ਸੈਨਿਕ ਸਨਮਾਨ ਨਾਲ ਦਿੱਤੀ ਗਈ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਨੂੰ ਅੰਤਿਮ ਵਿਦਾਇਗੀ

09/03/2020 10:55:22 PM

ਹੁਸ਼ਿਆਰਪੁਰ : ਜੰਮੂ-ਕਸ਼ਮੀਰ ਦੇ ਰਾਜੋਰੀ ਸੈਕਟਰ 'ਚ ਸ਼ਹੀਦ ਹੋਏ ਮੁਕੇਰੀਆਂ ਦੇ ਸੂਬੇਦਾਰ ਰਾਜੇਸ਼ ਕੁਮਾਰ ਨੂੰ ਅੱਜ ਸੈਨਿਕ ਸਨਮਾਨ ਨਾਲ ਉਨ੍ਹਾਂ ਦੇ ਪਿੰਡ ਕਲੀਚਪੁਰ ਕਲੋਤਾ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਮੁਕੇਰੀਆਂ ਦੀ ਵਿਧਾਇਕ ਇੰਦੂ ਬਾਲਾ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ ਨਵਜੋਤ ਸਿੰਘ ਮਾਹਲ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਡਿਪਟੀ ਕਮਿਸ਼ਨਰ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਰਿਵਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ ਅਤੇ ਕਦੇ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇਦਾਰ ਰਾਜੇਸ਼ ਕੁਮਾਰ ਇਕ ਬਹਾਦਰ ਯੋਧੇ ਸਨ, ਜਿਨ੍ਹਾਂ ਦੀ ਕੁਰਬਾਨੀ ਲਈ ਪੂਰਾ ਦੇਸ਼ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਹੈ। ਹੋਰਨਾ ਤੋਂ ਇਲਾਵਾ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਅਤੇ ਡੀ.ਐਸ.ਪੀ. ਰਵਿੰਦਰ ਕੁਮਾਰ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਪਾਕਿਸਤਾਨ ਵਲੋਂ ਹੋਈ ਗੋਲੀਬਾਰੀ ਦੌਰਾਨ 60 ਐਸ.ਏ.ਟੀ.ਏ. ਰੈਜੀਮੈਂਟ ਦੇ ਸੂਬੇਦਾਰ ਰਾਜੇਸ਼ ਕੁਮਾਰ ਸ਼ਹੀਦ ਹੋ ਗਏ ਸਨ।



 

Deepak Kumar

This news is Content Editor Deepak Kumar