ਮਿਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ 3 ਹਜ਼ਾਰ ਰੁਪਏ ਕੀਤਾ ਜਾਵੇਗਾ : ਸਿੱਖਿਆ ਸਕੱਤਰ

01/21/2020 1:32:01 PM

ਨਵਾਂਸ਼ਹਿਰ (ਮਨੋਰੰਜਨ)— ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਅਤੇ ਇਸ ਮੀਟਿੰਗ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਸ਼ਾਮਲ ਹੋਏ। ਜੱਥੇਬੰਦੀ ਵੱਲੋਂ ਸੂਬਾ ਪ੍ਰਧਾਨ ਬਿਮਲਾ ਰਾਣੀ ਦੀ ਅਗਵਾਈ ਹੇਠ ਮਿਲੇ ਵਫਦ ਵੱਲੋਂ ਸਿੱਖਿਆ ਮੰਤਰੀ ਨਾਲ ਮੰਗਾਂ ਸਬੰਧੀ ਗੱਲਬਾਤ ਕੀਤੀ ਗਈ। ਮਿਡ-ਡੇ-ਮੀਲ ਵਰਕਰਾਂ ਦੇ ਮਾਣ ਭੱਤੇ 'ਚ ਵਾਧਾ ਕਰਨ ਦੀ ਮੰਗ ਸਬੰਧੀ ਸਿੱਖਿਆ ਮੰਤਰੀ ਵੱਲੋਂ ਦੱਸਿਆ ਗਿਆ ਕਿ ਮਿਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ 3000 ਰੁਪਏ ਪ੍ਰਤੀ ਮਹੀਨਾ ਕਰਨ ਸਬੰਧੀ ਮੁੱਖ ਮੰਤਰੀ ਕੋਲੋਂ ਮਨਜ਼ੂਰੀ ਲੈ ਲਈ ਗਈ ਹੈ ਅਤੇ ਵਿੱਤ ਵਿਭਾਗ ਨੂੰ ਕੇਸ ਮਨਜੂਰੀ ਲਈ ਭੇਜਿਆ ਜਾ ਚੁੱਕਾ ਹੈ।

ਬਹੁਤ ਜਲਦ ਮਨਜੂਰੀ ਮਿਲਣ ਉਪਰੰਤ ਇਹ ਫੈਸਲਾ ਲਾਗੂ ਕਰ ਦਿੱਤਾ ਜਾਵੇਗਾ। ਸਾਲ 'ਚ 10 ਮਹੀਨੇ ਮਾਣ ਭੱਤਾ ਮਿਲਣ ਸਬੰਧੀ ਸਿੱਖਿਆ ਮੰਤਰੀ ਵਲੋਂ ਸਪੱਸ਼ਟ ਕੀਤਾ ਗਿਆ ਕਿ ਇਹ ਪ੍ਰਚਲਣ ਕੇਂਦਰ ਸਰਕਾਰ ਵੱਲੋਂ ਹੀ ਕੀਤਾ ਗਿਆ ਹੈ ਅਤੇ ਸਾਲ 'ਚ 12 ਮਹੀਨੇ ਮਾਣ ਭੱਤਾ ਦੇਣ ਲਈ ਕੇਂਦਰ ਸਰਕਾਰ ਨੂੰ ਕੇਸ ਭੇਜਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਦੀ ਮਨਜੂਰੀ ਮਿਲਣ ਉਪਰੰਤ ਇਸਨੂੰ ਤੁਰੰਤ ਲਾਗੂ ਕਰ ਦਿੱਤਾ ਜਾਵੇਗਾ।

ਸਮੂਹ ਮਿਡ-ਡੇ-ਮੀਲ ਵਰਕਰਾਂ ਦਾ ਬੀਮਾ ਆਯੂਸ਼ਮਾਨ ਭਾਰਤ ਦੀ ਸਕੀਮ ਤਹਿਤ ਮੁਫਤ ਕੀਤਾ ਜਾਵੇਗਾ, ਸਕੂਲਾਂ ਅੰਦਰ ਬੱਚੇ ਘਟਣ ਕਾਰਣ ਕੱਢੇ ਗਏ ਵਰਕਰਾਂ ਦੀ ਲਿਸਟ ਸਿੱਖਿਆ ਸਕੱਤਰ ਨੂੰ ਭੇਜੀ ਜਾਵੇਗੀ ਅਤੇ ਬਹੁਤ ਜਲਦ ਇਸਦਾ ਹੱਲ ਕੱਢਿਆ ਜਾਵੇਗਾ, ਚੋਣਾਂ ਦੌਰਾਨ ਕੀਤੀਆਂ ਡਿਊਟੀਆਂ ਦਾ ਮਿਹਨਤਾਨਾ ਮਿਲਣ ਸਬੰਧੀ ਵੀ ਸਿੱਖਿਆ ਮੰਤਰੀ ਵੱਲੋਂ ਹਾਮੀ ਭਰੀ ਗਈ ਅਤੇ ਮੰਗ ਪੱਤਰ 'ਚ ਬਾਕੀ ਮੰਗਾਂ ਨੂੰ ਵੀ ਹਮਦਰਦੀ ਨਾਲ ਵਿਚਾਰ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਵਫਦ 'ਚ ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂ ਪ੍ਰਵੀਨ ਬਾਲਾ, ਬਲਵਿੰਦਰ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ ਟਾਹਲੀ, ਮਨਜੀਤ ਕੌਰ, ਮਮਤਾ, ਜਸਵੀਰ ਕੌਰ, ਪ.ਸ.ਸ.ਫ. ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ, ਗੁਰਬਿੰਦਰ ਸਿੰਘ, ਕੁਲਦੀਪ ਸਿੰਘ ਕੌੜਾ, ਰਾਮ ਕ੍ਰਿਸ਼ਨ ਧੁਣਕੀਆ ਵੀ ਹਾਜ਼ਰ ਸਨ।

shivani attri

This news is Content Editor shivani attri