ਥਾਣਾ ਸਦਰ ਪੁਲਸ ਬਿਆਨ ਕਰੇਗੀ ਕਲਮਬੰਦ

09/23/2019 11:37:36 AM

ਹੁਸ਼ਿਆਰਪੁਰ (ਅਮਰਿੰਦਰ)— ਬੀਤੀ ਦੇਰ ਰਾਤ ਐੱਸ. ਐੱਸ. ਪੀ. ਗੌਰਵ ਗਰਗ ਵੱਲੋਂ ਨਿਰਦੇਸ਼ ਜਾਰੀ ਕਰਦੇ ਹੀ ਥਾਣਾ ਸਦਰ ਪੁਲਸ ਨੇ ਲਾਅ ਪ੍ਰੋਫੈਸਰ ਲੜਕੀ ਦੀ ਸ਼ਿਕਾਇਤ 'ਤੇ ਰਿਟਾਇਰਡ ਏ. ਡੀ. ਜੀ. ਪੀ. ਈਸ਼ਵਰ ਚੰਦ ਸ਼ਰਮਾ ਦੇ ਬੇਟੇ ਟਰੇਨੀ ਸਬ-ਇੰਸਪੈਕਟਰ ਅਦਿੱਤਿਆ ਸ਼ਰਮਾ ਖਿਲਾਫ਼ ਧਾਰਾ 354-ਏ, 323, 509 ਅਤੇ 427 ਅਧੀਨ ਮਾਮਲਾ ਦਰਜ ਕਰ ਲਿਆ ਸੀ। ਹੁਸ਼ਿਆਰਪੁਰ ਪੁਲਸ ਪੀੜਤਾ ਦੇ ਬਿਆਨ ਦਰਜ ਕਰਨ ਲਈ ਚੰਡੀਗੜ੍ਹ ਦੇ ਮੈਡੀਕਲ ਕਾਲਜ ਹਸਪਤਾਲ 'ਚ ਪਹੁੰਚੀ ਤਾਂ ਉਹ ਉੱਥੋਂ ਚਲੀ ਗਈ ਸੀ। ਚੰਡੀਗੜ੍ਹ ਤੋਂ ਖਾਲੀ ਹੱਥ ਪਰਤੀ ਹੁਸ਼ਿਆਰਪੁਰ ਪੁਲਸ ਨੇ ਪੀੜਤ ਲਾਅ ਪ੍ਰੋਫੈਸਰ ਨੂੰ ਸੋਮਵਾਰ ਸਵੇਰੇ ਹੁਸ਼ਿਆਰਪੁਰ ਪਹੁੰਚ ਕੇ ਥਾਣਾ ਸਦਰ ਪੁਲਸ ਕੋਲ ਆਪਣਾ ਬਿਆਨ ਕਲਮਬੰਦ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਪੁਲਸ ਵਿਭਾਗ ਦੇ ਸੂਤਰਾਂ ਅਨੁਸਾਰ ਪੀੜਤਾ ਆਪਣਾ ਬਿਆਨ ਦਰਜ ਕਰਵਾਉਣ ਲਈ ਸੋਮਵਾਰ ਸਵੇਰੇ ਥਾਣਾ ਸਦਰ ਪਹੁੰਚ ਰਹੀ ਹੈ।
ਜ਼ਿਕਰਯੋਗ ਹੈ ਕਿ ਪੀੜਤਾ ਨੇ ਮਹਿਲਾ ਕਮਿਸ਼ਨ ਦੇ ਨਾਲ-ਨਾਲ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਟਰੇਨੀ ਸਬ-ਇੰਸਪੈਕਟਰ ਅਦਿੱਤਿਆ ਸ਼ਰਮਾ ਨੇ ਉਸ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੈ।

shivani attri

This news is Content Editor shivani attri