ਅਜੀਬ ਮਾਹੌਲ 'ਚ ਹੋਈ ਕੌਂਸਲਰ ਹਾਊਸ ਦੀ ਮੀਟਿੰਗ, 3 ਘੰਟੇ ਬਹਿਸਬਾਜ਼ੀ ਸਣੇ ਸਮੱਸਿਆਵਾਂ 'ਤੇ ਹੋਈ ਚਰਚਾ

12/02/2020 1:14:59 PM

ਜਲੰਧਰ (ਖੁਰਾਣਾ)— ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਮੰਗਲਵਾਰ ਸਥਾਨਕ ਰੈੱਡ ਕਰਾਸ ਭਵਨ ਵਿਚ ਹੋਈ, ਜਿਸ ਦੌਰਾਨ ਅਜੀਬ ਜਿਹਾ ਮਾਹੌਲ ਵੇਖਣ ਨੂੰ ਮਿਲਿਆ। ਮੀਟਿੰਗ ਸਬੰਧੀ ਕਾਫ਼ੀ ਮਹੱਤਵਪੂਰਨ ਏਜੰਡਾ ਤੈਅ ਕੀਤਾ ਗਿਆ ਸੀ, ਜਿਸ 'ਚ 66 ਪ੍ਰਸਤਾਵ ਸਨ ਪਰ ਹੈਰਾਨੀਜਨਕ ਇਹ ਰਿਹਾ ਕਿ ਜ਼ਰੂਰੀ ਏਜੰਡੇ ਦੇ ਪ੍ਰਸਤਾਵਾਂ ਦੇ ਹੈਡਿੰਗ ਨੂੰ ਸਿਰਫ਼ 3 ਮਿੰਟਾਂ 'ਚ ਪੜ੍ਹ ਦਿੱਤਾ ਅਤੇ ਕੌਂਸਲਰਾਂ ਦੀ ਆਪਸੀ ਬਹਿਸਬਾਜ਼ੀ ਅਤੇ ਵਾਰਡਾਂ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ 'ਤੇ ਚਰਚਾ 'ਚ ਹੀ 3 ਘੰਟੇ ਖਰਚ ਕਰ ਦਿੱਤੇ ਗਏ। ਮੀਟਿੰਗ ਕਿਉਂਕਿ 25 ਦਿਨਾਂ ਬਾਅਦ ਹੀ ਹੋ ਗਈ ਸੀ, ਇਸ ਲਈ 15 ਦੇ ਲਗਭਗ ਕੌਂਸਲਰ ਆਏ ਹੀ ਨਹੀਂ ਅਤੇ ਜਿਹੜੇ ਆਏ ਵੀ ਉਨ੍ਹਾਂ ਵੀ ਸੰਜੀਦਗੀ ਨਹੀਂ ਦਿਖਾਈ ਅਤੇ ਆਪਣੀ ਗੱਲ ਕਹਿ ਕੇ ਕਈ ਕੌਂਸਲਰ ਚੱਲਦੇ ਬਣੇ।

ਪਹਿਲੀ ਵਾਰ ਜਸਪਾਲ ਕੌਰ ਭਾਟੀਆ ਨੇ ਵਿਖਾਇਆ ਗੁੱਸਾ, ਸੁਪਰਡੈਂਟ ਦੇ ਹੱਥੋਂ 2 ਵਾਰ ਖੋਹਿਆ ਏਜੰਡਾ
ਮੀਟਿੰਗ ਦੌਰਾਨ ਅਕਾਲੀ ਕੌਂਸਲਰ ਜਸਪਾਲ ਕੌਰ ਭਾਟੀਆ ਉਸ ਸਮੇਂ ਆਕਰਸ਼ਣ ਦਾ ਕੇਂਦਰ ਬਣ ਗਈ, ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਹਾਊਸ 'ਚ ਗੁੱਸਾ ਆਇਆ ਅਤੇ ਉਨ੍ਹਾਂ ਏਜੰਡਾ ਪੜ੍ਹ ਰਹੇ ਸੁਪਰਡੈਂਟ ਸੁਨੀਲ ਖੁੱਲਰ ਕੋਲੋਂ 2 ਵਾਰ ਏਜੰਡਾ ਖੋਹ ਕੇ ਜ਼ਮੀਨ 'ਤੇ ਸੁੱਟ ਦਿੱਤਾ।

ਸ਼੍ਰੀਮਤੀ ਭਾਟੀਆ ਆਪਣੇ ਵਾਰਡ ਦੀਆਂ ਸਮੱਸਿਆਵਾਂ ਲਈ ਸਮਾਂ ਨਾ ਦੇਣ ਕਾਰਨਨਾਰਾਜ਼ ਨਜ਼ਰ ਆ ਰਹੇ ਸਨ। ਬਾਅਦ 'ਚ ਮੇਅਰ ਨੇ ਉਨ੍ਹਾਂ ਨੂੰ ਪੂਰਾ ਸਮਾਂ ਦਿੱਤਾ, ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ 4 ਸਫਾਈ ਸੇਵਕਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ਜਿਹੜੇ ਕਰਮਚਾਰੀ ਰੱਖੇ ਗਏ, ਉਨ੍ਹਾਂ ਵਿਚੋਂ ਇਕ ਵੀ ਵਾਰਡ 'ਚ ਅਲਾਟ ਨਹੀਂ ਹੋਇਆ। ਵਾਰਡ 'ਚ ਜਗ੍ਹਾ-ਜਗ੍ਹਾ ਡੰਪ ਬਣ ਗਏ ਹਨ, ਜਿੱਥੇ ਦੂਜੇ ਵਾਰਡਾਂ ਦਾ ਕੂੜਾ ਵੀ ਆ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀ ਭਰਤੀ ਕਰਕੇ ਉਨ੍ਹਾਂ ਦੀ ਕਮੀ ਦੂਰ ਕੀਤੀ ਜਾਵੇ। ਕਾਂਗਰਸੀ ਕੌਂਸਲਰ ਪ੍ਰਵੀਨਾ ਮਨੂ ਨੇ ਵੀ ਸ਼੍ਰੀਮਤੀ ਜਸਪਾਲ ਭਾਟੀਆ ਦੀਆਂ ਗੱਲਾਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਵੀ ਤਰਸ ਦੇ ਆਧਾਰ 'ਤੇ ਭਰਤੀ ਹੋਏ ਕਰਮਚਾਰੀ ਨਹੀਂ ਰੱਖੇ ਗਏ, ਜਿਸ ਕਾਰਣ ਸਫਾਈ ਦੀ ਸਮੱਸਿਆ ਆ ਰਹੀ ਹੈ।

ਆਵਾਰਾ ਕੁੱਤਿਆਂ ਦੇ ਆਧਾਰ ਕਾਰਡ ਬਣੇ ਹੋਏ ਹਨ ਜਾਂ ਜਨਮ ਸਰਟੀਫਿਕੇਟ
ਭਾਜਪਾ ਕੌਂਸਲਰ ਦਲ ਦੇ ਆਗੂ ਮਨਜਿੰਦਰ ਚੱਠਾ ਅਤੇ ਉਪ ਆਗੂ ਸੁਸ਼ੀਲ ਸ਼ਰਮਾ ਦੀ ਗੈਰ-ਹਾਜ਼ਰੀ ਵਿਚ ਕੌਂਸਲਰ ਵੀਰੇਸ਼ ਮਿੰਟੂ ਨੇ ਅੱਜ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਕੁੱਤਿਆਂ ਦੀ ਨਸਬੰਦੀ ਵਾਲੇ ਪ੍ਰਾਜੈਕਟ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਦੀ ਗਿਣਤੀ ਪਤਾ ਕਰਨ ਦਾ ਪੈਮਾਨਾ ਕੀ ਹੈ? ਕੀ ਉਨ੍ਹਾਂ ਦੇ ਆਧਾਰ ਕਾਰਡ ਬਣੇ ਹੋਏ ਹਨ ਜਾਂ ਜਨਮ ਸਰਟੀਫਿਕੇਟ। ਆਪ੍ਰੇਸ਼ਨਾਂ ਦੇ ਕੰਮ ਵਿਚ ਵੀ ਪਾਰਦਰਸ਼ਤਾ ਨਹੀਂ। ਕਮਿਸ਼ਨਰ ਨੇ ਇਸ ਮਾਮਲੇ ਵਿਚ ਐਨੀਮਲ ਬੋਰਡ ਦੇ ਨਿਯਮਾਂ ਅਤੇ ਸਰਵੇ ਦਾ ਹਵਾਲਾ ਦਿੱਤਾ ਅਤੇ ਆਵਾਰਾ ਕੁੱਤਿਆਂ ਦੀ ਗਿਣਤੀ ਲਗਭਗ 36 ਹਜ਼ਾਰ ਹੋਣ ਦਾ ਦਾਅਵਾ ਕੀਤਾ।

ਵੀਰੇਸ਼ ਮਿੰਟੂ ਦਾ ਦੂਜਾ ਹਮਲਾ ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਅਫਸਰਾਂ ਦੀ ਮਿਲੀਭੁਗਤ ਨਾਲ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ ਅਤੇ ਨਿਗਮ ਨੂੰ ਕੋਈ ਆਮਦਨੀ ਨਹੀਂ ਹੋ ਰਹੀ। ਇਕ ਕਾਲੋਨਾਈਜ਼ਰ ਨੇ ਹੀ 18 ਨਾਜਾਇਜ਼ ਕਾਲੋਨੀਆਂ ਕੱਟ ਦਿੱਤੀਆਂ ਪਰ ਉਸ 'ਤੇ ਕੋਈ ਐਕਸ਼ਨ ਨਹੀਂ ਹੋਇਆ। ਇਸ ਮਾਮਲੇ ਵਿਚ ਕੌਂਸਲਰ ਵਿੱਕੀ ਕਾਲੀਆ ਨੇ ਵੀਰੇਸ਼ ਮਿੰਟੂ ਨੂੰ ਘੇਰਦਿਆਂ ਇਸ ਦਾ ਭਾਂਡਾ ਪਿਛਲੀ ਸਰਕਾਰ ਸਿਰ ਭੰਨਿਆ।
ਵੀਰੇਸ਼ ਮਿੰਟੂ ਦਾ ਤੀਜਾ ਹਮਲਾ ਨਿਗਮ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਸੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਇਸ਼ਤਿਹਾਰਾਂ ਅਤੇ ਨਾਜਾਇਜ਼ ਪਾਰਕਿੰਗ 'ਤੇ ਕੋਈ ਕਾਰਵਾਈ ਨਹੀਂ ਹੋਈ। ਸ਼ਹਿਰ ਵਿਚ ਰੇਹੜੀ ਵਾਲਿਆਂ ਕੋਲੋਂ ਨਿੱਜੀ ਵਸੂਲੀ ਕੀਤੀ ਜਾਂਦੀ ਹੈ। ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਦਾ ਜਵਾਬ ਸੀ ਕਿ ਨਿਗਮ ਕੋਲ 121 ਨਾਜਾਇਜ਼ ਕਾਲੋਨੀਆਂ ਦੀਆਂ ਫਾਈਲਾਂ ਪੈਂਡਿੰਗ ਪਈਆਂ ਹਨ, ਜਿਸ ਸਬੰਧੀ ਮੀਟਿੰਗ ਬੁਲਾਈ ਜਾ ਰਹੀ ਹੈ।
 

ਪੀ. ਏ. ਪੀ. ਤੋਂ ਵਰਕਸ਼ਾਪ ਚੌਕ ਤੱਕ ਐਲੀਵੇਟਿਡ ਰੋਡ ਬਣਾਉਣ ਦਾ ਰੱਖਿਆ ਗਿਆ ਪ੍ਰਸਤਾਵ
ਮੀਟਿੰਗ ਦੌਰਾਨ ਭਾਵੇਂ ਹਾਊਸ ਦੇ ਏਜੰਡੇ ਦੀ ਕਿਸੇ ਆਈਟਮ 'ਤੇ ਵਿਚਾਰ ਨਹੀਂ ਹੋਇਆ ਤੇ ਨਾ ਹੀ ਕਿਸੇ ਆਈਟਮ ਨੂੰ ਪੜ੍ਹਿਆ ਗਿਆ ਪਰ ਇਸ ਦੌਰਾਨ ਨਵਾਂ ਪ੍ਰਸਤਾਵ ਰੱਖਿਆ ਗਿਆ ਕਿ ਸਮਾਰਟ ਸਿਟੀ ਦੇ ਫੰਡ ਨਾਲ ਪੀ. ਏ. ਪੀ. ਚੌਕ ਤੋਂ ਲੈ ਕੇ ਕਪੂਰਥਲਾ ਤੋਂ ਹੁੰਦੇ ਹੋਏ ਵਰਕਸ਼ਾਪ ਚੌਕ ਤੱਕ ਐਲੀਵੇਟਿਡ ਰੋਡ ਬਣਾਈ ਜਾਵੇ, ਜਿਸ ਨਾਲ ਸ਼ਹਿਰ ਦੇ ਵੱਡੇ ਇਲਾਕੇ ਨੂੰ ਲਾਭ ਹੋਵੇਗਾ ਅਤੇ ਟਰੈਫਿਕ ਦੀ ਸਮੱਸਿਆ ਘਟੇਗੀ। ਕਈ ਸਾਲ ਪਹਿਲਾਂ ਰਾਈਟਸ ਕੰਪਨੀ ਨੇ ਇਸ ਸਬੰਧੀ ਸਰਵੇ ਕੀਤਾ ਸੀ ਪਰ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹਿਆ। ਬਾਅਦ ਵਿਚ ਕੁਝ ਚੌਕਾਂ 'ਤੇ ਫਲਾਈਓਵਰ ਬਣਾ ਦਿੱਤੇ ਗਏ ਪਰ ਅਜੇ ਵੀ ਮਹਾਵੀਰ ਮਾਰਗ 'ਤੇ ਟਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਇਸ ਲਈ ਐਲੀਵੇਟਿਡ ਰੋਡ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਣਾ ਚਾਹੀਦਾ ਹੈ।

ਪੂਰੇ ਹਾਊਸ ਨੇ ਕਿਸਾਨ ਅੰਦੋਲਨ ਦਾ ਕੀਤਾ ਸਮਰਥਨ
ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਪੂਰੇ ਹਾਊਸ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਕੌਂਸਲਰ ਸ਼ੈਰੀ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਵਿਚ ਕਿਸਾਨਾਂ 'ਤੇ ਸਰਦੀ ਦੇ ਮੌਸਮ ਵਿਚ ਅੱਤਿਆਚਾਰ ਕਰ ਰਹੀ ਹੈ। ਕਈ ਕਿਸਾਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਅੰਨਦਾਤਾ ਦਾ ਅਜਿਹਾ ਅਪਮਾਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਹਾਊਸ ਵਿਚ 'ਮੋਦੀ ਸਰਕਾਰ ਮੁਰਦਾਬਾਦ' ਦੇ ਨਾਅਰੇ ਵੀ ਲਾਏ। ਇਸ ਤੋਂ ਪਹਿਲਾਂ ਕੌਂਸਲਰ ਸ਼ਮਸ਼ੇਰ ਖਹਿਰਾ ਅਤੇ ਕੌਂਸਲਰ ਵਿੱਕੀ ਕਾਲੀਆ ਨੇ ਵੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ।
 

ਦੋਬਾਰਾ ਸ਼ੁਰੂ ਹੋਈ ਸਵੱਛਤਾ ਸਬੰਧੀ ਮੁਹਿੰਮ
ਆਗਾਮੀ ਸਵੱਛਤਾ ਸਰਵੇਖਣ ਦੇ ਮੱਦੇਨਜ਼ਰ ਨਿਗਮ ਪ੍ਰਸ਼ਾਸਨ ਨੇ ਅੱਜ ਹਾਊਸ ਦੀ ਮੀਟਿੰਗ ਦੌਰਾਨ ਸਵੱਛਤਾ ਸਬੰਧੀ ਮੁਹਿੰਮ ਦਾ ਤੀਜਾ ਪੜਾਅ ਸ਼ੁਰੂ ਕੀਤਾ ਹੈ, ਜਿਸ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਦੌਰਾਨ ਕੌਂਸਲਰਾਂ ਨੂੰ ਆਯੁਸ਼ਮਾਨ ਕਾਰਡਾਂ ਬਾਰੇ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਕਾਫੀ ਹੰਗਾਮਾ ਹੋਇਆ।

ਜ਼ੋਰ-ਸ਼ੋਰ ਨਾਲ ਉੱਠਿਆ ਨਾਜਾਇਜ਼ ਕਾਲੋਨੀਆਂ ਦਾ ਮੁੱਦਾ
ਹਾਊਸ ਦੀ ਮੀਟਿੰਗ ਦੌਰਾਨ ਨਾਜਾਇਜ਼ ਕਾਲੋਨੀਆਂ ਅਤੇ ਨਾਜਾਇਜ਼ ਨਿਰਮਾਣਾਂ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉੱਠਿਆ, ਜਿਸ ਦੌਰਾਨ ਵਿੱਕੀ ਕਾਲੀਆ ਅਫ਼ਸਰਾਂ ਨਾਲ ਕਾਫੀ ਨਾਰਾਜ਼ ਦਿਸੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ 199 ਕਾਲੋਨੀਆਂ ਦੀਆਂ ਫਾਈਲਾਂ ਨਿਗਮ ਕੋਲ ਆਈਆਂ, ਜਿਨ੍ਹਾਂ ਵਿਚੋਂ ਸਿਰਫ਼ 4 ਪਾਸ ਹੋਈਆਂ, ਬਾਕੀ ਸਾਰੀਆਂ ਡਿਵੈੱਲਪ ਹੋ ਗਈਆਂ। ਅੱਜ ਵੀ 200 ਕਾਲੋਨੀਆਂ ਬਿਨਾਂ ਮਨਜ਼ੂਰੀ ਦੇ ਕੱਟੀਆਂ ਜਾ ਰਹੀਆਂ ਹਨ। ਮਿੱਠਾਪੁਰ ਵਿਚ ਅਰੋੜਾ ਕਾਲੋਨੀ ਸ਼ਰੇਆਮ ਬਣਾਈ ਜਾ ਰਹੀ ਹੈ, ਜਿਸ 'ਤੇ ਨਿਗਮ ਕਾਰਵਾਈ ਨਹੀਂ ਕਰ ਰਿਹਾ।
ਸਮਰਾ ਹਾਊਸ ਨੇੜੇ ਇਕ ਬਿਲਡਿੰਗ, ਸਿਡਾਨਾ ਕਲਰ ਲੈਬ ਨੇੜੇ ਤਿੰਨ ਮੰਜ਼ਿਲਾ ਬਿਲਡਿੰਗ ਅਤੇ ਅਗਰਵਾਲ ਢਾਬੇ ਦੀ ਬਿਲਡਿੰਗ ਬਾਰੇ ਅਫਸਰ ਨਾ ਜਾਣਕਾਰੀ ਦੇ ਰਹੇ ਹਨ ਤੇ ਨਾ ਹੀ ਕਾਰਵਾਈ ਕਰ ਰਹੇ ਹਨ। ਕਈ ਜਗ੍ਹਾ ਸਿਰਫ ਖੇਤ ਹਨ, ਉਥੇ ਪਲਾਟਾਂ ਦੀਆਂ ਐੱਨ. ਓ. ਸੀਜ਼ ਦਿੱਤੀਆਂ ਜਾ ਰਹੀਆਂ ਹਨ ਅਤੇ ਨਕਸ਼ੇ ਪਾਸ ਕੀਤੇ ਜਾ ਰਹੇ ਹਨ।



ਕਿਹੜਾ ਕੌਂਸਲਰ ਕੀ-ਕੀ ਬੋਲਿਆ
ਰਾਜੀਵ ਓਂਕਾਰ ਟਿੱਕਾ : ਪਿਛਲੀਆਂ ਮੀਟਿੰਗਾਂ ਦੌਰਾਨ ਉਠਾਏ ਮੁੱਦਿਆਂ ਵਿਚੋਂ ਵਧੇਰੇ ਹੱਲ ਨਹੀਂ ਹੋਏ। ਡੰਪ ਦੇ ਸਾਹਮਣੇ 52 ਮਰਲੇ ਜ਼ਮੀਨ 'ਤੇ ਕਬਜ਼ਾ ਬਰਕਰਾਰ ਹੈ। ਸਕੂਲਾਂ ਨੂੰ ਮਦਦ ਦੇਣ ਅਤੇ ਵਾਲਮੀਕਿ ਮੰਦਰ ਵਿਚ ਚੱਲ ਰਹੇ ਸਕੂਲ ਨੂੰ ਜਗ੍ਹਾ ਦੇਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਈ-ਰਿਕਸ਼ਾ ਵੀ ਨਹੀਂ ਮਿਲ ਰਹੇ। 120 ਫੁੱਟੀ ਰੋਡ 'ਤੇ ਭਗਤ ਕਬੀਰ ਮੰਦਰ ਲਈ ਜਗ੍ਹਾ ਅਲਾਟ ਕੀਤੀ ਜਾਵੇ। ਨਕੋਦਰ ਚੌਕ ਨੇੜੇ ਫਰਨੀਚਰ ਮਾਰਕੀਟ ਵੱਲੋਂ ਕੱਚੇ ਅਤੇ ਪੱਕੇ ਕਬਜ਼ੇ ਕਰ ਕੇ ਟਰੈਫਿਕ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਤੋੜਿਆ ਜਾਵੇ। ਕਮਿਸ਼ਨਰ ਨੇ ਇਸ ਸਬੰਧੀ ਜਲਦ ਕਾਰਵਾਈ ਦਾ ਭਰੋਸਾ ਿਦੱਤਾ।
 

ਰੋਹਨ ਸਹਿਗਲ : ਕਾਂਗਰਸੀ ਆਗੂ ਮਲਵਿੰਦਰ ਲੱਕੀ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਨਾਂ ਲੈ ਕੇ ਨਿਗਮ ਵਿਚ ਅਫਸਰਾਂ ਨਾਲ ਬੁਰਾ ਸਲੂਕ ਕੀਤਾ, ਉਹ ਨਿੰਦਣਯੋਗ ਹੈ ਪਰ ਨਿਗਮ ਵੱਲੋਂ ਉਸ 'ਤੇ ਕੇਸ ਦਰਜ ਕਰਵਾਉਣਾ ਪ੍ਰਸ਼ੰਸਾਯੋਗ ਹੈ। ਨਗਰ ਨਿਗਮ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦੀ ਪ੍ਰਸ਼ੰਸਾ ਕਰਦਿਆਂ ਅਤੇ ਉਨ੍ਹਾਂ ਨੂੰ ਕਾਬਿਲ ਅਫਸਰ ਦੱਸਦਿਆਂ ਰੋਹਨ ਸਹਿਗਲ ਨੇ ਕਿਹਾ ਕਿ ਉਹ ਸ਼ਿਕਾਇਤਾਂ 'ਤੇ ਨਾ ਸਿਰਫ ਤੁਰੰਤ ਐਕਸ਼ਨ ਲੈਂਦੇ ਹਨ, ਸਗੋਂ ਨਾਜ਼ੁਕ ਸਥਿਤੀ ਨੂੰ ਵੀ ਸੰਭਾਲ ਲੈਂਦੇ ਹਨ, ਇਸ ਲਈ ਉਨ੍ਹਾਂ ਨੂੰ 15 ਅਗਸਤ ਜਾਂ 26 ਜਨਵਰੀ ਮੌਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
ਰੋਹਨ ਨੇ ਕਿਹਾ ਕਿ ਏਜੰਡੇ ਵਿਚ ਕਈ ਸੜਕਾਂ ਦੇ ਨਾਂ ਬਦਲਣ ਦਾ ਪ੍ਰਸਤਾਵ ਹੈ। ਅਜਿਹੇ ਵਿਚ ਇਕ ਸੜਕ ਉਨ੍ਹਾਂ ਦੇ ਨਾਂ 'ਤੇ ਵੀ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਐੱਲ. ਈ. ਡੀ. ਸਟਰੀਟ ਲਾਈਟਸ ਮਾਮਲੇ ਵਿਚ ਵੱਡੇ ਘਪਲੇ ਨੂੰ ਬੇਨਕਾਬ ਕੀਤਾ ਸੀ, ਜਿਸ ਕਾਰਣ ਪਿਛਲੀ ਸਰਕਾਰ ਵੱਲੋਂ ਬਣਾਇਆ ਗਿਆ 274 ਕਰੋੜ ਦਾ ਪ੍ਰਾਜੈਕਟ ਸਿਰਫ 44 ਕਰੋੜ ਦਾ ਰਹਿ ਗਿਆ ਹੈ।



ਮਨਮੋਹਨ ਰਾਜੂ : ਏਜੰਡੇ ਵਿਚ ਕਈ ਸੜਕਾਂ, ਚੌਕਾਂ ਦਾ ਨਾਂ ਬਦਲਣ 'ਤੇ ਇਤਰਾਜ਼ ਹੈ, ਇਸ ਲਈ ਉਨ੍ਹਾਂ ਨੂੰ ਪਾਸ ਨਹੀਂ ਕੀਤਾ ਜਾਣਾ ਚਾਹੀਦਾ। ਗੁਰੂ ਨਾਨਕਪੁਰਾ ਰੋਡ ਨੂੰ ਵਧੀਆ ਤਰੀਕੇ ਨਾਲ ਬਣਵਾਉਣਾ ਅਤੇ ਜ਼ਿਆਦਾ ਰੋਡ-ਗਲੀਆਂ ਦਾ ਨਿਰਮਾਣ ਸਲਾਹੁਣਯੋਗ ਹੈ ਪਰ ਇਨ੍ਹਾਂ ਰੋਡ-ਗਲੀਆਂ ਦੀ ਸਫਾਈ ਲਈ ਵਾਧੂ ਫੰਡ ਮਿਲਣਾ ਚਾਹੀਦਾ ਹੈ।

ਮਿੰਟੂ ਜੁਨੇਜਾ : ਮੇਰੇ ਵਾਰਡ ਵਿਚ 10 ਫੁੱਟ ਸੜਕ 'ਤੇ ਪਿਛਲੇ 1 ਮਹੀਨੇ ਤੋਂ ਕਬਜ਼ਾ ਕੀਤਾ ਜਾ ਰਿਹਾ ਹੈ ਪਰ ਅਧਿਕਾਰੀ ਕਾਰਵਾਈ ਨਹੀਂ ਕਰ ਰਹੇ। ਸੁਭਾਨਾ ਵਿਚ 12 ਏਕੜ ਵਿਚ ਨਾਜਾਇਜ਼ ਕਾਲੋਨੀ ਕੱਟ ਦਿੱਤੀ ਗਈ ਅਤੇ ਹੁਣ ਉਥੇ ਇਕ ਹੋਰ ਕਾਲੋਨੀ ਕੱਟੀ ਜਾ ਰਹੀ ਹ ੈ ਪਰ ਅਧਿਕਾਰੀ ਐਕਸ਼ਨ ਨਹੀਂ ਲੈ ਰਹੇ। ਕੰਨਿਆਂਵਾਲੀ ਸ਼ਮਸ਼ਾਨਘਾਟ ਦੇ ਨੇੜੇ ਡੰਪ ਦਾ ਇੰਨਾ ਬੁਰਾ ਹਾਲ ਹੈ ਕਿ ਸ਼ਮਸ਼ਾਨਘਾਟ ਨੂੰ ਜਾਣ ਵਾਲਾ ਰਸਤਾ ਕੂੜੇ ਨਾਲ ਭਰਿਆ ਹੋਇਆ ਹੈ।


ਪ੍ਰਭਦਿਆਲ ਭਗਤ : ਗੜ੍ਹਾ ਦੀ ਡਿਸਪੈਂਸਰੀ ਨੇੜੇ ਨਿਗਮ ਦੀਆਂ ਬੰਦ ਪਈਆਂ ਦੁਕਾਨਾਂ ਬਾਰੇ ਜਾਣਕਾਰੀ ਿਦੱਤੀ ਜਾਵੇ। ਮਿਡਲ ਸਕੂਲ ਦੇ ਨੇੜੇ ਨਾਜਾਇਜ਼ ਰੂਪ ਵਿਚ ਬਣੀਆਂ ਬਿਲਡਿੰਗਾਂ ਨੂੰ ਤੋੜਿਆ ਨਹੀਂ ਜਾ ਰਿਹਾ। ਸਕੂਲ ਨੇੜੇ ਗੰਦਗੀ ਫੈਲਾਉਣ ਵਾਲਿਆਂ ਨੂੰ ਰੋਕਿਆ ਨਹੀਂ ਜਾ ਰਿਹਾ। ਗੜ੍ਹਾ ਦੇ ਸ਼ਮਸ਼ਾਨਘਾਟ ਨੇੜੇ ਨਾਜਾਇਜ਼ ਬਣੇ ਡੰਪ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਹੋਇਆ ਸੀ ਪਰ ਹੁਣ ਫਿਰ ਉਥੇ ਕਾਫੀ ਕੂੜਾ ਜਮ੍ਹਾ ਹੈ।


ਲਖਬੀਰ ਬਾਜਵਾ : ਨਹਿਰ ਤੋਂ ਗੰਦੇ ਨਾਲੇ ਤੱਕ ਕਪੂਰਥਲਾ ਰੋਡ 'ਤੇ ਸਾਲ ਪਹਿਲਾਂ ਕਿਰਾਏ ਦੀਆਂ ਸਟਰੀਟ ਲਾਈਟਾਂ ਲਾਈਆਂ ਗਈਆਂ ਸਨ ਜਿਥੇ ਅੱਜ ਹਨੇਰਾ ਫੈਲਿਆ ਰਹਿੰਦਾ ਹੈ। ਡੰਪ ਦੇ ਨੇੜੇ ਤਿੰਨ ਮਹੀਨੇ ਤੋਂ ਟਿਊਬਵੈੱਲ ਲੱਗਾ ਹੋਇਆ ਹੈ ਪਰ ਉਸ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ। ਬਸਤੀ ਪੀਰਦਾਦ ਐੱਸ. ਟੀ. ਪੀ. ਕਾਰਣ ਐੱਮ. ਐੱਸ. ਫਾਰਮ ਰੋਡ 'ਤੇ ਫਿਰ ਵੀ ਪਾਣੀ ਦੀ ਸਮੱਸਿਆ ਆ ਰਹੀ ਹੈ।
ਐੱਸ. ਈ. ਦਾ ਜਵਾਬ ਸੀ ਕਿ ਕਪੂਰਥਲਾ ਰੋਡ 'ਤੇ ਐੱਲ. ਈ. ਡੀ. ਪ੍ਰਾਜੈਕਟ ਤਹਿਤ ਜਲਦ ਲਾਈਟਾਂ ਲੱਗ ਜਾਣਗੀਆਂ। ਬਸਤੀ ਪੀਰਦਾਦ ਐੱਸ. ਟੀ. ਪੀ. 'ਤੇ ਵੀ ਬਿਨਾਂ ਟਰੀਟ ਹੋਏ ਪਾਣੀ ਨੂੰ ਬਾਈਪਾਸ ਕੀਤਾ ਜਾ ਰਿਹਾ ਹੈ, ਜਿਸ ਦੀ ਮਨਜ਼ੂਰੀ ਨਿਗਮ ਨੇ ਦੂਜੀ ਵਾਰ ਵੀ ਲੈ ਲਈ ਸੀ।



ਜਗਦੀਸ਼ ਸਮਰਾਏ : ਸਮਾਰਟ ਸਿਟੀ ਤਹਿਤ ਸ਼ਹਿਰ ਵਿਚ ਯੂ. ਆਈ. ਡੀ. ਨੰਬਰ ਪਲੇਟਾਂ ਲਾਉਣ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਬਾਹਰੀ ਕਾਲੋਨੀਆਂ ਵਿਚ ਘਰਾਂ ਦੇ ਨੰਬਰਾਂ ਨੂੰ ਲੈ ਕੇ ਸਮੱਸਿਆਵਾਂ ਆਉਂਦੀਆਂ ਹਨ। ਵਾਟਰ ਮੀਟਰ ਪਾਲਿਸੀ ਤਹਿਤ ਪਾਣੀ ਦੇ ਫ੍ਰੀ ਮੀਟਰ ਲਾਏ ਜਾਣ ਅਤੇ 5 ਮਰਲੇ ਦੇ ਪਾਣੀ ਦੇ ਬਿੱਲਾਂ ਵਿਚ ਮੁਆਫੀ ਦਿੱਤੀ ਜਾਵੇ। ਤਹਿਸੀਲਾਂ ਵਿਚ ਬਿਨਾਂ ਐੱਨ. ਓ. ਸੀ. ਦੇ ਰਜਿਸਟਰੀਆਂ ਹੋ ਰਹੀਆਂ ਹਨ। ਇਸ ਲੁੱਟ ਨੂੰ ਰੋਕਿਆ ਜਾਵੇ। ਕੌਂਸਲਰ ਨੀਲਕੰਠ ਦਾ ਸੁਝਾਅ ਸੀ ਕਿ ਇਕ ਕੰਪਨੀ ਆਪਣੇ ਖਰਚ 'ਤੇ ਸ਼ਹਿਰ ਵਿਚ ਯੂ. ਆਈ. ਡੀ. ਨੰਬਰ ਪਲੇਟਾਂ ਲਾਉਣ ਲਈ ਤਿਆਰ ਹੈ, ਇਸ ਲਈ ਨਿਗਮ ਆਪਣੇ ਪੈਸੇ ਬਚਾਵੇ।

ਜਗਦੀਸ਼ ਦਕੋਹਾ : ਸ਼ਹਿਰ ਵਿਚ ਸੜਕ ਦੇ ਨਿਰਮਾਣ ਕਾਰਜਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਸੜਕਾਂ 'ਤੇ ਮਟੀਰੀਅਲ ਵੀ ਪੂਰਾ ਪਾਇਆ ਜਾਂਦਾ ਹੈ ਪਰ ਸਾਫ-ਸਫਾਈ ਅਤੇ ਰੋਡ-ਗਲੀਆਂ ਦੀ ਸਫਾਈ ਨਾ ਹੋਣ ਕਾਰਣ ਸੜਕਾਂ ਜਲਦੀ ਟੁੱਟ ਜਾਂਦੀਆਂ ਹਨ, ਇਸ ਲਈ 100 ਬੇਲਦਾਰਾਂ ਨੂੰ ਇਸ ਕੰਮ ਲਈ ਰੱਖਿਆ ਜਾਵੇ। ਨਿਗਮ ਦੀਆਂ ਕੰਡਮ ਹੋ ਚੁੱਕੀਆਂ ਗੱਡੀਆਂ ਦੀ ਥਾਂ 'ਤੇ ਸਮਾਰਟ ਸਿਟੀ ਦੇ ਫੰਡ ਨਾਲ ਨਵੀਂ ਮਸ਼ੀਨਰੀ ਖਰੀਦੀ ਜਾਵੇ।

ਉਮਾ ਬੇਰੀ : ਨਯਾ ਬਾਜ਼ਾਰ ਦੇ ਦੁਕਾਨਦਾਰਾਂ ਦੇ ਮਾਮਲੇ ਨੂੰ ਜਲਦ ਹੱਲ ਕੀਤਾ ਜਾਵੇ। ਸਰਦੀਆਂ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਰਡਾਂ ਦੀ ਸੀਵਰ ਸਮੱਸਿਆ ਨਾਲ ਨਜਿੱਠਣ ਲਈ ਸੁਪਰਸਕਸ਼ਨ ਮਸ਼ੀਨਾਂ ਨਾਲ ਕੰਮ ਕਰਵਾਇਆ ਜਾਵੇ। ਆਨਲਾਈਨ ਦੇ ਨਾਲ-ਨਾਲ ਨਕਸ਼ਿਆਂ ਨੂੰ ਆਫਲਾਈਨ ਪਾਸ ਕਰਵਾਉਣ ਦੀ ਵੀ ਵਿਵਸਥਾ ਹੋਵੇ। ਕਮਿਸ਼ਨਰ ਦਾ ਜਵਾਬ ਸੀ ਕਿ ਨਯਾ ਬਾਜ਼ਾਰ ਦੇ ਕਬਜ਼ਿਆਂ ਨੂੰ ਸਰਕਾਰ ਦੀ ਨਵੀਂ ਪਾਲਿਸੀ ਤਹਿਤ ਵਿਚਾਰਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਕੇਸ ਅਜੇ ਹਾਈ ਕੋਰਟ ਵਿਚ ਪੈਂਡਿੰਗ ਚੱਲ ਰਿਹਾ ਹੈ।

ਰਾਧਿਕਾ ਪਾਠਕ : 5 ਕਰੋੜ ਦੀ ਲਾਗਤ ਨਾਲ ਕੁਝ ਸਾਲ ਪਹਿਲਾਂ ਤਿਆਰ ਹੋਇਆ ਕੰਪਨੀ ਬਾਗ ਅੱਜ ਖਸਤਾ ਹਾਲਤ ਵਿਚ ਹੈ। ਉਥੇ ਸਾਫ-ਸਫਾਈ ਦਾ ਕੋਈ ਇੰਤਜ਼ਾਮ ਨਹੀਂ ਹੈ। ਕਰੋੜ ਰੁਪਏ ਖਰਚ ਕਰ ਕੇ ਲਾਇਆ ਮਿਊਜ਼ੀਕਲ ਫਾਊਂਟੇਨ (ਸੰਗੀਤਮਈ ਫੁਹਾਰਾ) ਵੀ ਬੰਦ ਹੋ ਚੁੱਕਾ ਹੈ। 4200 ਗਜ਼ ਵਿਚ ਫੈਲੀ ਫਿਸ਼ ਐਕਵੇਰੀਅਮ ਵਾਲੀ ਜਗ੍ਹਾ ਨੂੰ ਵੀ ਨਿਗਮ ਵਰਤੋਂ ਵਿਚ ਨਹੀਂ ਲਿਆ ਰਿਹਾ। ਕਮਿਸ਼ਨਰ ਦਾ ਜਵਾਬ ਸੀ ਕਿ ਜਲਦ ਉਥੇ ਗੇਟ ਲਾਇਆ ਜਾ ਰਿਹਾ ਹੈ ਅਤੇ ਜਗ੍ਹਾ ਦੀ ਵਰਤੋਂ ਦੀ ਵੀ ਪਲਾਨਿੰਗ ਚੱਲ ਰਹੀ ਹੈ।

ਬਲਜਿੰਦਰ ਕੌਰ ਲੁਬਾਣਾ : ਵਾਰਡ ਦੀ ਹਾਲਤ ਕਾਫੀ ਖਰਾਬ ਹੈ ਅਤੇ ਭੇਦਭਾਵ ਕਾਰਣ ਕੋਈ ਕੰਮ ਨਹੀਂ ਕਰਵਾਇਆ ਜਾ ਰਿਹਾ। ਵਿਧਾਇਕ ਨੇ ਬਚਿੰਤ ਨਗਰ ਵਿਚ ਮੇਰੇ ਫੰਡ ਨਾਲ ਸੜਕ ਬਣਵਾ ਲਈ, ਜਿਸ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ। ਜੇਕਰ ਵਿਧਾਇਕ ਨੇ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਉਹ ਆਪਣੇ ਫੰਡ ਨਾਲ ਕਰਵਾਉਣ।
 


ਪਵਨ ਕੁਮਾਰ : ਨਾਜਾਇਜ਼ ਕਾਲੋਨੀਆਂ ਵਿਚ ਸੀਵਰ ਅਤੇ ਵਾਟਰ ਕੁਨੈਕਸ਼ਨ ਕਿਉਂ ਲਾਏ ਜਾਂਦੇ ਹਨ। ਨਿਗਮ ਇਸ ਮਾਮਲੇ ਵਿਚ ਨਾਲਾਇਕੀ ਅਤੇ ਲਾਪ੍ਰਵਾਹੀ ਵਰਤਦਾ ਹੈ। ਨਿਗਮ ਜੈਟਿੰਗ ਮਸ਼ੀਨਾਂ ਨਹੀਂ ਖਰੀਦ ਰਿਹਾ, ਜਿਸ ਕਾਰਣ ਛਾਉਣੀ ਦੇ ਵਾਰਡਾਂ ਅਤੇ ਹੋਰ ਇਲਾਕਿਆਂ ਵਿਚ ਸੀਵਰੇਜ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ। ਕਮਿਸ਼ਨਰ ਦਾ ਜਵਾਬ ਸੀ ਕਿ ਮਸ਼ੀਨਾਂ ਦੀ ਖਰੀਦ ਲਈ ਦੁਬਾਰਾ ਟੈਂਡਰ ਲਾਏ ਗਏ ਹਨ। ਇਕ ਮਹੀਨੇ ਅੰਦਰ ਨਵੀਆਂ ਗੱਡੀਆਂ ਆ ਜਾਣਗੀਆਂ।

ਰਿਸ਼ਾ ਸੈਣੀ : ਕਈ ਸਾਲ ਪਹਿਲਾਂ ਕਾਲੋਨੀਆਂ ਕੱਟੀਆਂ ਗਈਆਂ, ਜਿਹੜੀਆਂ ਅੱਜ ਪੂਰੀ ਤਰ੍ਹਾਂ ਵਸ ਗਈਆਂ ਹਨ, ਉਨ੍ਹਾਂ ਨੂੰ ਅਣਡਿਕਲੇਅਰ ਦੱਸ ਕੇ ਉਥੇ ਵਿਕਾਸ ਕਾਰਜ ਨਹੀਂ ਕਰਵਾਏ ਜਾ ਰਹੇ, ਜਿਸ ਕਾਰਣ ਲੋਕ ਕਾਫੀ ਪ੍ਰੇਸ਼ਾਨ ਹਨ। ਜੇਕਰ ਉਥੇ ਕੰਮ ਹੀ ਨਹੀਂ ਕਰਵਾਉਣੇ ਤਾਂ ਉਨ੍ਹਾਂ ਕੋਲੋਂ ਪ੍ਰਾਪਰਟੀ ਟੈਕਸ ਤੇ ਸੀਵਰ ਬਿੱਲ ਲੈਣ ਦੀ ਕੀ ਤੁਕ ਬਣਦੀ ਹੈ।

ਬਿਮਲਾ ਦਕੋਹਾ : ਜੋਗਿੰਦਰ ਨਗਰ ਵਿਚ ਪਿਛਲੇ ਇਕ ਮਹੀਨੇ ਤੋਂ ਗੰਦੇ ਪਾਣੀ ਦੀ ਸਮੱਸਿਆ ਨੂੰ ਦੂਰ ਨਹੀਂ ਕੀਤਾ ਜਾ ਰਿਹਾ। ਬੇਅੰਤ ਨਗਰ ਵਿਚ ਠੇਕੇਦਾਰ ਨੇ ਕਾਫੀ ਸਮਾਂ ਪਹਿਲਾਂ ਸੜਕਾਂ ਨੂੰ ਤੋੜ ਕੇ ਛੱਡਿਆ ਹੋਇਆ ਹੈ, ਜਿਸ ਕਾਰਣ ਲੋਕ ਕਾਫੀ ਪ੍ਰੇਸ਼ਾਨ ਹਨ। ਸਟਰੀਟ ਲਾਈਟ ਠੇਕੇਦਾਰ ਕੰਮ ਨਹੀਂ ਕਰ ਰਹੇ, ਜਿਸ ਕਾਰਣ ਐੱਲ. ਈ. ਡੀ. ਪ੍ਰਾਜੈਕਟ ਜਲਦ ਪੂਰਾ ਕੀਤਾ ਜਾਵੇ।

ਨੀਰਜਾ ਜੈਨ : ਇਸ਼ਤਿਹਾਰ ਸ਼ਾਖਾ ਨੇ ਮੇਰੀ ਚਿੱਠੀ ਦੇ ਜਵਾਬ ਵਿਚ 100 ਦੇ ਕਰੀਬ ਨਾਜਾਇਜ਼ ਬੋਰਡ ਉਤਾਰਨ ਦੀ ਜਾਣਕਾਰੀ ਿਦੱਤੀ ਹੈ ਪਰ ਇਹ ਬੋਰਡ ਕਮੇਟੀ ਕੋਲੋਂ ਪੁੱਛ ਕੇ ਨਹੀਂ ਉਤਾਰੇ ਗਏ। ਯੂਨੀਪੋਲਸ 'ਤੇ ਲੱਗੇ ਨਾਜਾਇਜ਼ ਇਸ਼ਤਿਹਾਰ ਅਜੇ ਤੱਕ ਕਾਇਮ ਹਨ। ਸੁਪਰਡੈਂਟ ਮਨਦੀਪ ਸਿੰਘ ਦਾ ਜਵਾਬ ਸੀ ਕਿ ਨਾਜਾਇਜ਼ ਇਸ਼ਤਿਹਾਰ ਰੁਟੀਨ ਦੀ ਕਾਰਵਾਈ ਤਹਿਤ ਹਟਾਏ ਗਏ ਅਤੇ ਯੂਨੀਪੋਲਸ 'ਤੇ ਲੱਗੇ ਇਸ਼ਤਿਹਾਰਾਂ ਦਾ ਕਾਂਟਰੈਕਟ 2017 ਤੋਂ ਅਲਾਟ ਹੈ।

ਹਰਸ਼ਰਨ ਕੌਰ ਹੈਪੀ : 3 ਸਾਲ ਤੋਂ ਬੂਟਾ ਪਿੰਡ ਵਿਚ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਹੈ। ਅਮਰੂਤ ਯੋਜਨਾ ਤਹਿਤ ਪਾਈਪਾਂ ਬਦਲਣ ਦਾ ਕੰਮ ਸ਼ੁਰੂ ਹੋਇਆ ਸੀ ਜਿਹੜਾ 2 ਮਹੀਨਿਆਂ ਤੋਂ ਬੰਦ ਪਿਆ ਹੈ। ਠੇਕੇਦਾਰ ਨੇ ਸੜਕ ਤੋੜੀ ਹੋਈ ਹੈ, ਜਿਸ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਐੱਸ. ਈ. ਦਾ ਜਵਾਬ ਸੀ ਕਿ ਠੇਕੇਦਾਰ ਅਤੇ ਨਿਗਮ ਕਰਮਚਾਰੀਆਂ ਨਾਲ ਬੂਟਾ ਪਿੰਡ ਦੇ ਕੁਝ ਲੋਕਾਂ ਨੇ ਕੁੱਟਮਾਰ ਕੀਤੀ, ਜਿਸ ਕਾਰਣ ਕੰਮ ਬੰਦ ਕਰਨਾ ਪਿਆ। ਹੁਣ 3 ਦਿਨਾਂ ਬਾਅਦ ਉਥੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਮਨਦੀਪ ਜੱਸਲ : ਰਾਮਾ ਮੰਡੀ ਚੌਕ ਤੋਂ ਜਿਹੜੀ ਸੜਕ ਹੁਸ਼ਿਆਰਪੁਰ ਵੱਲ ਜਾਂਦੀ ਹੈ, ਉਸ ਦਾ ਨਾਂ ਸ਼ਹੀਦ ਸੰਤ ਰਾਮਾਨੰਦ ਮਾਰਗ ਰੱਖਿਆ ਜਾਵੇ। ਬੀ. ਐੱਮ. ਸੀ. ਚੌਕ ਦਾ ਨਾਂ ਬਦਲ ਕੇ ਸੰਵਿਧਾਨ ਚੌਕ ਰੱਖਣ ਲਈ ਕੌਂਸਲਰ ਹਾਊਸ ਦਾ ਧੰਨਵਾਦ।
ਡਾ. ਤਮਨਰੀਤ ਕੌਰ : ਲੱਖਾਂ ਕਿਸਾਨ ਅੱਜ ਆਪਣਾ ਘਰ-ਬਾਰ ਛੱਡ ਕੇ ਸੜਕਾਂ 'ਤੇ ਬੈਠੇ ਹਨ। ਸਾਰਿਆਂ ਨੂੰ ਉਨ੍ਹਾਂ ਦੇ ਸਮਰਥਨ ਵਿਚ ਆਵਾਜ਼ ਉਠਾਉਣੀ ਚਾਹੀਦੀ ਹੈ। ਵਿਰੋਧੀ ਵਾਰਡ ਹੋਣ ਕਾਰਣ ਮੇਰੇ ਵਾਰਡ ਵਿਚ 10 ਲੱਖ ਰੁਪਏ ਦੀ ਮੇਨਟੀਨੈਂਸ ਦੇ ਕੰਮ ਨਹੀਂ ਕਰਵਾਏ ਗਏ ਪਰ ਹੁਣ ਨਵੇਂ ਟੈਂਡਰ ਲੱਗਣ ਜਾ ਰਹੇ ਹਨ, ਜਿਸ ਬਾਰੇ ਉਨ੍ਹਾਂ ਨੂੰ ਜ਼ਰੂਰ ਜਾਣਕਾਰੀ ਿਦੱਤੀ ਜਾਵੇ।
ਰਜਨੀ ਬਾਹਰੀ : ਵਾਰਡ ਵਿਚ ਸਫਾਈ ਦੀ ਬਹੁਤ ਜ਼ਿਆਦਾ ਸਮੱਸਿਆ ਸਾਹਮਣੇ ਆ ਰਹੀ ਹੈ। 2 ਮਹੀਨੇ ਤੋਂ ਸਮੱਸਿਆ ਹੋਰ ਜ਼ਿਆਦਾ ਵਧੀ ਹੈ ਕਿਉਂਕਿ ਕੂੜਾ ਲਿਜਾਣ ਵਾਲੀ ਗੱਡੀ ਖਰਾਬ ਪਈ ਹੈ, ਇਸ ਲਈ ਉਸ ਨੂੰ ਠੀਕ ਕਰਵਾਇਆ ਜਾਵੇ।

ਅਰੁਣਾ ਅਰੋੜਾ : ਸ਼ਹਿਰ ਸਫਾਈ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਇਸ ਲਈ ਸਟਾਫ ਦੀ ਕਮੀ ਨੂੰ ਦੂਰ ਕੀਤਾ ਜਾਵੇ ਅਤੇ ਨਵੇਂ ਸਫਾਈ ਸੇਵਕਾਂ ਦੀ ਭਰਤੀ ਕੀਤੀ ਜਾਵੇ। ਸਮਾਰਟ ਿਸਟੀ ਫੰਡ ਤਹਿਤ ਸਫਾਈ ਨਾਲ ਸਬੰਧਤ ਮਸ਼ੀਨਾਂ ਦੀ ਖਰੀਦਦਾਰੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਾਫ-ਸੁਥਰਾ ਮਾਹੌਲ ਮਿਲੇ।

ਸਰਬਜੀਤ ਕੌਰ ਬਿੱਲਾ : ਅਰਬਨ ਅਸਟੇਟ ਫੇਸ-2 ਇਲਾਕੇ ਵਿਚ ਨਾਜਾਇਜ਼ ਰੂਪ ਵਿਚ ਲੱਗੀਆਂ ਰੇਹੜੀਆਂ ਕਾਰਣ ਟਰੈਫਿਕ ਜਾਮ ਰਹਿੰਦਾ ਹੈ। ਇਕ ਔਰਤ ਨੇ ਆਪਣੇ ਘਰ ਦੇ ਅੱਗੇ ਸਬਜ਼ੀਆਂ ਦਾ ਸਟਾਲ ਲਾਇਆ ਹੋਇਆ ਹੈ, ਜਿਸ ਕਾਰਣ ਟਰੈਫਿਕ ਸਮੱਸਿਆ ਆ ਰਹੀ ਹੈ। ਤਹਿਬਾਜ਼ਾਰੀ ਸੁਪਰਡੈਂਟ ਦਾ ਜਵਾਬ ਸੀ ਕਿ ਉਸ ਨੂੰ ਨੋਟਿਸ ਦੇ ਦਿੱਤਾ ਗਿਆ ਹੈ। ਜਲਦ ਕਾਰਵਾਈ ਕੀਤੀ ਜਾਵੇਗੀ।

ਮਿੰਟੂ ਗੁੱਜਰ : ਬਸਤੀ ਬਾਵਾ ਖੇਲ ਨਹਿਰ ਨੇੜੇ ਨਾਜਾਇਜ਼ ਰੂਪ ਵਿਚ ਚੱਲ ਰਹੀ ਮੱਛੀ ਮਾਰਕੀਟ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਣ ਨਹਿਰ ਵਾਲੀ ਮੇਨ ਰੋਡ ਤੋਂ ਲੋਕ ਲੰਘ ਨਹੀਂ ਸਕਦੇ। ਕਈ ਵਾਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਫਿਰ ਵੀ ਮੱਛੀ ਮਾਰਕੀਟ ਨੂੰ ਹਟਾਇਆ ਨਹੀਂ ਜਾ ਰਿਹਾ।
ਤਹਿਬਾਜ਼ਾਰੀ ਸੁਪਰਡੈਂਟ ਦਾ ਜਵਾਬ ਸੀ ਕਿ 120 ਫੁੱਟ ਰੋਡ 'ਤੇ ਨਵਾਂ ਵੈਂਡਿੰਗ ਜ਼ੋਨ ਬਣਨ 'ਤੇ ਇਹ ਸਾਰੀਆਂ ਸਥਾਈ ਦੁਕਾਨਾਂ ਉਥੇ ਸ਼ਿਫਟ ਕਰ ਦਿੱਤੀਆਂ ਜਾਣਗੀਆਂ।

ਅੰਜਲੀ ਭਗਤ ਨੇ ਦਿੱਤਾ ਕਮੇਟੀ ਮੈਂਬਰ ਅਹੁਦੇ ਤੋਂ ਅਸਤੀਫਾ
ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਅੰਜਲੀ ਭਗਤ ਨੇ ਅੱਜ ਲੈਂਡਸਕੇਪਿੰਗ ਤੇ ਬਿਊਟੀਫਿਕੇਸ਼ਨ ਅਤੇ ਪ੍ਰਾਪਰਟੀ ਟੈਕਸ ਸਬੰਧੀ ਕਮੇਟੀ ਦੇ ਮੈਂਬਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮੇਟੀਆਂ ਦਾ ਗਠਨ ਨਿਗਮ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤਾ ਗਿਆ ਸੀ ਪਰ ਦੋਵਾਂ ਕਮੇਟੀਆਂ ਦੀਆਂ ਮੀਟਿੰਗਾਂ ਹੀ ਨਹੀਂ ਹੋਈਆਂ, ਜਿਸ ਕਾਰਨ ਉਹ ਇਨ੍ਹਾਂ ਕਮੇਟੀਆਂ ਤੋਂ ਅਸਤੀਫ਼ਾ ਦੇ ਰਹੇ ਹਨ।
 

shivani attri

This news is Content Editor shivani attri