ਡਿੱਚ ਮਸ਼ੀਨ ਕਾਰਨ ਮੇਅਰ ਤੇ ਕਮਿਸ਼ਨਰ ''ਚ ''ਕੋਲਡ ਵਾਰ'' ਸ਼ੁਰੂ

09/24/2019 12:49:09 PM

ਜਲੰਧਰ (ਖੁਰਾਣਾ)— ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਅਤੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦਰਮਿਆਨ ਰਿਸ਼ਤੇ ਭਾਵੇਂ ਆਮ ਵਾਂਗ ਹਨ, ਨਾ ਜ਼ਿਆਦਾ ਕੌੜੇ ਅਤੇ ਨਾ ਹੀ ਮਿੱਠੇ ਪਰ ਫਿਰ ਵੀ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਮੇਅਰ ਅਤੇ ਕਮਿਸ਼ਨਰ 'ਚ 'ਕੋਲਡ ਵਾਰ' ਸ਼ੁਰੂ ਹੋ ਜਾਂਦੀ ਹੈ। ਇਸ ਵਾਰ ਨਿਗਮ ਦੀ ਡਿੱਚ ਮਸ਼ੀਨ ਇਸ 'ਕੋਲਡ ਵਾਰ' ਦਾ ਕਾਰਨ ਦਿਸ ਰਹੀ ਹੈ, ਜਿਸ ਦੀ ਸ਼ੁਰੂਆਤ ਪਟੇਲ ਹਸਪਤਾਲ ਮਾਮਲੇ ਤੋਂ ਹੋਈ ਸੀ।

ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਨਿਗਮ ਦੀ ਡਿੱਚ ਮਸ਼ੀਨ ਨੇ ਪਟੇਲ ਹਸਪਤਾਲ ਦੇ ਪਿੱਛੇ ਪੈਂਦੀ ਵਿਵਾਦਿਤ ਜਗ੍ਹਾ 'ਤੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੀ ਸੀ ਕਿ ਉਥੇ ਵਿਰੋਧ ਸ਼ੁਰੂ ਹੋ ਗਿਆ। ਪੁਲਸ ਡਿੱਚ ਮਸ਼ੀਨ ਦੇ ਚਾਲਕ ਨੂੰ ਫੜ ਕੇ ਥਾਣੇ ਲੈ ਗਈ। ਜਦੋਂ ਪੁਲਸ ਨੇ ਚਾਲਕ ਕੋਲੋਂ ਪਰਮਿਸ਼ਨ ਪੁੱਛੀ ਤਾਂ ਉਹ ਨਹੀਂ ਦਿਖਾ ਸਕਿਆ। ਜਦੋਂ ਕਮਿਸ਼ਨਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਪੁਲਸ ਨੂੰ ਦੱਸਿਆ ਕਿ ਡਿੱਚ ਨਿਗਮ ਨੇ ਨਹੀਂ ਭੇਜੀ। ਅਜਿਹੇ ਵਿਚ ਪੁਲਸ ਨੇ ਡਿੱਚ ਚਾਲਕ 'ਤੇ ਕੇਸ ਦਰਜ ਕਰ ਲਿਆ ਪਰ ਮੇਅਰ ਨੇ ਇਹ ਕਹਿ ਕੇ ਮਾਮਲੇ ਨੂੰ ਪਲਟਾ ਦਿੱਤਾ ਕਿ ਡਿੱਚ ਮਸ਼ੀਨ ਉਨ੍ਹਾਂ ਦੇ ਕਹਿਣ 'ਤੇ ਗਈ ਸੀ। ਕੇਸ ਦਰਜ ਕਰਨਾ ਹੈ ਤਾਂ ਡਿੱਚ ਚਾਲਕ 'ਤੇ ਨਹੀਂ, ਮੇਅਰ 'ਤੇ ਕੀਤਾ ਜਾਵੇ। ਨਿਗਮ ਯੂਨੀਅਨਾਂ ਵੀ ਇਸ ਮਾਮਲੇ 'ਚ ਕੁੱਦ ਪਈਆਂ ਪਰ ਤਦ ਦੋਵੇਂ ਧਿਰਾਂ ਕੁਝ ਦੇਰ ਦੀ ਖਿੱਚੋਤਾਣ ਤੋਂ ਬਾਅਦ ਸ਼ਾਂਤ ਹੋ ਗਈਆਂ।
ਉਸ ਮਾਮਲੇ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਕਿ ਨਿਗਮ ਦਾ ਕੋਈ ਵੀ ਵਿਭਾਗ ਕਿਤੇ ਵੀ ਡਿੱਚ ਮਸ਼ੀਨ ਭੇਜਣ ਤੋਂ ਪਹਿਲਾਂ ਕਮਿਸ਼ਨਰ ਦੀ ਲਿਖਤੀ ਇਜਾਜ਼ਤ ਲਵੇਗਾ। ਇਨ੍ਹਾਂ ਹੁਕਮਾਂ ਕਾਰਨ ਕੌਂਸਲਰਾਂ ਤੱਕ ਨੂੰ ਮੁਸ਼ਕਲ ਆਉਣ ਲੱਗੀ, ਜੋ ਹੇਠਲੇ ਪੱਧਰ ਦੇ ਅਧਿਕਾਰੀਆਂ 'ਤੇ ਦਬਾਅ ਪਾ ਕੇ ਡਿੱਚ ਮੰਗਵਾ ਲੈਂਦੇ ਸਨ। ਇਸ ਦੀ ਜਾਣਕਾਰੀ ਜਦੋਂ ਮੇਅਰ ਨੂੰ ਮਿਲੀ ਤਾਂ ਉਨ੍ਹਾਂ ਇਸ ਮਾਮਲੇ 'ਚ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ ਅਤੇ ਸਾਫ ਸ਼ਬਦਾਂ 'ਚ ਕਿਹਾ ਕਿ ਡੈਮੋਲੇਸ਼ਨ ਆਦਿ ਲਈ ਕਿਤੇ ਵੀ ਡਿੱਚ ਮਸ਼ੀਨ ਭੇਜਣ ਤੋਂ ਪਹਿਲਾਂ ਮੇਅਰ ਤੋਂ ਇਜਾਜ਼ਤ ਜ਼ਰੂਰ ਲਈ ਜਾਵੇ।
ਕਿਹਾ ਜਾਂਦਾ ਹੈ ਕਿ ਕਮਿਸ਼ਨਰ ਨੇ ਫਿਲਹਾਲ ਮੇਅਰ ਦੀ ਇਸ ਗੱਲ ਨੂੰ ਮੰਨ ਲਿਆ ਹੈ ਪਰ ਅਜੇ ਵੀ ਕਮਿਸ਼ਨਰ ਦੇ ਪਹਿਲੇ ਆਰਡਰ ਨਿਗਮ ਵਿਚ ਲਾਗੂ ਹਨ। ਇਸ ਲਈ ਆਉਣ ਵਾਲੇ ਦਿਨਾਂ ਵਿਚ ਜੇਕਰ ਡਿੱਚ ਮਸ਼ੀਨ ਭੇਜਣ ਦੇ ਅਧਿਕਾਰ ਨੂੰ ਲੈ ਕੇ ਮੇਅਰ ਤੇ ਕਮਿਸ਼ਨਰ ਵਿਚ ਕੋਈ ਕਸ਼ਮਕਸ਼ ਹੁੰਦੀ ਹੈ ਤਾਂ ਹੈਰਾਨੀ ਦੀ ਗੱਲ ਨਹੀਂ ਹੋਵੇਗੀ।

ਮਾਡਲ ਟਾਊਨ ਸ਼ਮਸ਼ਾਨਘਾਟ 'ਚ ਡੰਪ ਦਾ ਨਹੀਂ ਨਿਕਲਿਆ ਹੱਲ
ਕਾਂਗਰਸ ਪਾਰਟੀ ਦੇ ਸੀਨੀਅਰ ਕੌਂਸਲਰ ਅਤੇ ਕਦੇ ਮੇਅਰ ਅਹੁਦੇ 'ਤੇ ਉਮੀਦਵਾਰ ਰਹੇ ਬਲਰਾਜ ਠਾਕੁਰ ਨੇ 19 ਅਗਸਤ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਪੈਂਦੇ ਕੂੜੇ ਦੇ ਡੰਪ 'ਤੇ ਧਰਨਾ ਦੇ ਕੇ ਉਸ ਨੂੰ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਉਸ ਧਰਨੇ 'ਚ ਕਾਂਗਰਸੀ ਕੌਂਸਲਰ ਹਰਸ਼ਰਨ ਕੌਰ ਹੈਪੀ, ਅਰੁਣਾ ਅਰੋੜਾ, ਡਾ. ਜਸਲੀਨ ਸੇਠੀ ਅਤੇ ਰੋਹਣ ਸਹਿਗਲ ਆਦਿ ਵੀ ਸ਼ਾਮਲ ਹੋਏ ਸਨ ਅਤੇ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੇ ਵਿਚੋਲੇ ਦੀ ਭੂਮਿਕਾ ਨਿਭਾਉਂਦਿਆਂ ਨਿਗਮ ਕਮਿਸ਼ਨਰ ਨੂੰ 7 ਦਿਨਾਂ ਵਿਚ ਕੂੜੇ ਦਾ ਡੰਪ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਧਰਨੇ ਪ੍ਰਦਰਸ਼ਨ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਬਲਰਾਜ ਠਾਕੁਰ ਸਣੇ ਸਾਰੇ ਕਾਂਗਰਸੀ ਵਾਰਡਾਂ ਦਾ ਕੂੜਾ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਵਾਲੇ ਡੰਪ 'ਤੇ ਹੀ ਆ ਰਿਹਾ ਹੈ ਅਤੇ ਸਾਰਾ ਦਿਨ ਉਥੇ ਸੜਕ 'ਤੇ ਹੀ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ।
ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਐਤਵਾਰ ਨੂੰ ਉਹ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਇਕ ਅੰਤਿਮ ਸੰਸਕਾਰ ਦੇ ਸਿਲਸਿਲੇ 'ਚ ਗਏ ਅਤੇ ਦੁਪਹਿਰ ਨੂੰ ਹੀ ਉਥੇ ਸੜਕ 'ਤੇ ਕੂੜੇ ਦੇ ਢੇਰ ਲੱਗੇ ਸਨ। ਡੰਪ ਦਾ ਕਮਰਾ ਖਾਲੀ ਸੀ ਅਤੇ ਬਾਹਰ ਨਿਗਮ ਦੀ ਮਸ਼ੀਨਰੀ ਖੜ੍ਹੀ ਸੀ। ਕੋਈ ਕਰਮਚਾਰੀ ਉਥੇ ਨਹੀਂ ਸੀ ਅਤੇ ਰੇਹੜਿਆਂ 'ਤੇ ਕੂੜਾ ਦੁਪਹਿਰ ਨੂੰ ਵੀ ਆ ਰਿਹਾ ਸੀ। ਮੇਅਰ ਨੇ ਕਿਹਾ ਕਿ ਇਸ ਮਾਮਲੇ 'ਚ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਰਿਪੋਰਟ ਮੰਗੀ ਗਈ ਹੈ ਕਿ ਸ਼ਮਸ਼ਾਨਘਾਟ ਡੰਪ ਮਾਮਲੇ ਵਿਚ ਨਿਗਮ ਨੇ ਹੁਣ ਤੱਕ ਕੀ ਕੀਤਾ।

shivani attri

This news is Content Editor shivani attri