NRI ਨੌਜਵਾਨ ਦੇ 70 ਸਾਲਾ ਪਿਤਾ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ''ਚ ਦੱਸਿਆ ਕਾਰਨ

10/17/2018 12:57:02 PM

ਜਲੰਧਰ/ਨਕੋਦਰ— ਖਾਂਬੜਾ ਦੇ ਰਹਿਣ ਵਾਲੇ ਇਕ ਐੱਨ. ਆਰ. ਆਈ. ਨੌਜਵਾਨ ਦੇ ਪਿਤਾ ਨਿਰਮਲ ਦਾਸ (70) ਨੇ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਨਕੋਦਰ ਤੋਂ ਆਉਣ ਵਾਲੀ ਡੀ. ਐੱਮ. ਯੂ. ਜਦੋਂ ਗੜ੍ਹਾ ਫਾਟਕ ਨੇੜੇ ਪਹੁੰਚੀ ਤਾਂ ਬਜ਼ੁਰਗ ਨੇ ਟਰੇਨ ਹੇਠਾਂ ਛਾਲ ਮਾਰ ਦਿੱਤੀ। ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੂੰ ਮ੍ਰਿਤਕ ਦੇ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਬਜ਼ੁਰਗ ਨੇ ਸੁਸਾਈਡ ਦਾ ਕਾਰਨ ਜਾਇਦਾਦ 'ਚ ਲੈਣ-ਦੇਣ ਲਿਖਿਆ ਸੀ। ਏ. ਐੱਸ. ਆਈ. ਰਵਿੰਦਰ ਪਾਲ ਥਿੰਦ ਨੇ ਦੱਸਿਆ ਕਿ ਮ੍ਰਿਤਕ ਨਿਰਮਲ ਦਾਸ ਦੀ ਪਤਨੀ ਦਾ ਕਈ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਜਦਕਿ ਇਕ ਬੇਟਾ ਰਾਜਕੁਮਾਰ ਪਿਛਲੇ ਕਈ ਸਾਲ ਤੋਂ ਇਟਲੀ 'ਚ ਰਹਿ ਰਿਹਾ ਹੈ ਅਤੇ ਦੋ ਬੇਟੀਆਂ ਕਰਤਾਰਪੁਰ 'ਚ ਵਿਆਹੀਆਂ ਹੋਈਆਂ ਹਨ। 

ਏ. ਐੱਸ. ਆਈ. ਨੇ ਦੱਸਿਆ ਕਿ ਸੁਸਾਈਡ ਨੋਟ 'ਤੇ ਡਾਇਰੈਕਟ ਕਿਸੇ ਨੂੰ ਮੌਤ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ ਸਿਰਫ ਜਾਇਦਾਦ ਨੂੰ ਕਾਰਨ ਦੱਸਿਆ ਗਿਆ ਹੈ। ਪੁਲਸ ਨੇ ਮ੍ਰਿਤਕ ਦੇ ਭਰਾ ਤਰਸੇਮ ਲਾਲ ਦੇ ਬਿਆਨ ਅਤੇ ਨਿਰਮਲ ਵੱਲੋਂ ਲਿਖੇ ਗਏ ਸੁਸਾਈਟ ਨੋਟ ਦੇ ਆਧਾਰ ਦੇ 'ਤੇ ਸੀ. ਆਰ. ਪੀ. ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।