ਐਕਟਿਵਾ ਇੰਪਾਊਂਡ ਹੋਣ ਨਾਲ ਪਰਿਵਾਰ ਦੇ ਡਰ ਤੋਂ ਚਿੰਤਪੁਰਨੀ ਭੱਜੇ ਸਨ ਨਾਬਾਲਗ

12/11/2019 4:59:30 PM

ਜਲੰਧਰ (ਵਰੁਣ)— ਐਕਟਿਵਾ ਇੰਪਾਊਂਡ ਹੋਣ ਤੋਂ ਬਾਅਦ ਲਾਪਤਾ ਹੋਏ ਆਨੰਦ ਨਗਰ ਦੇ ਰਹਿਣ ਵਾਲੇ ਦੋਵੇਂ ਨਾਬਾਲਗ ਨੌਜਵਾਨਾਂ ਨੂੰ ਜਿੰਦਾ ਫਾਟਕ ਰੇਲਵੇ ਟ੍ਰੈਕ ਤੋਂ ਬਰਾਮਦ ਕਰ ਲਿਆ ਗਿਆ ਹੈ। ਲੋਕਾਂ ਨੇ ਜਦੋਂ ਸ਼ੱਕੀ ਹਾਲਤ 'ਚ ਨੌਜਵਾਨਾਂ ਨੂੰ ਦੇਖਿਆ ਤਾਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਕੋਲ ਪਹਿਲਾਂ ਤੋਂ ਹੀ ਨੌਜਵਾਨਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਸੀ ਜਿਸ ਕਾਰਣ ਪੁਲਸ ਨੇ ਤੁਰੰਤ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਅਤੇ ਦੋਵਾਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ।

ਥਾਣਾ ਨੰ-1 ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਆਨੰਦ ਨਗਰ ਦੇ ਰਹਿਣ ਵਾਲੇ 2 ਨਾਬਾਲਗ ਨੌਜਵਾਨ ਦਿਨੇਸ਼ ਪੁੱਤਰ ਅਰੁਣ ਕੁਮਾਰ ਅਤੇ ਵਿਪੁਲ ਪੁੱਤਰ ਮੋਹਿੰਦਰ ਕੁਮਾਰ ਨੂੰ ਉਨ੍ਹਾਂ ਦੀ ਐਕਟਿਵਾ ਸਮੇਤ ਡੀ. ਏ. ਵੀ. ਕਾਲਜ ਕੋਲ ਰੋਕਿਆ ਗਿਆ ਸੀ। ਉਨ੍ਹਾਂ ਕੋਲ ਐਕਟਿਵਾ ਦਾ ਕੋਈ ਵੀ ਦਸਤਾਵੇਜ਼ ਨਹੀਂ ਸੀ, ਜਿਸ ਕਾਰਣ ਪੁਲਸ ਨੇ ਐਕਟਿਵਾ ਨੂੰ ਇੰਪਾਊਂਡ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੋਂ ਉਨ੍ਹਾਂ ਦੇ ਮਾਤਾ-ਪਿਤਾ ਦਾ ਨੰਬਰ ਲੈ ਕੇ ਸੂਚਨਾ ਦੇਣ ਲਈ ਕਾਲ ਵੀ ਕੀਤੀ ਗਈ ਪਰ ਨੰਬਰ ਨਹੀਂ ਮਿਲੇ, ਜਿਸ ਤੋਂ ਬਾਅਦ ਦੋਵੇਂ ਨੌਜਵਾਨ ਪੈਦਲ ਹੀ ਚਲੇ ਗਏ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਕਤ ਨੌਜਵਾਨ ਅਚਾਨਕ ਲਾਪਤਾ ਹੋ ਗਏ ਹਨ। ਪੁਲਸ ਦਾ ਕਹਿਣਾ ਅਜੇ ਉਹ ਜਾਂਚ ਕਰ ਰਹੇ ਸਨ ਕਿ ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਦੋਵੇਂ ਨੌਜਵਾਨਾਂ ਨੂੰ ਜਿੰਦਾ ਫਾਟਕ ਨੇੜੇ ਦੇਖਿਆ ਗਿਆ ਹੈ। ਪੁਲਸ ਟੀਮ ਮੌਕੇ 'ਤੇ ਪਹੁੰਚੀ ਤਾਂ ਉਹ ਉਹੀ ਨੌਜਵਾਨ ਸਨ। 

ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਐਕਟਿਵਾ ਇੰਪਾਊਂਡ ਹੋਣ ਕਾਰਨ ਉਹ ਕਾਫੀ ਡਰ ਗਏ ਸਨ। ਪਰਿਵਾਰ ਵਾਲਿਆਂ ਦੇ ਗੁੱਸੇ ਦੇ ਡਰ ਤੋਂ ਉਹ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਚਿੰਤਪੁਰਨੀ ਮੰਦਰ ਚਲੇ ਗਏ ਸਨ ਅਤੇ ਸਵੇਰੇ ਵਾਪਸ ਆ ਗਏ ਸਨ। ਇੰਸ. ਸੁਖਬੀਰ ਸਿੰਘ ਨੇ ਕਿਹਾ ਕਿ ਦੋਵਾਂ ਨੌਜਵਾਨਾਂ ਨੂੰ ਸਮਝਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਐਕਟਿਵਾ ਚਲਾਨ ਭੁਗਤਣ ਤੋਂ ਬਾਅਦ ਹੀ ਸੌਂਪੀ ਜਾਵੇਗੀ।

shivani attri

This news is Content Editor shivani attri