ਟਰੇਨਾਂ ਦੀ ਲੇਟ-ਲਤੀਫ਼ੀ: ਕਈ ਰੂਟਾਂ ’ਤੇ ਬੱਸਾਂ ਦੀ ਸ਼ਾਰਟੇਜ, ਕਾਊਂਟਰਾਂ ’ਤੇ ਘੰਟਿਆਂਬੱਧੀ ਉਡੀਕ ਬਣੀ ‘ਪ੍ਰੇਸ਼ਾਨੀ ਦਾ ਸਬੱਬ’

12/03/2023 11:40:02 AM

ਜਲੰਧਰ (ਪੁਨੀਤ)–ਸਰਦੀ ਦੇ ਮੌਸਮ ਵਿਚ ਧੁੰਦ ਕਾਰਨ ਟਰੇਨਾਂ ਦੀ ਲੇਟ-ਲਤੀਫ਼ੀ ਰਹਿੰਦੀ ਹੈ, ਇਸ ਕਾਰਨ ਯਾਤਰੀ ਬੱਸਾਂ ਵਿਚ ਸਫ਼ਰ ਕਰਨ ਨੂੰ ਮਹੱਤਵ ਦਿੰਦੇ ਹਨ ਤਾਂ ਕਿ ਉਨ੍ਹਾਂ ਦਾ ਸਮਾਂ ਬਚ ਸਕੇ ਪਰ ਕਈ ਰੂਟਾਂ ’ਤੇ ਬੱਸਾਂ ਦੀ ਘਾਟ ਕਾਰਨ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਸਮੇਤ ਵੱਖ-ਵੱਖ ਰੂਟਾਂ ’ਤੇ ਆਉਣ ਵਾਲੇ ਯਾਤਰੀਆਂ ਨੂੰ ਲੰਮੇ ਸਮੇਂ ਤਕ ਕਾਊਂਟਰਾਂ ’ਤੇ ਬੱਸਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜੋਕਿ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਯਾਤਰੀਆਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਅਸਲੀਅਤ ਇਹ ਹੈ ਕਿ ਵੱਖ-ਵੱਖ ਰੂਟਾਂ ’ਤੇ ਬੱਸਾਂ ਦੀ ਸ਼ਾਰਟੇਜ ਹੈ।

ਬੱਸਾਂ ਦੀ ਸ਼ਾਰਟੇਜ ਕਾਰਨ ਇਕ ਪਾਸੇ ਯਾਤਰੀਆਂ ਨੂੰ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ, ਦੂਜੇ ਪਾਸੇ ਵਿਭਾਗ ਨੂੰ ਲੱਖਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਥੇ ਹੀ, ਬੱਸ ਅੱਡੇ ਦੇ ਬਾਹਰ ਤੇ ਰਾਮਾ ਮੰਡੀ ਵਿਚ ਬੱਸਾਂ ਰੁਕਣ ਵਾਲੀਆਂ ਥਾਵਾਂ ਤੋਂ ਨਾਜਾਇਜ਼ ਬੱਸਾਂ ਯਾਤਰੀਆਂ ਨੂੰ ਚੁੱਕਦੀਆਂ ਦੇਖੀਆਂ ਜਾ ਸਕਦੀਆਂ ਹਨ। ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਵੱਲੋਂ ਨਾਜਾਇਜ਼ ਬੱਸਾਂ ਖ਼ਿਲਾਫ਼ ਮੁਹਿੰਮ ਚਲਾ ਕੇ ਅੰਮ੍ਰਿਤਸਰ ਰੂਟ ’ਤੇ ਕਈ ਬੱਸਾਂ ਦੇ ਚਲਾਨ ਕੀਤੇ ਗਏ ਸਨ। ਇਸ ਤੋਂ ਬਾਅਦ ਕੁਝ ਸਮੇਂ ਲਈ ਨਾਜਾਇਜ਼ ਬੱਸਾਂ ਘੱਟ ਹੋਈਆਂ ਪਰ ਹੁਣ ਫਿਰ ਤੋਂ ਨਾਜਾਇਜ਼ ਬੱਸਾਂ ਦੀ ਭਰਮਾਰ ਸੁਣਨ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਵਿਦੇਸ਼ ਦਾ ਵੀਜ਼ਾ, 50 ਫ਼ੀਸਦੀ ਅਰਜ਼ੀਆਂ ਰੱਦ

ਟਰੇਨਾਂ ਦੀ ਬਜਾਏ ਬੱਸਾਂ ਵਿਚ ਸਫ਼ਰ ਕਰਨ ਦੀ ਯੋਜਨਾ ਬਣਾ ਕੇ ਬੱਸ ਅੱਡੇ ਵਿਚ ਆਉਣ ਵਾਲੇ ਯਾਤਰੀਆਂ ਲਈ ਇੰਤਜ਼ਾਰ ਕਰਨਾ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਮੁੱਖ ਤੌਰ ’ਤੇ ਅੰਮ੍ਰਿਤਸਰ ਰੂਟ ’ਤੇ ਜਾਣ ਵਾਲੇ ਯਾਤਰੀਆਂ ਨੂੰ ਰੋਜ਼ਾਨਾ ਦਿੱਕਤਾਂ ਪੇਸ਼ ਆ ਰਹੀਆਂ ਹਨ। ਬੱਸ ਅੱਡੇ ਵਿਚ ਅੰਮ੍ਰਿਤਸਰ ਰੂਟ ਲਈ ਪੰਜਾਬ ਰੋਡਵੇਜ਼ ਜਲੰਧਰ-1 ਅਤੇ 2 ਦਾ ਵੱਖ ਕਾਊਂਟਰ ਸਥਾਪਤ ਹੈ, ਜਿਸ ਕਾਰਨ ਅੰਮ੍ਰਿਤਸਰ ਲਈ ਬੱਸਾਂ ਰਵਾਨਾ ਲਈ ਸ਼ਡਿਊਲ ਦੀ ਵੀ ਲੋੜ ਨਹੀਂ। ਵਿਭਾਗ ਨੇ ਆਪਸੀ ਤਾਲਮੇਲ ਨਾਲ ਸਵੇਰੇ 6 ਤੋਂ ਸ਼ਾਮ ਤਕ ਦੋਵਾਂ ਡਿਪੂਆਂ ਵਿਚ ਅੱਧੇ-ਅੱਧੇ ਘੰਟੇ ਲਈ ਸਮਾਂ ਨਿਰਧਾਰਿਤ ਕੀਤਾ ਹੈ। ਇਸ ਦੇ ਬਾਵਜੂਦ ਅੰਮ੍ਰਿਤਸਰ ਰੂਟ ਲਈ ਸਰਕਾਰੀ ਬੱਸਾਂ ਦੀ ਵੱਡੀ ਸ਼ਾਰਟੇਜ ਦੇਖਣ ਨੂੰ ਮਿਲ ਰਹੀ ਹੈ, ਜੋ ਕਿ ਯਾਤਰੀਆਂ ਲਈ ਵੱਡੀ ਸਮੱਸਿਆ ਬਣ ਰਹੀ ਹੈ।

ਯਾਤਰੀਆਂ ਦਾ ਕਹਿਣਾ ਹੈ ਕਿ ਉਹ ਟਰੇਨਾਂ ਦੀ ਥਾਂ ਬੱਸਾਂ ਵਿਚ ਸਫਰ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਸਮੇਂ ’ਤੇ ਆਪਣੀ ਮੰਜ਼ਿਲ ਤਕ ਪਹੁੰਚ ਸਕਣ। ਬੱਸ ਅੱਡੇ ਵਿਚ ਦੇਖਣ ਵਿਚ ਆਉਂਦਾ ਹੈ ਕਿ ਸ਼ਾਮ 4 ਵਜੇ ਤੋਂ ਬਾਅਦ ਅੰਮ੍ਰਿਤਸਰ ਲਈ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਨਾਮਾਤਰ ਦੇਖਣ ਨੂੰ ਮਿਲਦੀ ਹੈ, ਜਿਸ ਕਾਰਨ ਯਾਤਰੀ ਮੁੱਖ ਤੌਰ ’ਤੇ ਸਰਕਾਰੀ ਬੱਸਾਂ ’ਤੇ ਨਿਰਭਰ ਹਨ। ਹਾਲਤ ਇਹ ਹੈ ਕਿ ਅੰਮ੍ਰਿਤਸਰ ਰੂਟ ’ਤੇ ਜਾਣ ਵਾਲੇ ਯਾਤਰੀਆਂ ਨੂੰ ਸਰਕਾਰੀ ਬੱਸਾਂ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ। ਰੋਜ਼ਾਨਾ ਆ ਰਹੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ, ਜਿਸ ਕਾਰਨ ਯਾਤਰੀ ਵਿਭਾਗੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਅੰਮ੍ਰਿਤਸਰ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।

ਔਰਤਾਂ ਦੀ ਮੰਗ-ਮੁਫ਼ਤ ਸਫ਼ਰ ਲਈ ਇੰਤਜ਼ਾਮ ਕਰੇ ਸਰਕਾਰ
ਔਰਤਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਯੋਜਨਾ ਚਲਾਈ ਜਾ ਰਹੀ ਹੈ ਪਰ ਬੱਸਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਟਿਕਟ ਖ਼ਰੀਦ ਕੇ ਬੱਸਾਂ ਵਿਚ ਸਫ਼ਰ ਕਰਨ ’ਤੇ ਮਜਬੂਰ ਹੋਣਾ ਪੈਂਦਾ ਹੈ। ਔਰਤਾਂ ਦੀ ਮੰਗ ਹੈ ਕਿ ਮੁਫਤ ਸਫਰ ਦੀ ਸਹੂਲਤ ਢੰਗ ਨਾਲ ਮੁਹੱਈਆ ਕਰਵਾਉਣ ਲਈ ਸਰਕਾਰ ਨੂੰ ਬੱਸਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ।

ਰਾਤ ਦੇ ਸਮੇਂ ਬੱਸਾਂ ਨਾ ਮਿਲਣਾ ਬਣ ਰਿਹਾ ਦਿੱਕਤ
ਵੇਖਣ ਵਿਚ ਆ ਰਿਹਾ ਹੈ ਕਿ ਰਾਤ ਦੇ ਸਮੇਂ ਬੱਸਾਂ ਨਾ ਮਿਲਣਾ ਯਾਤਰੀਆਂ ਲਈ ਵੱਡੀ ਦਿੱਕਤ ਸਾਹਮਣੇ ਆ ਰਿਹਾ ਹੈ। ਸਰਕਾਰੀ ਬੱਸਾਂ ਨਾ ਆਉਣ ਦੀ ਸੂਰਤ ਵਿਚ ਯਾਤਰੀਆਂ ਨੂੰ ਬੱਸ ਅੱਡੇ ਦੇ ਬਾਹਰੋਂ ਪ੍ਰਾਈਵੇਟ ਬੱਸਾਂ ਵਿਚ ਸਫਰ ਕਰਨ ’ਤੇ ਮਜਬੂਰ ਹੋਣਾ ਪੈਂਦਾ ਹੈ। ਯਾਤਰੀਆਂ ਦੀ ਮੰਗ ਹੈ ਕਿ ਰਾਤ ਸਮੇਂ ਬੱਸਾਂ ਦੀ ਆਵਾਜਾਈ ਵਧਾਈ ਜਾਵੇ ਤਾਂ ਕਿ ਲੋਕਾਂ ਨੂੰ ਆਉਣ-ਜਾਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।

ਇਹ ਵੀ ਪੜ੍ਹੋ : ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ ਹੋਰ ਵੱਡਾ ਕਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri