ਮਕਸੂਦਾਂ ਪੁਲਸ ਨੇ ਤਸਕਰਾਂ ''ਤੇ ਕੱਸਿਆ ਸ਼ਿਕੰਜਾ, 3 ਪਿੰਡਾਂ ’ਚ ਨਸ਼ਾ ਸਮੱਗਲਰਾਂ ਦੇ ਘਰਾਂ ’ਚ ਕੀਤੀ ਛਾਪੇਮਾਰੀ

11/05/2023 1:51:42 PM

ਜਲੰਧਰ (ਸੁਨੀਲ) : ਥਾਣਾ ਮਕਸੂਦਾਂ ਦੀ ਪੁਲਸ ਨੇ ਪਿਛਲੇ 3 ਮਹੀਨਿਆਂ ’ਚ ਪਿੰਡ-ਪਿੰਡ ਜਾ ਕੇ ਨਸ਼ਾ ਸਮੱਗਲਰਾਂ ਅਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਦੀ ਲਿਸਟ ਬਣਾਈ ਸੀ ਅਤੇ ਨਸ਼ੇ ਕਰਨ ਵਾਲਿਆਂ ਨੂੰ ਸਮਝਾਇਆ ਸੀ ਕਿ ਨਸ਼ਿਆਂ ਨੂੰ ਤਿਆਗਣ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ। ਇਸੇ ਸਬੰਧੀ ਥਾਣਾ ਮਕਸੂਦਾਂ ਦੇ ਐੱਸ.ਐੱਚ.ਓ. ਸਿਕੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਲਗਭਗ 2 ਮਹੀਨੇ ਪਹਿਲਾਂ ਨਿਰਦੇਸ਼ ਜਾਰੀ ਕੀਤੇ ਸਨ ਕਿ ਪੁਲਸ ਪਿੰਡ-ਪਿੰਡ ਜਾ ਕੇ ਨਸ਼ਿਆਂ ਨੂੰ ਤਿਆਗਣ ਲਈ ਸੈਮੀਨਾਰ ਲਾਵੇਗੀ ਅਤੇ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰੇਗੀ।

ਉਨ੍ਹਾਂ ਕਿਹਾ ਕਿ ਇਸੇ ਮੰਤਵ ਨਾਲ ਉਨ੍ਹਾਂ ਨੇ ਆਪਣੀ ਟੀਮ ਸਮੇਤ 40 ਪਿੰਡਾਂ ਵਿਚ ਜਾ ਕੇ ਕਈ ਵਾਰ ਸੈਮੀਨਾਰ ਲਾਏ ਸਨ ਅਤੇ ਇਸ ਦੌਰਾਨ ਪੁਲਸ ਦੀਆਂ ਟੀਮਾਂ ਨੇ ਲੋਕਾਂ ਦੀ ਮਦਦ ਨਾਲ ਨਸ਼ਿਆਂ ਦੇ ਸੌਦਾਗਰਾਂ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੀ ਲਿਸਟ ਬਣਾਈ ਸੀ। ਇਸ ਲਿਸਟ ਵਿਚ ਜਿਹੜੇ ਨਸ਼ਾ ਸਮੱਗਲਰਾਂ ਦੇ ਨਾਂ ਸਾਹਮਣੇ ਆਏ ਸਨ, ਉਨ੍ਹਾਂ ’ਤੇ ਪੁਲਸ ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਸੀ, ਜਿਸ ਕਾਰਨ ਉਹ ਇਲਾਕੇ ਵਿਚੋਂ ਫ਼ਰਾਰ ਹੋ ਗਏ ਸਨ। ਉਨ੍ਹਾਂ ਆਪਣੀਆਂ ਟੀਮਾਂ ਨਾਲ ਨੰਗਲ-ਸਲੇਮਪੁਰ, ਸ਼ੇਖੇ ਅਤੇ ਭੂਤ ਕਾਲੋਨੀ ਤੋਂ ਨੰਗਲ ਸਲੇਮਪੁਰ ਨੂੰ ਜਾਂਦੀ ਸੜਕ ’ਤੇ ਸਮੱਗਲਰਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਭਾਵੇਂ ਉਨ੍ਹਾਂ ਨੂੰ ਕੋਈ ਨਸ਼ਾ ਸਮੱਗਲਰ ਨਹੀਂ ਮਿਲਿਆ ਪਰ ਨਸ਼ਾ ਸਮੱਗਲਰਾਂ ਦੇ ਮਨ ਵਿਚ ਪੁਲਸ ਦਾ ਡਰ ਜ਼ਰੂਰ ਬੈਠ ਗਿਆ ਹੈ ਕਿ ਜੇਕਰ ਉਨ੍ਹਾਂ ਨਸ਼ਾ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫੜੇ ਜਾਣਗੇ। ਪੁਲਸ ਫਿਲਹਾਲ ਸ਼ਰਾਰਤੀ ਅਨਸਰਾਂ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ ਅਤੇ ਉਨ੍ਹਾਂ ਨੂੰ ਵਾਰਨਿੰਗ ਦੇਣ ਤੋਂ ਬਾਅਦ ਸ਼ਾਮ ਸਮੇਂ ਛੱਡ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਦਿਲ ਵਲੂੰਧਰਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਭਾਖੜਾ ਨਹਿਰ ’ਚ ਮਾਰੀਆਂ ਛਾਲਾਂ

ਤਿਉਹਾਰਾਂ ਦੇ ਸਬੰਧ ’ਚ ਕੀਤੀ ਨਾਕਾਬੰਦੀ
ਤਿਉਹਾਰਾਂ ਨੂੰ ਲੈ ਕੇ ਥਾਣਾ ਮਕਸੂਦਾਂ ਦੀ ਪੁਲਸ ਨੇ ਕਈ ਥਾਵਾਂ ’ਤੇ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਾਪਿੰਗ ਕਰਨ ਵਾਲੇ ਕਿਸੇ ਵੀ ਰਾਹਗੀਰ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਥਾਣਾ ਮਕਸੂਦਾਂ ਦੇ ਐੱਸ.ਐੱਚ.ਓ. ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਨਾਕੇਬੰਦੀ ਦੌਰਾਨ ਕਈ ਗੱਡੀਆਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਲੁਟੇਰਿਆਂ ਦੀ ਨਕੇਲ ਕੱਸੀ ਜਾ ਰਹੀ ਹੈ। ਰਾਏਪੁਰ ਅੱਡੇ ’ਤੇ ਸਬ-ਇੰਸ. ਰਾਬੀਆ ਨੇ ਪੁਲਸ ਪਾਰਟੀ ਸਮੇਤ ਹੈਵੀ ਵ੍ਹੀਕਲਜ਼ ਸਮੇਤ ਕਈ ਵਾਹਨਾਂ ਦੇ ਚਲਾਨ ਕੱਟੇ।

ਇਹ ਵੀ ਪੜ੍ਹੋ : ਚਿਤਾਵਨੀ : ਕਿਤੇ ਪੰਜਾਬ ਦਾ ਵੀ ਨਾ ਹੋ ਜਾਵੇ ਰੇਗਿਸਤਾਨ ਵਾਲਾ ਹਾਲ!

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh