ਪੋਲਿੰਗ ਦੇ ਦਿਨ ਹਰ ਵਾਰਡ ''ਚ 1 ਏ. ਡੀ. ਸੀ. ਪੀ. ਤੇ 3 ਏ. ਸੀ. ਪੀ. ਹੋਣਗੇ ਤਾਇਨਾਤ : ਪਲਸ ਕਮਿਸ਼ਨਰ

05/15/2019 5:07:17 PM

ਜਲੰਧਰ (ਸੁਧੀਰ)— ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ 'ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬੀਤੇ ਦਿਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਲਈ ਕਮਿਸ਼ਨਰੇਟ ਪੁਲਸ ਦੇ ਸਮੁੱਚੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ 'ਚ ਡੀ. ਸੀ. ਪੀ. ਗੁਰਮੀਤ ਸਿੰਘ ਅਤੇ ਏ. ਡੀ. ਸੀ. ਪੀ. ਸਿਟੀ-1 ਡੀ. ਸੂਡਰਵਿਜੀ ਅਤੇ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਸਣੇ ਕਮਿਸ਼ਨਰੇਟ ਪੁਲਸ ਦੇ ਹੋਰ ਅਧਿਕਾਰੀ ਵੀ ਖਾਸ ਤੌਰ 'ਤੇ ਪਹੁੰਚੇ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੋਲਿੰਗ ਵਾਲੇ ਦਿਨ ਸੁਰੱਖਿਆ ਦੇ ਮੱਦੇਨਜ਼ਰ ਹਰ ਵਾਰਡ ਵਿਚ ਇਕ ਏ. ਡੀ. ਸੀ. ਪੀ., 3 ਏ. ਸੀ. ਪੀ. ਰੈਂਕ ਦੇ ਅਧਿਕਾਰੀ ਭਾਰੀ ਪੁਲਸ ਫੋਰਸ ਸਮੇਤ ਤਾਇਨਾਤ ਕੀਤੇ ਜਾਣਗੇ, ਜਿਸ ਦੇ ਨਾਲ ਹੀ ਪੋਲਿੰਗ ਵਾਲੇ ਦਿਨ ਹੀ ਨੀਮ ਫੌਜੀ ਦਸਤਿਆਂ ਦੀ ਤਾਇਨਾਤੀ ਦਾ ਵੀ ਕਮਿਸ਼ਨਰੇਟ ਪੁਲਸ ਵਲੋਂ ਪਲਾਨ ਤਿਆਰ ਕੀਤਾ ਗਿਆ ਹੈ। ਭੁੱਲਰ ਨੇ ਦੱਸਿਆ ਕਿ ਪੋਲਿੰਗ ਵਾਲੇ ਦਿਨ ਹੀ ਸ਼ਹਿਰ ਦੇ ਸੈਂਸੇਟਿਵ ਪੁਆਇੰਟਾਂ 'ਤੇ ਪੈਟਰੋਲਿੰਗ ਪਾਰਟੀ ਵਿਚ 66 ਹੋਰ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਸ਼ਹਿਰ 'ਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ 123 ਨਾਕਿਆਂ ਤੋਂ ਇਲਾਵਾ 28 ਹੋਰ ਨਾਕੇ ਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਚੋਣਾਂ ਹੋਣ ਤੱਕ ਪੂਰੇ ਸ਼ਹਿਰ 'ਚ ਰੋਜ਼ਾਨਾ ਕਮਿਸ਼ਨਰੇਟ ਪੁਲਸ ਅਧਿਕਾਰੀ ਨੀਮ ਫੌਜੀ ਦਸਤਿਆਂ ਨਾਲ ਰੋਜ਼ਾਨਾ ਫਲੈਗ ਮਾਰਚ ਕੱਢਣਗੇ। ਪੁਲਸ ਕਮਿਸ਼ਨਰ ਸ਼੍ਰੀ ਭੁੱਲਰ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਕਈ ਥਾਵਾਂ 'ਤੇ ਗੁਪਤ ਸੀ. ਸੀ. ਟੀ. ਵੀ. ਕੈਮਰੇ ਵੀ ਲਗਵਾਏ ਹਨ। ਉਨ੍ਹਾਂ ਦੱਸਿਆ ਕਿ ਪੋਲਿੰਗ ਵਾਲੇ ਦਿਨ ਕਮਿਸ਼ਨਰੇਟ ਪੁਲਸ ਦੀ ਤੀਜੀ ਅੱਖ ਸ਼ੱਕੀ ਲੋਕਾਂ 'ਤੇ ਖਾਸ ਨਜ਼ਰ ਰੱਖੇਗੀ।


85 ਲੱਖ ਦੀ ਨਕਦੀ ਅਤੇ ਵੱਡੀ ਗਿਣਤੀ 'ਚ ਬਰਾਮਦ ਕੀਤੇ ਨਸ਼ੇ ਵਾਲੇ ਪਦਾਰਥ
ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਪੁਖਤਾ ਪ੍ਰਬੰਧਾਂ ਕਾਰਨ ਪੁਲਸ ਨੇ ਹੁਣ ਤੱਕ 85585 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਨਸ਼ਾ ਸਮੱਗਲਰਾਂ ਕੋਲੋਂ ਪੁਲਸ ਨੇ 382 ਕਿਲੋ ਗ੍ਰਾਮ ਚੂਰਾ-ਪੋਸਤ, 3175 ਨਸ਼ੇ ਵਾਲੇ ਕੈਪਸੂਲ, 900 ਗੋਲੀਆਂ, 197 ਇੰਜੈਕਸ਼ਨ, 335 ਗ੍ਰਾਮ ਨਸ਼ੇ ਵਾਲਾ ਪਾਊਡਰ, 10145.5 ਲੀਟਰ ਸ਼ਰਾਬ ਬਰਾਮਦ ਕੀਤੀ ਹੈ ਅਤੇ 10 ਨਾਜਾਇਜ਼ ਹਥਿਆਰਾਂ ਸਣੇ 68 ਕਾਰਤੂਸ ਬਰਾਮਦ ਕੀਤੇ ਹਨ।
ਸੀ. ਆਰ. ਪੀ., ਆਈ. ਟੀ. ਬੀ. ਪੀ. ਦੇ ਅਧਿਕਾਰੀਆਂ ਨਾਲ ਭੰਡਾਲ ਨੇ ਕੀਤੀ ਮੀਟਿੰਗ
ਚੋਣਾਂ ਨੇੜੇ ਆਉਂਦਿਆਂ ਹੀ ਸ਼ਹਿਰ 'ਚ ਸੁਰੱਖਿਆ ਦੇ ਮੱਦੇਨਜ਼ਰ ਬੀਤੇ ਦਿਨ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਸੀ. ਆਰ. ਪੀ. ਐੱਫ., ਆਈ. ਟੀ. ਬੀ. ਪੀ. ਅਤੇ ਹੋਰ ਨੀਮ ਫੌਜੀ ਦਸਤਿਆਂ ਦੇ ਅਧਿਕਾਰੀਆਂ ਨਾਲ ਖਾਸ ਮੀਟਿੰਗ ਕੀਤੀ। ਇਸ ਦੇ ਨਾਲ ਹੀ ਕਮਿਸ਼ਨਰੇਟ ਪੁਲਸ ਦੇ 8 ਥਾਣਿਆਂ ਦੇ ਇੰਚਾਰਜ ਅਤੇ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ, ਏ. ਸੀ. ਪੀ. ਮਾਡਲ ਟਾਊਨ ਧਰਮਪਾਲ, ਏ. ਸੀ. ਪੀ. ਕੈਂਟ ਰਵਿੰਦਰ ਸਿੰਘ ਵੀ ਮੀਟਿੰਗ ਵਿਚ ਸ਼ਾਮਲ ਹੋਏ। ਭੰਡਾਲ ਨੇ ਦੱਸਿਆ ਕਿ ਪੋਲਿੰਗ ਵਾਲੇ ਦਿਨ ਰੋਜ਼ਾਨਾ ਸ਼ਹਿਰ ਵਿਚ 24 ਘੰਟੇ ਲੋਕੇਸ਼ਨ ਬਦਲ-ਬਦਲ ਕੇ ਨਾਕੇ ਲਾਉਣ। ਉਨ੍ਹਾਂ ਦੱਸਿਆ ਕਿ ਹਰ ਨਾਕਾ 4-4 ਘੰਟੇ ਦੀ ਸ਼ਿਫਟ ਵਿਚ ਹੋਵੇਗਾ, ਜਿਸ ਦੇ ਨਾਲ ਹੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਅਤੇ ਨੀਮ ਫੌਜੀ ਦਸਤਿਆਂ ਦੇ ਅਧਿਕਾਰੀ ਨਾਕਿਆਂ 'ਤੇ ਤਾਇਨਾਤ ਹੋ ਕੇ ਸੁਰੱਖਿਆ ਪ੍ਰਬੰੰਧਾਂ ਦਾ ਜਾਇਜ਼ਾ ਲੈਣਗੇ।


ਟ੍ਰੈਫਿਕ ਵਿਵਸਥਾ ਨੂੰ ਵੀ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ
ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਇਆ ਜਾਵੇਗਾ, ਜਿਸ ਦੇ ਲਈ ਸ਼ਹਿਰ ਵਿਚ ਟਰੈਫਿਕ ਪੁਲਸ ਨੂੰ ਵੀ ਖਾਸ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ਤੇ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਹੈ ਤਾਂ ਜੋ ਨਾਜਾਇਜ਼ ਕਬਜ਼ੇ ਟਰੈਫਿਕ ਲਈ ਅੜਿੱਕਾ ਨਾ ਬਣਨ।
ਪੁਲਸ ਕਮਿਸ਼ਨਰ ਨਿਕਲੇ ਖੁਦ ਫੀਲਡ 'ਚ, ਰੇਲਵੇ ਸਟੇਸ਼ਨ, ਬੱਸ ਸਟੈਂਡ 'ਚ ਚੱਲੀ ਸਰਚ ਮੁਹਿੰਮ
ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਨਾਕਿਆਂ ਤੋਂ ਫੀਡਬੈਕ ਲੈਣ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇਰ ਸ਼ਾਮ ਖੁਦ ਫੀਲਡ ਵਿਚ ਨਿਕਲੇ ਅਤੇ ਉਨ੍ਹਾਂ ਸ਼ਹਿਰ ਵਿਚ ਕਈ ਨਾਕਿਆਂ ਨੂੰ ਚੈੱਕ ਕੀਤਾ ਅਤੇ ਨਾਕਿਆਂ 'ਤੇ ਖੜ੍ਹੇ ਪੁਲਸ ਮੁਲਾਜ਼ਮਾਂ ਤੋਂ ਫੀਡਬੈਕ ਵੀ ਲਿਆ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਪੁਲਸ ਫੋਰਸ ਨੇ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਹੋਰ ਕਈ ਥਾਵਾਂ 'ਤੇ ਡਾਗ ਸਕੁਐਡ ਦੀ ਮਦਦ ਨਾਲ ਚੈਕਿੰਗ ਮੁਹਿੰਮ ਚਲਾਈ ਅਤੇ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ।

shivani attri

This news is Content Editor shivani attri