ਵਿਧਾਇਕ ਸੁਸ਼ੀਲ ਰਿੰਕੂ ਨੇ ਮੇਹਰ ਚੰਦ ਪਾਲੀਟੈਕਨਿਕ ਕਾਲਜ ਦਾ ਕੀਤਾ ਦੌਰਾ

11/25/2018 6:24:17 AM

ਜਲੰਧਰ,   (ਚੋਪੜਾ)-  ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਬੰਧੀ ਦਲਿਤ ਵਿਦਿਆਰਥੀਆਂ ਨੂੰ ਆ  ਰਹੀਆਂ ਦਿੱਕਤਾਂ ਨੂੰ ਦੇਖਦਿਅਾਂ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਅੱਜ ਮੇਹਰ  ਚੰਦ ਪਾਲੀਟੈਕਨਿਕ ਕਾਲਜ ਦਾ ਦੌਰਾ ਕੀਤਾ। 
ਇਸ ਦੌਰਾਨ ਉਨ੍ਹਾਂ ਇਥੇ ਕਾਲਜ ਦੇ  ਪ੍ਰਿੰਸੀਪਲ ਜਗਰੂਪ ਸਿੰਘ ਨਾਲ ਮੁਲਾਕਾਤ ਕੀਤੀ ਤੇ ਐੱਸ. ਸੀ./ਬੀ. ਸੀ. ਵਿਦਿਆਰਥੀਆਂ  ਨਾਲ ਗੱਲਬਾਤ ਕਰ ਕੇ ਸਕਾਲਰਸ਼ਿਪ ਸਕੀਮ ਸਬੰਧੀ ਆ ਰਹੀਆਂ ਦਿੱਕਤਾਂ ਦੀ ਜਾਣਕਾਰੀ  ਹਾਸਲ ਕੀਤੀ। ਵਿਧਾਇਕ ਰਿੰਕੂ ਨੂੰ ਪ੍ਰਿੰਸੀਪਲ ਨੂੰ ਦੱਸਿਆ ਕਿ ਜਿਨ੍ਹਾਂ ਬੱਚਿਆਂ  ਨੇ  ਸਕਾਲਰਸ਼ਿਪ ਸਕੀਮ ਤਹਿਤ ਦਾਖਲਾ ਲੈ ਲਿਆ ਹੈ, ਉਨ੍ਹਾਂ ਤੋਂ ਸਿਰਫ ਯੂਨੀਵਰਸਿਟੀ ਫੀਸ ਲਈ  ਜਾ ਰਹੀ ਹੈ, ਇਸ ਤੋਂ ਇਲਾਵਾ ਕਿਸੇ ਵੀ ਸਟੂਡੈਂਟ ਤੋਂ ਕੋਈ ਵਾਧੂ ਫੰਡ ਨਹੀਂ ਵਸੂਲਿਆ ਜਾ  ਰਿਹਾ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਉਸੇ ਦੌਰਾਨ ਪੇਪਰਾਂ ਲਈ ਰੋਲ ਨੰਬਰ ਜਾਰੀ  ਕਰ ਦਿੱਤੇ ਗਏ ਹਨ।
 ਵਿਧਾਇਕ ਰਿੰਕੂ ਨੇ ਕਿਹਾ ਕਿ ਸਕਾਲਰਸ਼ਿਪ ਸਕੀਮ ਸਬੰਧੀ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਕਿਸੇ ਵੀ  ਸਿੱਖਿਆ ਸੰਸਥਾ ਵਿਚ ਦਲਿਤ ਬੱਚਿਆਂ ਨੂੰ   ਦਾਖਲੇ ’ਚ  ਜੇਕਰ ਕੋਈ ਰੁਕਾਵਟ ਆਉਂਦੀ ਹੈ  ਤਾਂ ਉਸ ਸੰਸਥਾ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਲੰਧਰ ਵਿਚ ਕਿਸੇ  ਵੀ ਵਿਦਿਆਰਥੀ ਨੂੰ ਇਸ ਸਬੰਧੀ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ  ਕਰ ਸਕਦਾ ਹੈ।