‘ਗਲਤ ਸ਼ਬਦਾਵਲੀ’ ਦੇ ਦੋਸ਼ਾਂ ’ਚ ਭਾਜਪਾ ਕੌਂਸਲਰ ਦੇ ਪਤੀ ਖਿਲਾਫ ਪੁਲਸ ਨੂੰ ਸ਼ਿਕਾਇਤ

02/05/2020 5:46:38 PM

ਜਲੰਧਰ (ਜ.ਬ.)— ਬਸਤੀ ਬਾਵਾ ਖੇਲ ਦੇ ਗੌਤਮ ਨਗਰ ਦੀ ਰਹਿਣ ਵਾਲੀ ਅਮਰਜੀਤ ਕੌਰ ਪਤਨੀ ਰੂਪ ਲਾਲ ਨੇ ਭਾਜਪਾ ਕੌਂਸਲਰ ਦੇ ਪਤੀ ਖਿਲਾਫ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼ ਲਾਉਂਦਿਆਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦੀ ਜਾਂਚ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਨੂੰ ਸੌਂਪੀ ਗਈ ਹੈ। ਉਥੇ ਮੌਜੂਦਾ ਕੌਂਸਲਰ ਦੇ ਪਤੀਵਿਨੀਤ ਧੀਰ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

ਜਾਣਕਾਰੀ ਦਿੰਦਿਆਂ ਅਮਰਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਬੇਟੀ ਦੇ ਨਾਲ ਰਾਜਨਗਰ ਸਥਿਤ ਇਕ ਦੁਕਾਨ ’ਤੇ ਸਾਮਾਨ ਖਰੀਦਣ ਗਈ,ਇਸ ਦੌਰਾਨ ਉਹ ਆਪਣਾ ਪਰਸ ਦੁਕਾਨ ’ਤੇ ਹੀ ਭੁੱਲ ਗਈ ਅਤੇ ਕੁਝ ਹੀ ਦੇਰ ਬਾਅਦ ਦੁਕਾਨ ’ਤੇ ਪਰਸ ਵਾਪਸ ਲੈਣ ਗਈ ਪਰ ਦੁਕਾਨਦਾਰ ਨੇ ਉਸ ਦਾ ਪਰਸ ਉਥੇ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਪਰਸ ਵਿਚ 25 ਹਜ਼ਾਰ ਰੁਪਏ ਕੈਸ਼ ਅਤੇ ਏ. ਟੀ. ਐੱਮ. ਕਾਰਡ ਸਣੇ ਜ਼ਰੂਰੀ ਕਾਗਜ਼ਾਤ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਮੌਕੇ ’ਤੇ ਆਈ। ਗੱਲਬਾਤ ਸ਼ੁਰੂ ਹੀ ਹੋਈ ਸੀ ਕਿ ਵਾਰਡ ਨੰਬਰ 77 ਤੋਂ ਕੌਂਸਲਰਪਤੀ ਵਿਨੀਤ ਧੀਰ ਮੌਕੇ ’ਤੇ ਆਏ ਅਤੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਨਾਲ ਵੀ ਇਸੇ ਤਰ੍ਹਾਂ ਬਦਤਮੀਜ਼ੀ ਕੀਤੀ ਗਈ। ਉਨ੍ਹਾਂ ਮੰਗ ਰੱਖੀ ਕਿ ਕੌਂਸਲਰਪਤੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਕੌਂਸਲਰਪਤੀ ਵਿਨੀਤ ਧੀਰ ਦਾ ਕਹਿਣਾ ਹੈ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਥੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ। ਉਨ੍ਹਾਂ ਦੁਕਾਨਦਾਰਾਂ ਨਾਲ ਗੱਲ ਕੀਤੀ ਅਤੇ ਮਾਮਲੇ ਨੂੰ ਸੁਲਝਾਇਆ। ਵਿਨੀਤ ਨੇ ਕਿਹਾ ਕਿ ਉਹ ਜਨਤਾ ਦੀ ਨੁਮਾਇੰਦਗੀ ਕਰਦੇ ਹਨ, ਗਲਤ ਸ਼ਬਦਾਵਲੀ ਵਰਤਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ ਲਾਏ ਗਏ ਹਨ, ਉਹ ਗਲਤ ਹਨ।

 

shivani attri

This news is Content Editor shivani attri