ਮਕਸੂਦਾਂ ਸਬਜ਼ੀ ਮੰਡੀ ''ਚ 2 ਦਿਨਾਂ ਅੰਦਰ ਨਵੀਂ ਪਰਚੀਆਂ ਦੇ ਕੇ ਸਰਕਾਰੀ ਰੇਟ ’ਤੇ ਹੀ ਲਈ ਜਾਵੇਗੀ ਐਂਟਰੀ ਫ਼ੀਸ

11/22/2023 2:04:24 PM

ਜਲੰਧਰ (ਵਰੁਣ)–ਮਕਸੂਦਾਂ ਸਬਜ਼ੀ ਮੰਡੀ ਵਿਚ ਪਾਰਕਿੰਗ (ਐਂਟਰੀ) ਦੀ 2 ਤੋਂ 3 ਗੁਣਾ ਜ਼ਿਆਦਾ ਵਸੂਲੀ ਜਾ ਰਹੀ ਫ਼ੀਸ ਦੇ ਵਿਰੋਧ ਵਿਚ ਆੜ੍ਹਤੀਆਂ ਅਤੇ ਪਾਰਕਿੰਗ ਠੇਕੇਦਾਰ ਦੀ ਮੀਟਿੰਗ ਵਿਚ ਠੇਕੇਦਾਰ ਵੱਲੋਂ ਰੱਖੇ ਕਰਿੰਦਿਆਂ ਦੀ ਜਾਲਸਾਜ਼ੀ ਸਾਹਮਣੇ ਆਈ ਹੈ। ਠੇਕੇਦਾਰ ਨੂੰ ਧੋਖੇ ਵਿਚ ਰੱਖ ਕੇ ਉਸ ਦੇ ਕਰਿੰਦੇ ਆਪਣੇ ਹਿਸਾਬ ਨਾਲ ਪਰਚੀਆਂ ਕੱਟ ਰਹੇ ਸਨ, ਜਿਸ ਦੇ ਸਬੂਤ ਠੇਕੇਦਾਰ ਨੂੰ ਮੀਟਿੰਗ ਵਿਚ ਬੈਠੇ-ਬੈਠੇ ਦਿੱਤੇ ਗਏ। ਇਹ ਸਭ ਕੁਝ ਵੇਖ ਕੇ ਠੇਕੇਦਾਰ ਖ਼ੁਦ ਹੈਰਾਨ ਸੀ।

ਫਰੂਟ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਨਾਗਰਾ ਅਤੇ ਜਨਰਲ ਸਕੱਤਰ ਸਿਲਕੀ ਭਾਰਤੀ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਉਨ੍ਹਾਂ ਪਾਰਕਿੰਗ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਕੱਟੀਆਂ ਜਾ ਰਹੀਆਂ 2 ਤੋਂ 3 ਗੁਣਾ ਜ਼ਿਆਦਾ ਰੇਟਾਂ ’ਤੇ ਪਰਚੀਆਂ ਦਾ ਵਿਰੋਧ ਕੀਤਾ, ਹਾਲਾਂਕਿ ਠੇਕੇਦਾਰ ਨੇ ਕਿਹਾ ਕਿ ਇੰਨਾ ਜ਼ਿਆਦਾ ਫਰਕ ਨਹੀਂ ਹੋ ਸਕਦਾ ਅਤੇ ਨਾ ਹੀ ਦੋਪਹੀਆ ਵਾਹਨ ਵਾਲਿਆਂ ਤੋਂ ਪਰਚੀ ਲਈ ਜਾਂਦੀ ਹੈ ਪਰ ਠੇਕੇਦਾਰ ਦੇ ਸਾਹਮਣੇ ਹੀ ਆੜ੍ਹਤੀਆਂ ਨੇ ਕਰਿੰਦਿਆਂ ਵੱਲੋਂ ਕੱਟੀਆਂ ਗਈਆਂ ਪਰਚੀਆਂ ਵਿਖਾਈਆਂ, ਜਿਨ੍ਹਾਂ ਵਿਚ ਵਾਹਨ ਦੀ ਸਰਕਾਰੀ ਫ਼ੀਸ 30 ਰੁਪਏ ਹੈ ਪਰ ਉਸਦੀ 100 ਰੁਪਏ ਵਿਚ ਪਰਚੀ ਕੱਟੀ ਗਈ ਸੀ। ਇਸ ਦੇ ਇਲਾਵਾ ਮੰਡੀ ਦੇ ਅੰਦਰ ਛੋਲੇ-ਭਟੂਰੇ ਵੇਚਣ ਆਏ ਸਾਈਕਲ ਵਾਲੇ ਤੋਂ 70 ਰੁਪਏ ਦੀ ਪਰਚੀ ਕਟਵਾਈ ਗਈ ਸੀ। ਕਰਿੰਦੇ ਆਪਣੇ ਹੀ ਲੈਵਲ ’ਤੇ 200 ਰੁਪਏ ਦੀ ਪੁਰਾਣੀ ਪਰਚੀ ਨੂੰ ਵੀ ਘੱਟ ਪੈਸਿਆਂ ਵਿਚ ਚਲਾਉਂਦੇ ਮਿਲੇ।

ਇਹ ਵੀ ਪੜ੍ਹੋ: ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਜਾਣੋ ਕੀ ਹੈ ਮੁੱਖ ਮੰਗ

ਇੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਚੱਲ ਰਹੀ ਧਾਂਦਲੀ ਦੇ ਖ਼ਿਲਾਫ਼ ਹਨ ਅਤੇ ਜੇਕਰ ਵਿਜੀਲੈਂਸ ਵਿਚ ਵੀ ਜਾਣਾ ਪਿਆ ਤਾਂ ਉਹ ਗੁਰੇਜ਼ ਨਹੀਂ ਕਰਨਗੇ, ਹਾਲਾਂਕਿ ਠੇਕੇਦਾਰ ਨੇ ਆਪਣੇ ਸਟਾਫ ਨੂੰ ਮੌਕੇ ’ਤੇ ਬੁਲਾ ਕੇ ਜਾਂਚ ਕਰਵਾਈ ਤਾਂ ਉਸਦੇ ਕੁਝ ਕਰਿੰਦਿਆਂ ਦੇ ਨਾਂ ਸਾਹਮਣੇ ਆਏ, ਜੋ ਇਸ ਤਰ੍ਹਾਂ ਦੀ ਧਾਂਦਲੀ ਕਰ ਰਹੇ ਸਨ, ਜਿਨ੍ਹਾਂ ਨੂੰ ਠੇਕੇਦਾਰ ਨੇ ਤੁਰੰਤ ਹਟਾਉਣ ਨੂੰ ਕਿਹਾ। ਠੇਕੇਦਾਰ ਨੇ ਕਿਹਾ ਕਿ ਉਸ ਨੂੰ ਖ਼ੁਦ ਨਹੀਂ ਪਤਾ ਸੀ ਕਿ ਕਰਿੰਦੇ ਇਹ ਸਭ ਕੁਝ ਕਰ ਰਹੇ ਹਨ। ਠੇਕੇਦਾਰ ਨੇ ਕਿਹਾ ਕਿ 2 ਦਿਨਾਂ ਅੰਦਰ ਸਰਕਾਰੀ ਰੇਟਾਂ ਦੀਆਂ ਪਰਚੀਆਂ ਹੀ ਮਿਲਣਗੀਆਂ ਅਤੇ ਤੈਅ ਰੇਟਾਂ ਤੋਂ ਜ਼ਿਆਦਾ ਪੈਸੇ ਨਹੀਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਮੰਡੀ ਵਿਚ ਆਉਣ ਵਾਲੇ ਦੋਪਹੀਆ ਵਾਹਨ ਚਾਲਕਾਂ ਤੋਂ ਵੀ ਫੀਸ ਦੇ ਨਾਂ ਨਾਲ ਪੈਸੇ ਨਹੀਂ ਲਏ ਜਾਣਗੇ। ਇਸ ਤੋਂ ਇਲਾਵਾ ਐਗਰੀਮੈਂਟ ਵਿਚ ਪਰਚੀ ਦੀ ਮਿਆਦ 14 ਘੰਟੇ ਹਨ ਪਰ ਪਰਚੀ ’ਤੇ 12 ਘੰਟੇ ਲਿਖੇ ਹੋਣ ਦਾ ਵਿਰੋਧ ਵੀ ਕੀਤਾ ਗਿਆ।

ਠੇਕੇਦਾਰ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਵੀ ਆੜ੍ਹਤੀਆਂ ਦੇ ਹੱਕ ਵਿਚ ਕੀਤਾ ਜਾਵੇਗਾ। ਇਸ ਮੌਕੇ ’ਤੇ ਪ੍ਰਧਾਨ ਇੰਦਰਜੀਤ ਸਿੰਘ ਨਾਗਰਾ ਅਤੇ ਜਨਰਲ ਸਕੱਤਰ ਸਿਲਕੀ ਭਾਰਤੀ ਤੋਂ ਇਲਾਵਾ ਆੜ੍ਹਤੀ ਆਸ਼ੂ ਸਚਦੇਵਾ, ਪਵਨ ਮਦਾਨ, ਰਾਜ ਕੁਮਾਰ ਦੂਆ, ਆਸ਼ੂ ਆਹੂਜਾ ਅਤੇ ਜਾਨੀ ਬੱਤਰਾ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ ਦਾ ਇਕ ਹੋਰ ਫ਼ੌਜੀ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਪਰਿਵਾਰ 'ਚ ਛਾਈ ਸੋਗ ਦੀ ਲਹਿਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

shivani attri

This news is Content Editor shivani attri