ਲਾਪਤਾ ਮਾਸੂਮ ਭੈਣ-ਭਰਾ ਨਾਟਕੀ ਢੰਗ ਨਾਲ ਪਠਾਨਕੋਟ ਤੋਂ ਬਰਾਮਦ

09/08/2019 2:00:25 PM

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਵਿਚੋਂ ਭੇਤਭਰੀ ਹਾਲਤ 'ਚ ਲਾਪਤਾ ਹੋਏ ਮਾਸੂਮ ਭੈਣ-ਭਰਾ ਨੂੰ ਬੀਤੀ ਦੇਰ ਰਾਤ ਬੜੇ ਨਾਟਕੀ ਢੰਗ ਨਾਲ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਬਰਾਮਦ ਕਰ ਲਿਆ। ਥਾਣਾ ਮਾਡਲ ਟਾਊਨ ਵਿਖੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਅਤੇ ਪੁਰਹੀਰਾਂ ਪੁਲਸ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਨੇ ਦੋਵਾਂ ਬੱਚਿਆਂ ਇੰਦਰਪਾਲ (9) ਅਤੇ ਬਿੱਟੀ (5) ਨੂੰ ਉਸ ਦੇ ਪਿਤਾ ਧਨੀ ਰਾਮ ਅਤੇ ਮਾਂ ਗੁੱਡੀ ਦੇ ਹਵਾਲੇ ਕਰ ਦਿੱਤਾ।

ਰੇਲਵੇ ਸਟੇਸ਼ਨ ਤੋਂ ਮਿਲਿਆ ਸੁਰਾਗ
ਥਾਣਾ ਮੁਖੀ ਇੰਸਪੈਕਟਰ ਭਰਤ ਮਸੀਹ ਨੇ ਮੀਡੀਆ ਨੂੰ ਦੱਸਿਆ ਕਿ 4 ਸਤੰਬਰ ਦੀ ਸ਼ਾਮ ਨੂੰ ਬੋਲਣ ਤੋਂ ਅਸਮਰਥ 9 ਸਾਲਾ ਇੰਦਰਪਾਲ ਅਤੇ 5 ਸਾਲਾ ਬੱਚੀ ਬਿੱਟੀ ਘਰੋਂ ਅਚਾਨਕ ਲਾਪਤਾ ਹੋ ਗਏ ਸਨ ਅਤੇ ਕਾਫੀ ਭਾਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ 5 ਸਤੰਬਰ ਨੂੰ ਪੁਲਸ ਨੂੰ ਸੂਚਿਤ ਕੀਤਾ ਸੀ। ਜ਼ਿਲਾ ਪੁਲਸ ਮੁਖੀ ਗੌਰਵ ਗਰਗ ਦੀਆਂ ਹਦਾਇਤਾਂ ਅਨੁਸਾਰ ਪੁਲਸ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਇਕ ਵਿਅਕਤੀ ਨਾਲ ਦੋਵੇਂ ਬੱਚੇ ਜਲੰਧਰ ਨੂੰ ਜਾਣ ਵਾਲੀ ਗੱਡੀ 'ਚ ਸਵਾਰ ਹੋਏ ਸਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ 6 ਸਤੰਬਰ ਨੂੰ ਪੁਲਸ ਜਲੰਧਰ ਰੇਲਵੇ ਸਟੇਸ਼ਨ ਪਹੁੰਚੀ ਅਤੇ ਸੀ. ਸੀ. ਟੀ. ਵੀ. ਦੀ ਫੁਟੇਜ ਰਾਹੀਂ ਪਤਾ ਲੱਗਾ ਕਿ ਬੱਚੇ ਜਿਸ ਵਿਅਕਤੀ ਨਾਲ ਉਹ ਸਨ, ਉਸ ਦਾ ਚਿਹਰਾ ਸਾਫ਼ ਨਜ਼ਰ ਨਹੀਂ ਸੀ ਆ ਰਿਹਾ ਅਤੇ ਉਸ ਸਮੇਂ ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਗੱਡੀ ਖੜ੍ਹੀ ਸੀ। ਪੁਲਸ ਜਲੰਧਰ ਤੋਂ ਪਠਾਨਕੋਟ ਵਿਚਕਾਰ ਪੈਂਦੇ ਸਾਰੇ ਸਟੇਸ਼ਨਾਂ 'ਤੇ ਅਲਰਟ ਕਰਦਿਆਂ ਖੁਦ ਪਠਾਨਕੋਟ ਰੇਲਵੇ ਸਟੇਸ਼ਨ ਪਹੁੰਚ ਗਈ। ਬੱਚਿਆਂ ਦੀ ਭਾਲ ਦੌਰਾਨ ਸਟੇਸ਼ਨ ਦੇ ਬਾਹਰੋਂ ਇਕ ਦੁਕਾਨਦਾਰ ਅਤੇ ਚਾਈਲਡ ਪ੍ਰੋਟੈਕਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਪੁਲਸ ਨੂੰ ਫੋਨ ਕੀਤਾ ਕਿ ਬਾਹਰ ਆ ਜਾਵੋ, ਬੱਚੇ ਮਿਲ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਭਾਵੇਂ ਬੱਚਿਆਂ ਨੂੰ ਬਰਾਮਦ ਕਰ ਲਿਆ ਪਰ ਇਸ ਦੇ ਪਿੱਛੇ ਕੌਣ ਸੀ, ਪੁਲਸ ਜਾਂਚ ਕਰ ਰਹੀ ਹੈ।

shivani attri

This news is Content Editor shivani attri