ਵਿਆਹੁਤਾ ਨੇ ਸਹੁਰਿਆਂ ’ਤੇ ਲਾਏ ਕੁੱਟ -ਮਾਰ ਦੇ ਦੋਸ਼

10/16/2018 2:03:48 AM

ਹੁਸ਼ਿਆਰਪੁਰ,  (ਅਮਰਿੰਦਰ)-  ਸਿਵਲ ਹਸਪਤਾਲ ’ਚ ਇਲਾਜ ਅਧੀਨ 20 ਸਾਲਾ ਰਜਨੀ ਦੇਵੀ ਪੁੱਤਰੀ ਨਾਨਕਚੰਦ ਵਾਸੀ ਪਿੰਡ ਅਹਾਲਾਬਾਦ ਨੇ ਆਪਣੇ ਪਰਿਵਾਰ ਤੇ ਪਿੰਡ ਦੇ ਲੋਕਾਂ ਦੀ ਹਾਜ਼ਰੀ ’ਚ ਮੀਡੀਆ ਨੂੰ ਦੱਸਿਆ ਕਿ ਉਸ ਦੇ ਸਹੁਰੇ ਵਾਲਿਆਂ ਨੇ ਪੈਸੇ ਲੈਣ ਦੀ ਮੰਗ ਨੂੰ ਲੈ ਉਸ ਨਾਲ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ। ਅੱਜ ਜਦ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਤਾਂ ਪਰਿਵਾਰ ਮੁਕੇਰੀਆਂ ਦੇ ਪਿੰਡ ਠਾਕੁਰਦੁਆਰਾ ਪਹੁੰਚ ਰਜਨੀ ਨੂੰ ਲੈ ਇਲਾਜ ਦੇ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾ ਦਿੱਤਾ।
ਕੀ ਕਹਿੰਦੇ ਹਨ ਪਰਿਵਾਰ ਵਾਲੇ : ਸਿਵਲ ਹਸਪਤਾਲ ’ਚ ਸੋਮਵਾਰ ਸ਼ਾਮ ਜ਼ਖਮੀ ਰਜਨੀ ਦੀ ਮਾਤਾ ਬਲਵੀਰ ਕੌਰ, ਚਾਚਾ ਜੋਗਿੰਦਰ ਸਿੰਘ, ਭਰਾ ਮੰਗਲਦੀਪ ਸਿੰਘ ਦੇ ਨਾਲ ਪਿੰਡ ਦੇ ਸਰਪੰਚ ਸੁਨੀਤਾ ਦੇਵੀ ਦੇ ਪਤੀ ਬਲਜਿੰਦਰ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਰਜਨੀ ਦਾ ਵਿਆਹ ਫ਼ਰਵਰੀ 2018 ਨੂੰ ਦੁਬਈ ’ਚ ਕੰਮ ਕਰ ਰਹੇ ਮੁਕੇਰੀਆਂ ਦੇ ਪਿੰਡ ਠਾਕੁਰਦੁਆਰਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਨਾਲ ਹੋਇਆ ਸੀ। ਵਿਆਹ ਦੇ ਬਾਅਦ ਸੁਖਦੇਵ ਦੁਬਈ ਨਹੀਂ ਗਿਆ ਤੇ ਪਤਨੀ ਨੂੰ ਵਾਰ ਵਾਰ ਪੇਕੇ ਤੋਂ ਪੈਸੇ ਲਿਆਉਣ ਦੀ ਮੰਗ ਕਰਨੀ ਸ਼ੁਰੁ ਕਰ ਦਿੱਤੀ। ਵਿਰੋਧ ਕਰਨ ’ਤੇ ਰਜਨੀ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਦੀ ਘਟਨਾ ਉਪਰੰਤ ਉਸ ਨੂੰ ਕਈ ਵਾਰ ਸਮਝਾਇਆ ਗਿਆ ਪਰ ਉਸ ਦੇ ਬਾਅਦ ਸਹੁਰੇ  ਉਸ ਨੂੰ ਹੋਰ ਤੰਗ ਪ੍ਰੇਸ਼ਾਨ ਕਰਨ ਲੱਗੇ। ਹੁਣ ਫ਼ਿਰ ਰਜਨੀ ਦੀ ਕੁੱਟਮਾਰ ਦੇ ਕਾਰਨ ਉਸ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਤਾਂ ਅਸੀਂ ਉਸ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਲੈ ਆਏ। ਪਰਿਵਾਰ ਨੇ ਮੁਕੇਰੀਆਂ ਪੁਲਸ ਤੋਂ ਅਪੀਲ ਕੀਤੀ ਕਿ ਰਜਨੀ ਨੂੰ ਇਨਸਾਫ਼ ਦੁਆਇਆ ਜਾਵੇ।
ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਰਹੇ ਮੇਰੇ ਸਹੁਰੇ ਵਾਲੇ : ਜਦ ਇਸ ਸਬੰਧ ’ਚ  ਰਜਨੀ ਦੇਵੀ ਦੇ ਪਤੀ ਸੁਖਦੇਵ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਸ ਨੇ ਸਾਰੇ ਦੋਸ਼ਾਂ ਨੂੰ ਗਲਤ ਤੇ ਬੇਬੁਨਿਆਦ ਕਰਾਰ ਦਿੱਤਾ। ਸੁਖਦੇਵ  ਅਨੁਸਾਰ 3 ਦਿਨ ਪਹਿਲਾਂ ਉਸਦੀ ਪਤਨੀ ਰਜਨੀ ਦੇ ਨਾਲ ਥੋਡ਼ੀ ਬਹਿਸ ਜ਼ਰੂਰੀ ਹੋਈ ਸੀ ਪਰ ਉਸ ਦੇ ਨਾਲ ਨਾ ਤਾਂ ਮੈਂ ਤੇ ਨਾ ਹੀ ਮੇਰੇ ਘਰ ਵਾਲਿਆਂ ਨੇ ਕੁੱਟ ਮਾਰ ਕੀਤੀ ਹੈ।