ਬਿਨਾਂ ਬਿੱਲਾਂ ਦੇ ਮੱਕੀ ਦੇ ਬੀਜ ਦੀ ਵਿਕਰੀ ਕਰ ਰਿਹੈ ਖੇਤੀਬਾੜੀ ਮਹਿਕਮਾ

05/28/2020 1:57:53 AM

ਗੜ੍ਹਸ਼ੰਕਰ,(ਸ਼ੋਰੀ) : ਖੇਤੀਬਾੜੀ ਮਹਿਕਮੇ ਵੱਲੋਂ ਜੋ ਮੱਕੀ ਦੇ ਬੀਜ ਦੀ ਵਿਕਰੀ ਕੀਤੀ ਜਾ ਰਹੀ ਹੈ, ਉਸ ਦਾ ਬਿੱਲ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਖੇਤੀਬਾੜੀ ਵਿਭਾਗ ਤੋਂ ਬੀਜ ਖਰੀਦਦੇ ਹੋ ਤਾਂ ਤੁਹਾਨੂੰ ਸਬਸਿਡੀ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇਗੀ। ਜਦਕਿ ਸਰਕਾਰ ਦੀ ਪਾਲਿਸੀ ਹੈ ਕਿ ਜੇਕਰ ਕਿਸਾਨ ਕਿਸੇ ਰਜਿਸਟਰਡ ਡੀਲਰ ਤੋਂ ਵੀ ਬੀਜ ਖਰੀਦਦਾ ਹੈ ਤਾਂ ਉਹ ਕਿਸਾਨ ਆਪਣੀ ਖਰੀਦ ਬਿੱਲ ਨੂੰ ਆਧਾਰ ਬਣਾ ਕੇ ਸਬਸਿਡੀ ਲਈ ਮਹਿਕਮੇ ਕੋਲ ਆਪਣੀ ਦਰਖਾਸਤ ਦੇ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿਚ ਜੋ ਬੀਜ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ, ਉਸ ਤੋਂ ਘੱਟ ਰੇਟਾਂ 'ਤੇ ਬੀਜ ਬਾਜ਼ਾਰ ਵਿਚ ਕਿਸਾਨਾਂ ਨੂੰ ਮਿਲ ਰਹੇ ਹਨ ਪਰ ਸਬਸਿਡੀ ਦੇ ਚੱਕਰ ਵਿਚ ਕਿਸਾਨ ਖੇਤੀਬਾੜੀ ਮਹਿਕਮੇ ਤੋਂ ਹੀ ਬੀਜ ਲੈਣ ਨੂੰ ਪਹਿਲ ਦੇ ਰਿਹਾ ਹੈ।

ਮੱਕੀ ਦੀ ਪੈਦਾਵਾਰ ਨੂੰ ਵਧਾਉਣ ਦਾ ਹੈ ਸਾਡਾ ਟੀਚਾ
ਸੰਪਰਕ ਕਰਨ ਤੇ ਮੁੱਖ ਜ਼ਿਲਾ ਖੇਤੀਬਾੜੀ ਅਫ਼ਸਰ ਵਿਨੇ ਕੁਮਾਰ ਨੇ ਦੱਸਿਆ ਕਿ ਬਿੱਲ ਤਾਂ ਮਹਿਕਮੇ ਵੱਲੋਂ ਨਹੀਂ ਦਿੱਤੇ ਜਾ ਰਹੇ ਪਰ ਨਾਲ ਹੀ ਕਿਹਾ ਕਿ ਜਿਵੇਂ ਹੀ ਸਰਕਾਰ ਦਾ ਸਬਸਿਡੀ ਲਈ ਸਪੱਸ਼ਟ ਐਲਾਨ ਹੋਵੇਗਾ ਤਾਂ ਸਾਰੇ ਕਿਸਾਨਾਂ ਨੂੰ ਬਿੱਲ ਕੱਟ ਕੇ ਉਨ੍ਹਾਂ ਦੇ ਖਾਤੇ ਵਿਚ ਸਬਸਿਡੀ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜੋ ਰੇਟ ਤੈਅ ਕੀਤੇ ਗਏ ਹਨ ਉਨ੍ਹਾਂ ਰੇਟਾਂ 'ਤੇ ਹੀ ਕਿਸਾਨਾਂ ਨੂੰ ਬੀਜ ਦਿੱਤੇ ਜਾ ਰਹੇ ਹਨ। ਜੇਕਰ ਮਾਰਕੀਟ ਵਿਚ ਘੱਟ ਰੇਟ 'ਤੇ ਬੀਜ ਮਿਲਦੇ ਹਨ ਤਾਂ ਉਸ ਬਾਰੇ ਸਬੰਧਤ ਕੰਪਨੀਆਂ ਦੇ ਧਿਆਨ ਵਿਚ ਲਿਆਉਣਗੇ। 

ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਜ਼ਿਲੇ ਵਿਚ ਮੱਕੀ ਅਧੀਨ ਵੱਧ ਤੋਂ ਵੱਧ ਰਕਬਾ ਲੈ ਕੇ ਆਉਣ ਦਾ ਹੈ। ਗੜ੍ਹਸ਼ੰਕਰ ਤੋਂ ਖੇਤੀਬਾੜੀ ਅਧਿਕਾਰੀ ਸੁਭਾਸ਼ ਚੰਦਰ ਅਨੁਸਾਰ ਹੁਣ ਤੱਕ 200 ਤੋਂ ਵੱਧ ਕਿਸਾਨਾਂ ਨੇ ਮੱਕੀ ਦਾ ਬੀਜ ਮਹਿਕਮੇ ਤੋਂ ਖ਼ਰੀਦਿਆ ਹੈ। ਜਦਕਿ ਡੀਲਰਾਂ ਰਾਹੀਂ 10 ਤੋਂ 15 ਕਿਸਾਨਾਂ ਨੇ ਬੀਜ ਖਰੀਦ ਕੇ ਸਬਸਿਡੀ ਲਈ ਅਪਲਾਈ ਕੀਤਾ ਹੈ। ਸਰਕਾਰ ਨੇ ਸਾਨੂੰ ਕੋਈ ਰਿਲੀਜ਼ ਆਰਡਰ ਨਹੀਂ ਦਿੱਤਾ ਮੱਕੀ ਦਾ ਬੀਜ ਬਣਾਉਣ ਵਾਲੀ ਕੰਪਨੀ ਪਾਯੋਨੀਅਰ ਤੋਂ ਸੇਲ ਅਧਿਕਾਰੀ ਯੋਗੇਸ਼ ਚੌਧਰੀ ਨੇ ਦੱਸਿਆ ਕਿ ਸਰਕਾਰ ਨੇ ਕੋਈ ਬੀਜ ਕੰਪਨੀ ਤੋਂ ਸਿੱਧੇ ਤੌਰ 'ਤੇ ਨਹੀਂ ਲਿਆ। ਜੋ ਵੀ ਬੀਜ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਵਿਚ ਉਪਲੱਬਧ ਹੈ ਉਹ ਕੰਪਨੀ ਦੇ ਸੇਲ ਨੈੱਟਵਰਕ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸਾਨ ਨੂੰ ਬਿੱਲ ਦਿੱਤਾ ਜਾਣਾ ਚਾਹੀਦਾ ਹੈ।
 

ਸਬਸਿਡੀ ਦੇ ਨਾਂ 'ਤੇ ਲੋਕਾਂ ਦੀ ਹੋ ਰਹੀ ਲੁੱਟ : ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 28 ਮਈ ਨੂੰ ਪੰਜਾਬ ਦੇ ਸਾਰੇ ਜ਼ਿਲਾ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਵਿਚ ਇਕ ਮੰਗ-ਪੱਤਰ ਦਿੱਤਾ ਜਾ ਰਿਹਾ ਹੈ। ਡਾ. ਚੀਮਾ ਨੇ ਹੈਰਾਨੀ ਪ੍ਰਗਟ ਕਰਦੇ ਕਿਹਾ ਕਿ ਜੇ ਸਰਕਾਰ ਨੇ ਬੀਜ ਖ਼ਰੀਦਿਆ ਨਹੀਂ ਤਾਂ ਵੇਚ ਕਿਸ ਤਰ੍ਹਾਂ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਧਰੇ ਸਬਸਿਡੀ ਦੇ ਨਾਂ 'ਤੇ ਕਿਸਾਨਾਂ ਦੀ ਲੁੱਟ ਤਾਂ ਨਹੀਂ ਹੋ ਰਹੀ।

Deepak Kumar

This news is Content Editor Deepak Kumar