ਈ-ਰਿਕਸ਼ਾ ਚਾਲਕ ਦੀ ਜੇਬ ’ਚੋਂ ਪੈਸੇ ਤੇ ਮੋਬਾਇਲ ਕੱਢ ਕੇ ਭੱਜੇ ਬੁਲੇਟ ਮੋਟਰਸਾਈਕਲ ਸਵਾਰ, ਇਕ ਕਾਬੂ

05/10/2023 1:01:33 PM

ਜਲੰਧਰ (ਵਰੁਣ)–ਰਣਜੀਤ ਨਗਰ ਨੇੜੇ ਬੁਲੇਟ ਮੋਟਰਸਾਈਕਲ ਸਵਾਰ 2 ਨਸ਼ੇੜੀਆਂ ਨੇ ਈ-ਰਿਕਸ਼ਾ ਚਾਲਕ ਨੂੰ ਡਰਾ-ਧਮਕਾ ਕੇ ਉਸਦੀ ਜੇਬ ਵਿਚੋਂ ਨਕਦੀ ਅਤੇ ਮੋਬਾਇਲ ਕੱਢ ਲਿਆ। ਜਿਉਂ ਹੀ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁਲਜ਼ਮ ਭੱਜਣ ਲੱਗੇ ਤਾਂ ਲੋਕਾਂ ਦੀ ਭੀੜ ਨੇ ਉਨ੍ਹਾਂ ਵਿਚੋਂ ਇਕ ਨਸ਼ੇੜੀ ਨੂੰ ਕਾਬੂ ਕਰ ਲਿਆ, ਜਦੋਂ ਕਿ ਉਸਦਾ ਸਾਥੀ ਬੁਲੇਟ ਲੈ ਕੇ ਫ਼ਰਾਰ ਹੋ ਗਿਆ। ਭੜਕੀ ਭੀੜ ਨੇ ਕਾਬੂ ਝਪਟਮਾਰ ਦੀ ਜੰਮ ਕੇ ਛਿੱਤਰ-ਪਰੇਡ ਕੀਤੀ ਅਤੇ ਉਸਨੂੰ ਖੰਭੇ ਨਾਲ ਬੰਨ੍ਹ ਦਿੱਤਾ। ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ। ਉਸ ਦੀ ਜੇਬ ਵਿਚੋਂ ਇੰਜੈਕਸ਼ਨ ਵੀ ਬਰਾਮਦ ਹੋਏ ਹਨ।

ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਕਿਸ਼ਤ ਭਰਨ ਲਈ ਜਾ ਰਿਹਾ ਸੀ ਪਰ ਇਸੇ ਦੌਰਾਨ ਰਣਜੀਤ ਨਗਰ ਨਜ਼ਦੀਕ ਬੁਲੇਟ ਸਵਾਰ 2 ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਬੁਲੇਟ ਦੇ ਪਿੱਛੇ ਬੈਠਾ ਨੌਜਵਾਨ ਪੀੜਤ ਨੂੰ ਧਮਕਾ ਰਿਹਾ ਸੀ, ਜਦੋਂ ਕਿ ਬੁਲੇਟ ਚਲਾ ਰਿਹਾ ਨੌਜਵਾਨ ਕੁਝ ਦੂਰੀ ’ਤੇ ਜਾ ਕੇ ਖੜ੍ਹਾ ਹੋ ਗਿਆ। ਮੁਲਜ਼ਮ ਨੇ ਜ਼ਬਰਦਸਤੀ ਈ-ਰਿਕਸ਼ਾ ਚਾਲਕ ਦੀ ਜੇਬ ਵਿਚੋਂ 7 ਹਜ਼ਾਰ ਰੁਪਏ ਅਤੇ ਮੋਬਾਇਲ ਕੱਢ ਲਿਆ। ਉਹ ਬੁਲੇਟ ਵੱਲ ਨੂੰ ਭੱਜਿਆ। ਇਸੇ ਵਿਚਕਾਰ ਈ-ਰਿਕਸ਼ਾ ਵਾਲੇ ਨੇ ਰੌਲਾ ਪਾ ਦਿੱਤਾ। ਝਪਟਮਾਰ ਨੇ ਨਕਦੀ ਅਤੇ ਮੋਬਾਇਲ ਆਪਣੇ ਸਾਥੀ ਨੂੰ ਫੜਾ ਦਿੱਤਾ ਪਰ ਇਸੇ ਵਿਚਕਾਰ ਲੋਕਾਂ ਦੀ ਇਕੱਠੀ ਹੋਈ ਭੀੜ ਨੇ ਪਿੱਛੇ ਬੈਠਣ ਲੱਗੇ ਮੁਲਜ਼ਮ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ: ਵੋਟਿੰਗ ਕੇਂਦਰਾਂ 'ਤੇ ਲੋਕਾਂ ਦਾ ਉਤਸ਼ਾਹ ਦਿਸਿਆ ਘੱਟ, ਸੁੰਨੇ ਨਜ਼ਰ ਆਏ ਬੂਥ

ਮੁਲਜ਼ਮ ਦੀ ਕੁੱਟਮਾਰ ਕਰਕੇ ਉਸ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਗਿਆ। ਤਲਾਸ਼ੀ ਲੈਣ ’ਤੇ ਉਸ ਦੀ ਜੇਬ ਵਿਚੋਂ ਇੰਜੈਕਸ਼ਨ ਮਿਲੇ। ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ਾ ਕਰਦਾ ਹੈ। ਸੂਚਨਾ ਮਿਲਦੇ ਹੀ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਸੀ। ਪੁਲਸ ਦਾ ਕਹਿਣਾ ਸੀ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਉਸ ਦੇ ਸਾਥੀ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ Live Update: 19 ਉਮੀਦਵਾਰ ਚੋਣ ਮੈਦਾਨ 'ਚ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri