CM ਮਾਨ ਦੀ ਗ੍ਰਾਂਟ ਨਾਲ ਚੱਲ ਰਹੇ ਕਈ ਕੰਮ ਰੋਕੇ, ਨਿਗਮ ਕਮਿਸ਼ਨਰ ਨੂੰ ਬਦਲਵਾਉਣਾ ਚਾਹੁੰਦੇ ਨੇ ਕੁਝ ਅਧਿਕਾਰੀ

09/01/2023 11:08:46 AM

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੂੰ ਚਾਰਜ ਸੰਭਾਲਿਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ ਅਤੇ ਅਜੇ ਤਕ ਉਨ੍ਹਾਂ ਨਿਗਮ ਦੇ ਵਧੇਰੇ ਵਿਭਾਗਾਂ ਨਾਲ ਮੀਟਿੰਗ ਤਕ ਨਹੀਂ ਕੀਤੀ ਹੈ ਪਰ ਇਸੇ ਵਿਚਕਾਰ ਸ਼ਹਿਰ ਦੀ ਇਕ ਮਜ਼ਬੂਤ ਲਾਬੀ ਉਨ੍ਹਾਂ ਦਾ ਤਬਾਦਲਾ ਕਰਵਾਉਣ ਵਿਚ ਲੱਗੀ ਹੋਈ ਹੈ। ਇਸ ਲਾਬੀ ਵਿਚ ਜਲੰਧਰ ਨਗਰ ਨਿਗਮ ਦੇ ਕੁਝ ਅਧਿਕਾਰੀ ਅਤੇ ਕਈ ਪ੍ਰਭਾਵਸ਼ਾਲੀ ਠੇਕੇਦਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਆਉਂਦੇ ਹੀ ਵਿਕਾਸ ਕਾਰਜਾਂ ਦੀ ਕੁਆਲਿਟੀ ’ਤੇ ਫੋਕਸ ਕੀਤਾ ਸੀ, ਜਿਸ ਕਾਰਨ ਅੱਜਕਲ ਨਿਗਮ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚ ਹੜਕੰਪ ਮਚਿਆ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਜਲੰਧਰ ਸ਼ਹਿਰ ਦੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ ਲਗਭਗ ਇਕ ਸਾਲ ਪਹਿਲਾਂ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ ਪਰ ਜਲੰਧਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਨਾਲਾਇਕੀ ਕਾਰਨ ਅਜੇ ਤਕ ਇਸ ਗ੍ਰਾਂਟ ਨਾਲ ਵਧੇਰੇ ਕੰਮ ਕਰਵਾਏ ਹੀ ਨਹੀਂ ਜਾ ਸਕੇ ਹਨ।

ਇਹ ਵੀ ਪੜ੍ਹੋ- ISI ਨਾਲ ਸਬੰਧਤ ਗਿਰੋਹ ਦੇ 6 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸਨ ਅੰਜਾਮ

ਗ੍ਰਾਂਟ ਦੇ ਪੈਸਿਆਂ ਨਾਲ ਜੋ ਥੋੜ੍ਹੇ ਜਿਹੇ ਕੰਮ ਸਿਰੇ ਚੜ੍ਹੇ ਹਨ, ਉਨ੍ਹਾਂ ਦੀ ਕੁਆਲਿਟੀ ਵੀ ਜ਼ਿਆਦਾ ਵਧੀਆ ਨਹੀਂ ਹੈ ਅਤੇ ਘਟੀਆ ਕੁਆਲਿਟੀ ਬਾਰੇ ਲਗਾਤਾਰ ਕਈ ਸ਼ਿਕਾਇਤਾਂ ਮੁੱਖ ਮੰਤਰੀ ਦਫ਼ਤਰ ਤਕ ਪਹੁੰਚ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਜਲੰਧਰ ਨਿਗਮ ਵਿਚ ਪਿਛਲੇ ਲੰਮੇ ਸਮੇਂ ਤੋਂ ਅਫ਼ਸਰਾਂ ਅਤੇ ਠੇਕੇਦਾਰਾਂ ਵਿਚ ਇਕ ਨੈਕਸਸ ਚਲਿਆ ਆ ਰਿਹਾ ਹੈ। ਕਮੀਸ਼ਨਬਾਜ਼ੀ ਦੇ ਚੱਲਦੇ ਨਿਗਮ ਦੇ ਅਫ਼ਸਰ ਠੇਕੇਦਾਰਾਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹੀ ਛੋਟ ਦਿੰਦੇ ਹਨ, ਜਿਸ ਕਾਰਨ ਠੇਕੇਦਾਰ ਵੀ ਵਿਕਾਸ ਕੰਮਾਂ ਦੀ ਕੁਆਲਿਟੀ ਵੱਲ ਧਿਆਨ ਨਹੀਂ ਦਿੰਦੇ।

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਡੇਢ ਸਾਲ ਦੇ ਰਾਜ ਵਿਚ ਵੀ ਠੇਕੇਦਾਰਾਂ ਅਤੇ ਅਫ਼ਸਰਾਂ ਦਾ ਇਹ ਨੈਕਸਸ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਸੀ ਪਰ ਕਿਹਾ ਜਾਂਦਾ ਹੈ ਕਿ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਨੇ ਵਿਕਾਸ ਕੰਮਾਂ ਦੀ ਕੁਆਲਿਟੀ ਬਾਬਤ ਸਖ਼ਤ ਰੁਖ਼ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਨਿਗਮ ਦੇ ਅਫਸਰਾਂ ਅਤੇ ਠੇਕੇਦਾਰਾਂ ਵਿਚ ਹੜਕੰਪ ਮਚ ਗਿਆ। ਕਿਹਾ ਜਾਂਦਾ ਹੈ ਕਿ ਅਫ਼ਸਰਸ਼ਾਹੀ ਦਾ ਸੰਦੇਸ਼ ਆਉਣ ਦੇ ਬਾਅਦ ਨਿਗਮ ਦੇ ਠੇਕੇਦਾਰਾਂ ਨੇ ਵੀ ਆਪਣੇ ਸੋਸਾਇਟੀ ਦੇ ਦਫ਼ਤਰ ਵਿਚ ਇਕ ਬੈਠਕ ਕੀਤੀ। ਇਸ ਦੌਰਾਨ ਸਾਰਿਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਕਿ ਕੰਮ ਅਤਿਅੰਤ ਹੌਲੀ ਕਰ ਦਿੱਤੇ ਜਾਣ ਅਤੇ ਕੋਈ ਨਵਾਂ ਬਿੱਲ ਨਾ ਬਣਾਇਆ ਜਾਵੇ, ਨਾ ਹੀ ਕਿਸੇ ਫਾਈਲ ਨੂੰ ਡਿਲੀਟ ਕੀਤਾ ਜਾਵੇ। ਕੁਝ ਦਿਨਾਂ ਤਕ ਸਿਰਫ਼ ਇੰਤਜ਼ਾਰ ਕੀਤਾ ਜਾਵੇ।

ਸੀ. ਐੱਮ. ਦੇ ਸਾਹਮਣੇ ਕਮਿਸ਼ਨਰ ਦੇ ਅਕਸ ਨੂੰ ਖ਼ਰਾਬ ਕਰਨਾ ਵੀ ਮਕਸਦ
ਨਵੇਂ ਕਮਿਸ਼ਨਰ ਵੱਲੋਂ ਕੁਆਲਿਟੀ ਕੰਟਰੋਲ ਨੂੰ ਲੈ ਕੇ ਸਖ਼ਤ ਰੁਖ਼ ਧਾਰਨ ਕਰਨ ਦੇ ਨਾਲ-ਨਾਲ ਅਫ਼ਸਰਸ਼ਾਹੀ ਅਤੇ ਠੇਕੇਦਾਰਾਂ ਦਾ ਇਕ ਮਕਸਦ ਇਹ ਵੀ ਹੈ ਕਿ ਮੁੱਖ ਮੰਤਰੀ ਦੀਆ ਨਜ਼ਰਾਂ ਵਿਚ ਨਵੇਂ ਕਮਿਸ਼ਨਰ ਦੇ ਅਕਸ ਨੂੰ ਖਰਾਬ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕੁਝ ਹੀ ਦਿਨਾਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਆ ਰਹੇ ਹਨ ਅਤੇ ਇਸ ਦੌਰਾਨ ਉਹ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਵੀ ਕਰਨਗੇ। ਜਦੋਂ ਮੁੱਖ ਮੰਤਰੀ ਦੇ ਧਿਆਨ ਵਿਚ ਇਹ ਮਾਮਲਾ ਆਵੇਗਾ ਕਿ ਅਜੇ ਤਕ ਜਲੰਧਰ ਨਿਗਮ ਨੇ ਗ੍ਰਾਂਟ ਦੀ ਸਹੀ ਵਰਤੋਂ ਹੀ ਨਹੀਂ ਕੀਤੀ ਹੈ ਅਤੇ ਵਧੇਰੇ ਕੰਮ ਪੈਂਡਿੰਗ ਪਏ ਹਨ ਤਾਂ ਨਿਸ਼ਚਿਤ ਤੌਰ ’ਤੇ ਨਿਗਮ ਕਮਿਸ਼ਨਰ ਦੇ ਅਕਸ ’ਤੇ ਇਸ ਦਾ ਪ੍ਰਭਾਵ ਪਵੇਗਾ। ਹੁਣ ਵੇਖਣਾ ਹੈ ਕਿ ਨਿਗਮ ਦੀ ਅਫ਼ਸਰਸ਼ਾਹੀ ਅਤੇ ਠੇਕੇਦਾਰ ਆਪਣੇ ਇਸ ਮਕਸਦ ਵਿਚ ਕਿੰਨਾ ਕਾਮਯਾਬ ਹੋ ਪਾਉਂਦੇ ਹਨ।

ਇਹ ਵੀ ਪੜ੍ਹੋ- 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ

ਕੁਝ ਫਾਈਲਾਂ ਸਟੇਟ ਵਿਜੀਲੈਂਸ ਨੂੰ ਦੇਣ ਦੀ ਵੀ ਚਰਚਾ
ਦੱਬੀ ਜ਼ੁਬਾਨ ਵਿਚ ਨਿਗਮ ਦੇ ਕੁਝ ਅਧਿਕਾਰੀ ਅਤੇ ਠੇਕੇਦਾਰ ਇਹ ਸਵੀਕਾਰ ਕਰਦੇ ਹਨ ਕਿ ਹਾਲ ਹੀ ਵਿਚ ਹੋਏ ਵਿਕਾਸ ਕਾਰਜਾਂ ਨਾਲ ਸਬੰਧਤ ਕੁਝ ਫਾਈਲਾਂ ਸਟੇਟ ਵਿਜੀਲੈਂਸ ਨੂੰ ਸੌਂਪੀਆਂ ਗਈਆਂ ਹਨ ਅਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਕੰਮਾਂ ਦੀ ਜਾਂਚ ਹੁੰਦੀ ਹੈ ਤਾਂ ਅਧਿਕਾਰੀ ਅਤੇ ਠੇਕੇਦਾਰ ਦੋਵੇਂ ਫਸ ਸਕਦੇ ਹਨ। ਹਾਲਾਂਕਿ ਸਟੇਟ ਵਿਜੀਲੈਂਸ ਨੂੰ ਦਿੱਤੀਆਂ ਗਈਆਂ ਫਾਈਲਾਂ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਇਨ੍ਹਾਂ ਫਾਈਲਾਂ ਦੀ ਗਿਣਤੀ ਅੱਧੀ ਦਰਜਨ ਦੱਸੀ ਜਾ ਰਹੀ ਹੈ, ਜੋ ਮੁੱਖ ਮੰਤਰੀ ਦੀ ਗ੍ਰਾਂਟ ਨਾਲ ਹੋਏ ਕੰਮਾਂ ਨਾਲ ਸਬੰਧਤ ਹਨ। ਇਨ੍ਹਾਂ ਕੰਮਾਂ ਲਈ ਬਣੇ ਐਸਟੀਮੇਟਾਂ ਤੋਂ ਲੈ ਕੇ ਉਨ੍ਹਾਂ ਵਿਚ ਵਰਤੇ ਮਟੀਰੀਅਲ ਤਕ ਦੀ ਜਾਂਚ ਸਟੇਟ ਵਿਜੀਲੈਂਸ ਵੱਲੋਂ ਕੀਤੀ ਜਾ ਸਕਦੀ ਹੈ। ਇਸ ਡਰ ਕਾਰਨ ਸਬੰਧਤ ਅਧਿਕਾਰੀ ਅਤੇ ਠੇਕੇਦਾਰ ਕਾਫੀ ਘਬਰਾਏ ਹੋਏ ਹਨ। ਪਤਾ ਲੱਗਾ ਹੈ ਕਿ ਹਾਲ ਹੀ ਵਿਚ ਮੁਕੰਮਲ ਹੋਏ ਇਕ ਇੰਟਰਲਾਕਿੰਗ ਟਾਈਲਾਂ ਦੇ ਕੰਮ ਬਾਬਤ ਬਿੱਲ ਨੂੰ ਗਾਇਬ ਕਰ ਦਿੱਤਾ ਗਿਆ ਅਤੇ ਐੱਮ. ਬੀ. ਬੁੱਕ ਵੀ ਗੁੰਮ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਜਾਂਚ ਦੇ ਡਰ ਤੋਂ ਹੁਣ ਉਸ ਕੰਮ ਦੇ ਬਿੱਲ ਦੁਬਾਰਾ ਬਣਾਏ ਜਾ ਰਹੇ ਹਨ, ਜਿਸ ਵਿਚ ਪੁਰਾਣੀਆਂ ਇੰਟਰਲਾਕਿੰਗ ਟਾਈਲਾਂ ਦੀ ਵਰਤੋਂ ਵਿਖਾਈ ਜਾਵੇਗੀ।

ਇਹ ਵੀ ਪੜ੍ਹੋ- ਕੈਨੇਡਾ ਰਹਿੰਦੀ ਕੁੜੀ ਨਾਲ 19 ਲੱਖ 'ਚ ਪਿਆ ਰਿਸ਼ਤਾ, 3 ਸਾਲ ਮਗਰੋਂ ਸੱਚ ਜਾਣ ਹੈਰਾਨ ਰਹਿ ਗਿਆ ਮੁੰਡਾ

ਮਿੱਠਾਪੁਰ ਸਟੇਡੀਅਮ ਦੀ ਜਾਂਚ ਤੋਂ ਬਾਅਦ ਫੈਲਿਆ ਡਰ
ਜ਼ਿਕਰਯੋਗ ਹੈ ਕਿ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਨੇ ਕੁਝ ਦਿਨ ਪਹਿਲਾਂ ਸਮਾਰਟ ਸਿਟੀ ਵੱਲੋਂ ਮਿੱਠਾਪੁਰ ਵਿਚ ਕੀਤੇ ਜਾ ਰਹੇ ਸਟੇਡੀਅਮ ਦੇ ਕੰਮ ਨੂੰ ਚੈੱਕ ਕੀਤਾ ਸੀ ਅਤੇ ਲੇਜ਼ਰ ਨਾਲ ਲੈਵਲ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਸ ਕੰਮ ਵਿਚ ਕਈ ਖਾਮੀਆਂ ਪਾਈਆਂ ਗਈਆਂ ਸਨ। ਇਸ ਬਾਬਤ ਸਾਰੀ ਰਿਪੋਰਟ ਚੰਡੀਗੜ੍ਹ ਭੇਜੀ ਜਾ ਚੁੱਕੀ ਹੈ। ਉਸ ਜਾਂਚ ਤੋਂ ਬਾਅਦ ਨਿਗਮ ਦੇ ਇੰਜੀਨੀਅਰਾਂ ਨੇ ਹੜਤਾਲ ਕਰ ਦਿੱਤੀ ਸੀ, ਜਿਸ ਨੂੰ ਲੈ ਕੇ ਪੂਰਾ ਦਿਨ ਨਿਗਮ ਅਤੇ ਸਮਾਰਟ ਸਿਟੀ ਵਿਚ ਤਣਾਅਪੂਰਨ ਮਾਹੌਲ ਰਿਹਾ। ਉਸ ਕਾਂਡ ਨੇ ਨਿਗਮ ਕਮਿਸ਼ਨਰ ਅਤੇ ਨਿਗਮ ਅਧਿਕਾਰੀਆਂ, ਸੀ. ਈ. ਓ. ਅਤੇ ਸਮਾਰਟ ਸਿਟੀ ਦੇ ਅਧਿਕਾਰੀਆਂ ਦੇ ਰਿਸ਼ਤਿਆਂ ਵਿਚਕਾਰ ਖਟਾਸ ਪੈਦਾ ਕਰ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਦੀ ਗ੍ਰਾਂਟ ਨਾਲ ਸਬੰਧਤ ਕੰਮਾਂ ਦੀਆਂ ਸਾਰੀਆਂ ਫਾਈਲਾਂ ਆਪਣੇ ਕੋਲ ਮੰਗਵਾ ਲਈਆਂ ਗਈਆਂ ਸਨ, ਜਿਸ ਤੋਂ ਘਬਰਾ ਕੇ ਵੀ ਨਿਗਮ ਦੇ ਅਧਿਕਾਰੀ ਠੇਕੇਦਾਰਾਂ ਨੂੰ ਕਈ ਸੰਦੇਸ਼ ਭਿਜਵਾ ਰਹੇ ਹਨ ਅਤੇ ਕਮਿਸ਼ਨਰ ਦੇ ਤਬਾਦਲੇ ਦੀਆਂ ਕੋਸ਼ਿਸ਼ਾਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ- ਹਾਈਵੇਅ 'ਤੇ ਪਲਟੀ ਕਾਰ, ਗੁੱਸੇ 'ਚ ਮਾਲਕ ਨੇ ਕਬਾੜੀਏ ਨੂੰ ਸਿਰਫ਼ 50 ਹਜ਼ਾਰ ’ਚ ਵੇਚ ਦਿੱਤੀ ਲਗਜ਼ਰੀ ਗੱਡੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri