ਮਕਸੂਦਾ ਥਾਣਾ ਧਮਾਕਾ : 3 ਦਿਨ ਹੋਰ ਵਧਿਆ ਅੱਤਵਾਦੀਆਂ ਦਾ ਪੁਲਸ ਰਿਮਾਂਡ

11/17/2018 6:42:35 PM

ਜਲੰਧਰ,(ਜਤਿੰਦਰ) : ਪੁਲਸ ਨੇ ਮਕਸੂਦਾ ਥਾਣੇ 'ਚ ਹੈਂਡ ਗ੍ਰੇਨੇਡ ਸੁੱਟ ਕੇ ਧਮਾਕਾ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ 2 ਕਸ਼ਮੀਰੀ ਅੱਤਵਾਦੀਆਂ (ਵਿਦਿਆਰਥੀ) ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਫਿਰ ਸਖ਼ਤ ਸੁਰੱਖਿਆ 'ਚ ਜੂਡੀਸ਼ੀਅਲ ਮੈਜਿਸਟ੍ਰੇਟ ਗਗਨਦੀਪ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ। ਅਦਾਲਤ 'ਚ ਪੁਲਸ ਨੇ ਇਨ੍ਹਾਂ ਅੱਤਵਾਦੀਆਂ ਦੇ ਬੈਂਕ ਖਾਤਿਆਂ ਦੀ ਜਾਂਚ ਅਤੇ ਫੰਡਿੰਗ ਦਾ ਪਤਾ ਲਗਾਉਣ ਲਈ 5 ਦਿਨ ਦੇ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸਰਕਾਰੀ ਵਕੀਲ ਦੀ ਦਲੀਲ ਅਤੇ ਪੁਲਸ ਜਾਂਚ ਨਾਲ ਸਹਿਮਤ ਹੁੰਦੇ ਹੋਏ ਕਸ਼ਮੀਰੀ ਅੱਤਵਾਦੀ ਸੰਗਠਨ ਅੰਸਾਰ ਗਜਾਵਤ-ਉਲ-ਹਿੰਦ ਨਾਲ ਸਬੰਧਿਤ ਦੋਵਾਂ ਅੱਤਵਾਦੀਆਂ ਨੂੰ ਦੁਬਾਰਾ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ।

ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਉਕਤ ਦੋਵਾਂ ਕਸ਼ਮੀਰੀ ਅੱਤਵਾਦੀਆਂ ਸ਼ਾਹਿਦ ਕਿਊਮ ਅਤੇ ਫਾਜ਼ਿਲ ਬਸ਼ੀਰ ਜੋ ਕਿ ਸੇਂਟ ਸੋਲਜਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਹਨ, ਨੇ ਆਪਣੇ 2 ਹੋਰ ਸਾਥੀ ਅੱਤਵਾਦੀ ਉਮਰ ਰਮਜਾਨ ਉਰਫ ਗਾਜੀ ਤੇ ਮੀਰ ਰਾਊਫ ਦੇ ਨਾਲ ਥਾਣਾ ਮਕਸੂਦਾ 'ਤੇ 4 ਹੈਂਡ ਗ੍ਰੇਨੇਡ ਸੁੱਟ ਕੇ ਵਿਸਫੋਟ ਕੀਤਾ ਸੀ। ਹਮਲੇ ਦੇ ਤੁਰੰਤ ਬਾਅਦ ਉਮਰ ਰਮਜਾਨ ਤੇ ਮੀਰ ਰਊਫ ਬੱਸ ਦੁਆਰਾ ਜੰਮੂ ਕਸ਼ਮੀਰ ਰਵਾਨਾ ਹੋ ਗਏ ਸਨ। ਇਨ੍ਹਾਂ ਦੋਵਾਂ ਦੀ ਤਲਾਸ਼ 'ਚ ਜਲੰਧਰ ਪੁਲਸ ਪਾਰਟੀ ਜੰਮੂ-ਕਸ਼ਮੀਰ ਗਈ ਹੋਈ ਹੈ ਅਤੇ ਇਨ੍ਹਾਂ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਦੀ ਜਾਂਚ ਕਰ ਕੇ ਹੋਰ ਸ਼ੱਕੀ ਅੱਤਵਾਦੀਆਂ ਦਾ ਪਤਾ ਲਗਾਉਣ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ।