ਕਬੂਤਰਬਾਜ਼ਾਂ ਨਾਲ ਨਜਿੱਠਣ ਲਈ ਨਿਯੁਕਤ ਕੀਤਾ ਨੋਡਲ ਅਫਸਰ

06/20/2018 4:21:11 PM

ਕਪੂਰਥਲਾ (ਭੂਸ਼ਣ)— ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਜਾਣ ਵਾਲੇ ਨੌਜਵਾਨਾਂ ਨੂੰ ਜਿੱਥੇ ਆਪਣੀ ਜਾਨ ਵੀ ਗੁਆਉਣੀ ਪੈ ਸਕਦੀ ਹੈ, ਉਥੇ ਹੀ ਉਨ੍ਹਾਂ ਨੂੰ ਅਮਰੀਕੀ ਕਾਨੂੰਨ ਦੇ ਤਹਿਤ ਦੇਸ਼ ਦੇ ਬਾਰਡਰ ਪਾਰ ਕਰਨ ਦੀ ਕੋਸ਼ਿਸ਼ 'ਚ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਇਸ ਲਈ ਕਪੂਰਥਲਾ ਪੁਲਸ ਨੂੰ ਅਮਰੀਕਾ 'ਚ ਫਸੇ ਜਾਂ ਲਾਪਤਾ ਹੋਏ ਨੌਜਵਾਨਾਂ ਦੇ ਸਬੰਧ 'ਚ ਕੋਈ ਵੀ ਜਾਣਕਾਰੀ ਲੈਣ ਲਈ ਤੁਰੰਤ ਅਮਰੀਕੀ ਅੰਬੈਸੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਕਿ ਉਕਤ ਨੌਜਵਾਨਾਂ ਦੀ ਸਹੀ ਹਾਲਤ ਦਾ ਪਤਾ ਲੱਗ ਸਕੇ। ਇਹ ਗੱਲਾਂ ਅਮਰੀਕੀ ਅੰਬੈਸੀ ਦੇ ਅਡੀਸ਼ਨਲ ਰਿਸੋਰਸ ਅਫਸਰ ਵਿਲੀਅਮ ਨੇ ਪੁਲਸ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੀਆਂ। ਅਮਰੀਕੀ ਅੰਬੈਸੀ ਦੇ ਅਫਸਰ ਵਿਲੀਅਮ ਕਪੂਰਥਲਾ ਪੁਲਸ ਦੇ ਅਫਸਰਾਂ ਨੂੰ ਅਮਰੀਕੀ ਕਾਨੂਨਾਂ ਅਤੇ ਉੱਥੇ ਨਾਜਾਇਜ਼ ਤਰੀਕਿਆਂ ਨਾਲ ਜਾਣ ਵਾਲੇ ਨੌਜਵਾਨਾਂ ਨੂੰ ਫਰਜ਼ੀ ਟਰੈਵਲ ਏਜੰਟਾਂ ਤੋਂ ਬਚਾਉਣ ਲਈ ਅਮਰੀਕੀ ਸਰਕਾਰ ਵੱਲੋਂ ਬਣਾਈ ਗਈ ਪਾਲਿਸੀ ਦੇ ਸਬੰਧ 'ਚ ਜਾਣਕਾਰੀ ਦੇ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਮੀਟਿੰਗ 'ਚ ਮੌਜੂਦ ਸਾਰੇ ਜੀ. ਓ. ਅਤੇ ਐੱਸ. ਐੱਚ. ਓ. ਰੈਂਕ ਦੇ ਪੁਲਸ ਅਫਸਰਾਂ ਨੂੰ ਦੱਸਿਆ ਕਿ ਕਪੂਰਥਲਾ ਪੁਲਸ ਦੀ ਪਹਿਲ 'ਤੇ ਅਮਰੀਕਾ ਅੰਬੈਸੀ ਨੇ ਇਕ ਨੋਡਲ ਅਫਸਰ ਨਿਯੁਕਤ ਕਰ ਦਿੱਤਾ ਹੈ, ਜੋ ਕਪੂਰਥਲਾ ਪੁਲਸ ਦੇ ਨੋਡਲ ਅਫਸਰ ਵੱਲੋਂ ਕਿਸੇ ਵਿਅਕਤੀ ਨੂੰ ਲੈ ਕੇ ਪੁੱਛੀ ਗਈ ਜਾਣਕਾਰੀ ਦੇ ਸਬੰਧ ਵਿਚ ਪੂਰੀ ਡਿਟੇਲ ਉਪਲੱਬਧ ਕਰਵਾਏਗਾ ਅਤੇ ਅਮਰੀਕਾ ਆਉਣ ਦੀ ਕੋਸ਼ਿਸ਼ ਵਿਚ ਲਾਪਤਾ ਹੋਏ ਨੌਜਵਾਨਾਂ ਦੇ ਸਬੰਧ 'ਚ ਪੂਰਾ ਡਾਟਾ ਉਪਲੱਬਧ ਕਰਵਾਏਗਾ।
ਮੀਟਿੰਗ 'ਚ ਏ. ਡੀ. ਸੀ. ਜਨਰਲ ਰਾਹੁਲ ਚਾਬਾ, ਏ. ਡੀ. ਸੀ. ਵਿਕਾਸ ਅਵਤਾਰ ਸਿੰਘ ਭੁੱਲਰ, ਐੱਸ. ਪੀ. (ਡੀ) ਜਗਜੀਤ ਸਿੰਘ ਸਰੋਆ, ਐੱਸ. ਪੀ. ਸਥਾਨਕ ਜਸਕਰਨਜੀਤ ਸਿੰਘ ਤੇਜਾ, ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਗੁਰਮੀਤ ਸਿੰਘ, ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਤੇਜਵੀਰ ਸਿੰਘ, ਡੀ. ਐੱਸ. ਪੀ. ਭੁਲੱਥ ਸੰਦੀਪ ਸਿੰਘ ਮੰਡ ਅਤੇ ਐੱਸ. ਡੀ. ਐੱਮ. ਕਪੂਰਥਲਾ ਡਾ. ਨਇਅਨ ਭੁੱਲਰ ਵੀ ਮੌਜੂਦ ਸਨ। ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਕਿਹਾ ਕਿ ਅਮਰੀਕੀ ਅੰਬੈਸੀ ਵਿਚ ਕਪੂਰਥਲਾ ਪੁਲਸ ਦੇ ਕਹਿਣ 'ਤੇ ਜਿਥੇ ਆਪਣਾ ਨੋਡਲ ਅਫਸਰ ਨਿਯੁਕਤ ਕਰ ਦਿੱਤਾ ਹੈ, ਉਥੇ ਹੀ ਕਪੂਰਥਲਾ ਪੁਲਸ ਨੇ ਐੱਸ. ਪੀ. ਸਥਾਨਕ ਜਸਕਰਨਜੀਤ ਸਿੰਘ ਤੇਜਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਹੈ। ਜੋ ਕਬੂਤਰਬਾਜ਼ੀ ਤੇ ਲਾਪਤਾ ਹੋਏ ਨੌਜਵਾਨਾਂ ਦੇ ਸਬੰਧ 'ਚ ਜਾਣਕਾਰੀਆਂ ਨੂੰ ਲੈ ਕੇ ਇਕ-ਦੂਜੇ ਨਾਲ ਗੱਲਬਾਤ ਕਰ ਸਕਣਗੇ।
ਅਮਰੀਕਾ ਦਾ ਖੁਫੀਆ ਤੰਤਰ ਵੀ ਮੈਕਸੀਕੋ ਬਾਰਡਰ 'ਤੇ ਪੂਰੀ ਤਰ੍ਹਾਂ ਨਾਲ ਸਰਗਰਮ
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਨਾਲ ਲੱਗਦੇ ਮੈਕਸੀਕੋ ਬਾਰਡਰ 'ਤੇ ਫਰਜ਼ੀ ਟਰੈਵਲ ਏਜੰਟ ਦੱਖਣੀ ਅਮਰੀਕੀ ਦੇਸ਼ਾਂ ਗਵਾਟੇਮਾਲਾ ਅਤੇ ਪਨਾਮਾ ਦੇ ਮਾਰਫਤ ਖਤਰਨਾਕ ਸਮੁਦੰਰੀ ਅਤੇ ਜੰਗਲੀ ਮਾਰਗਾਂ ਦੇ ਜ਼ਰੀਏ ਅਮਰੀਕਾ ਭੇਜਣ ਦਾ ਝਾਂਸਾ ਦਿੰਦੇ ਹਨ, ਜਿਸ ਦੇ ਬਦਲੇ ਉਹ ਉਕਤ ਨੌਜਵਾਨਾਂ ਤੋਂ ਮੋਟੀ ਰਕਮ ਵਸੂਲਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਦੀ ਨਵੀਂ ਪਾਲਿਸੀ ਦੇ ਮੁਤਾਬਕ ਹੁਣ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਆਉਣ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਕਾਨੂੰਨ ਬਣਾਏ ਗਏ ਹਨ, ਜਿਸ ਦੇ ਮਕਸਦ ਨਾਲ ਅਮਰੀਕਾ ਦਾ ਖੁਫੀਆ ਤੰਤਰ ਵੀ ਮੈਕਸੀਕੋ ਬਾਰਡਰ 'ਤੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। 
ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਨੂੰ ਕੀਤਾ ਜਾਵੇਗਾ ਹੋਰ ਤੇਜ਼ : ਡੀ. ਸੀ.
ਡੀ. ਸੀ. ਮੁਹੰਮਦ ਤਈਅਬ ਨੇ ਦੱਸਿਆ ਕਿ ਅਮਰੀਕੀ ਅੰਬੈਸੀ ਦੀ ਇਸ ਪਹਿਲ ਨਾਲ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਨੂੰ ਅਹਿਮ ਜਾਣਕਾਰੀ ਮਿਲ ਸਕੇਗੀ। ਉਥੇ ਹੀ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ।